ਅਨੁਰਿਧ ਤਿਵਾੜੀ ਦੀ ਥਾਂ ਵੀ.ਕੇ.ਜੰਜੂਆਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ
ਬੀ.ਕੇ.ਭਾਵੜਾ ਦੇ ਛੁੱਟੀ ਜਾਣ ਤੋਂ ਬਾਅਦ ਗੌਰਵ ਯਾਦਵ ਨੇ ਸੰਭਾਲਿਆ ਪੰਜਾਬ ਦੇ ਕਾਰਜ਼ਕਾਰੀ ਡੀਜੀਪੀ ਦਾ ਚਾਰਜ਼
ਸੁਖਜਿੰਦਰ ਮਾਨ
ਚੰਡੀਗੜ੍ਹ,5 ਜੁਲਾਈ: ਸੰਗਰੂਰ ਜਿਮਨੀ ਚੋਣ ਹਾਰਨ ਤੋਂ ਬਾਅਦ ਜਿੱਥੇ ਸੂਬੇ ਦੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜ ਵਿਧਾਇਕਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਹੈ, ਉਥੇ ਸੂਬੇ ਦੀ ਵਿਗੜੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਸੰਭਾਲਣ ਦੇ ਮੱਦੇਨਜ਼ਰ ਗੌਰਵ ਯਾਦਵ ਨੂੰ ਪੰਜਾਬ ਦਾ ਨਵਾਂ ਕਾਰਜ਼ਕਾਰੀ ਡੀਜੀਪੀ ਲਗਾਉਣ ਤੋਂ ਬਾਅਦ ਅੱਜ ਇੱਕ ਹੋਰ ਵੱਡਾ ਫੈਸਲਾ ਲੈਂਦਿਆਂ ਮੁੱਖ ਸਕੱਤਰ ਅਨੁਰਿਧ ਤਿਵਾੜੀ ਨੂੰ ਵੀ ਬਦਲ ਦਿੱਤਾ ਹੈ। ਹੁਣ ਸੀਨੀਅਰ ਆਈ.ਏ.ਐਸ ਅਧਿਕਾਰੀ ਵੀ.ਕੇ.ਜੰਜੂਆਂ ਪੰਜਾਬ ਦੇ ਨਵੇਂ ਮੁੱਖ ਸਕੱਤਰ ਹੋਣਗੇ। ਡੀਜੀਪੀ ਸ਼੍ਰੀ ਭਾਵੜਾ ਤੇ ਮੁੱਖ ਸਕੱਤਰ ਸ਼੍ਰੀ ਤਿਵਾੜੀ ਪਿਛਲੀ ਮੁੱਖ ਮੰਤਰੀ ਚੰਨੀ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਲੋਂ ਨਿਯੁਕਤ ਕੀਤੇ ਗਏ ਸਨ, ਜਿੰਨ੍ਹਾਂ ਨੂੰ ਆਪ ਸਰਕਾਰ ਨੇ ਵੀ ਭਰੋਸਾ ਜਤਾਉਂਦਿਆਂ ਤੈਨਾਤ ਕੀਤਾ ਹੋਇਆ ਸੀ। ਸੂਤਰਾਂ ਅਨੁਸਾਰ ਹੇਠਲੇ ਪੱਧਰ ਤੋਂ ਅਫ਼ਸਰਸ਼ਾਹੀ ਤੇ ਪੁਲਿਸ ਵਿਭਾਗ ਪ੍ਰਤੀ ਆ ਰਹੀ ਫ਼ੀਡਬੈਕ ਤੇ ਆਮ ਲੋਕਾਂ ਵਿਚ ਸਰਕਾਰ ਪ੍ਰਤੀ ਵਧ ਰਹੀ ਨਰਾਜ਼ਗੀ ਦੇ ਚੱਲਦੇ ਹੁਣ ਇਹ ਫੈਸਲਾ ਲਿਆ ਗਿਆ ਹੈ। ਉਧਰ 1992 ਬੈਚ ਦੇ ਆਈ.ਪੀ.ਐਸ ਅਧਿਕਾਰੀ ਸ਼੍ਰੀ ਯਾਦਵ ਨੂੰ ਪੰਜਾਬ ਦਾ ਕਾਰਜ਼ਕਾਰੀ ਡੀਜੀਪੀ ਲਗਾਉਣ ਤੋਂ ਬਾਅਦ ਸੱਤ ਹੋਰ ਸੀਨੀਅਰ ਆਈ.ਪੀ.ਐਸ ਅਧਿਕਾਰੀਆਂ ਦੀਆਂ ਨਵੀਂਆਂ ਤੈਨਾਤੀਆਂ ਕੀਤੀਆਂ ਗਈਆਂ ਹਨ। ਇੰਨ੍ਹਾਂ ਵਿਚ 1988 ਬੈਚ ਦੇ ਸੀਨੀਅਰ ਆਈ.ਪੀ.ਐਸ ਅਧਿਕਾਰੀ ਪ੍ਰਬੋਧ ਕੁਮਾਰ ਨੂੰ ਵਿਸੇਸ ਡੀਜੀਪੀ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ, 1989 ਬੈਚ ਦੇ ਸੰਜੀਵ ਕਾਲੜਾ ਨੂੰ ਵਿਸੇਸ ਡੀਜੀਪੀ ਹੋਮ ਗਾਰਡ, 1992 ਬੈਚ ਦੇ ਡਾ ਐਸ ਐਸ ਚੌਹਾਨ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਐਮ.ਡੀ , 1992 ਬੈਚ ਦੇ ਹੀ ਹਰਪ੍ਰੀਤ ਸਿੰਘ ਸਿੱਧੂ ਨੂੰ ਵਿਸੇਸ ਡੀਜੀਪੀ ਐਸ.ਟੀ.ਐਫ਼ ਅਤੇ ਜੇਲ੍ਹਾਂ, 1992 ਬੈਚ ਦੇ ਹੀ ਕੁਲਦੀਪ ਸਿੰਘ ਨੂੰ ਵਿਸੇਸ ਡੀਜੀਪੀ ਅੰਦਰੂਨੀ ਵਿਜੀਲੈਂਸ ਸੈਲ ਲਗਾਇਆ ਗਿਆ ਹੈ। ਇਸਤੋਂ ਇਲਾਵਾ 1994 ਬੈਚ ਦੇ ਏਡੀਜੀਪੀ ਐਸ.ਸ੍ਰੀਵਾਸਤਵਾ ਨੂੰ ਸੁਰੱਖਿਆ ਅਤੇ 1997 ਬੈਚ ਦੇ ਜਤਿੰਦਰ ਸਿੰਘ ਔਲਖ ਨੂੰ ਤਰੱਕੀ ਦੇ ਏ.ਡੀ.ਜੀ.ਪੀ ਇੰਟੈਲੀਜੈਂਸੀ ਵਿੰਗ ਦੀ ਜਿੰਮੇਵਾਰੀ ਦਿੱਤੀ ਗਈ ਹੈ।
Share the post "ਭਗਵੰਤ ਮਾਨ ਸਰਕਾਰ ਵਲੋਂ ਵੱਡਾ ਫ਼ੇਰਬਦਲ, ਡੀਜੀਪੀ ਤੋਂ ਬਾਅਦ ਮੁੱਖ ਸਕੱਤਰ ਨੂੰ ਵੀ ਬਦਲਿਆ"