ਸੁਖਜਿੰਦਰ ਮਾਨ
ਚੰਡੀਗੜ੍ਹ, 10 ਮਈ: ਅਰਵਿੰਦ ਕੇਜ਼ਰੀਵਾਲ ਵਿਰੁਧ ਬੋਲਣ ਵਾਲੇ ਦਿੱਲੀ ਦੇ ਭਾਜਪਾ ਆਗੂ ਤਜਿੰਦਰਪਾਲ ਸਿੰਘ ਬੱਗਾ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਗਿ੍ਰਫਤਾਰੀ ‘ਤੇ 5 ਜੁਲਾਈ ਤਕ ਰੋਕ ਲਗਾ ਦਿੱਤੀ ਹੈ। ਇਸਤੋਂ ਪਹਿਲਾਂ ਅੱਜ ਤੱਕ ਉਨ੍ਹਾਂ ਨੂੰ ਰਾਹਤ ਮਿਲੀ ਹੋਈ ਸੀ। ਜਦੋਂਕਿ 7 ਮਈ ਨੂੰ ਮੁਹਾਲੀ ਦੇ ਜੂਡੀਸੀਅਲ ਮੈਜਿਸਟਰੇਟ ਨੇ ਪੰਜਾਬ ਪੁਲਿਸ ਦੀ ਅਰਜ਼ੀ ’ਤੇ ਸੁਣਵਾਈ ਕਰਦਿਆਂ ਬੱਗਾ ਦੇ ਗਿ੍ਰਫਤਾਰੀ ਵਰੰਟ ਜਾਰੀ ਕਰ ਦਿੱਤੇ ਸਨ। ਜਿਸਤੋਂ ਬਾਅਦ ਉਕਤ ਦਿਨ ਹੀ ਦੇਰ ਰਾਤ ਤੱਕ ਹਾਈਕੋਰਟ ਦੇ ਜਸਟਿਸ ਅਨੂਪ ਚਿਤਕਾਰਾ ਨੇ ਅਪਣੀ ਰਿਹਾਇਸ਼ ‘ਤੇ ਹੀ ਅਦਾਲਤ ਲਗਾਉਂਦਿਆਂ ਬੱਗਾ ਵਿਰੁਧ ਜਾਰੀ ਗਿ੍ਰਫਤਾਰੀ ਵਰੰਟਾਂ ’ਤੇ ਰੋਕ ਲਗਾ ਦਿੱਤੀ ਸੀ। ਗੌਰਤਲਬ ਹੈ ਕਿ ਪੰਜਾਬ ਪੁਲਿਸ ਨੇ ਤੇਜਿੰਦਰ ਪਾਲ ਸਿੰਘ ਬੱਗਾ ਵਿਰੁਧ ਮੁਹਾਲੀ ‘ਚ ਵੱਖ ਵੱਖ ਧਾਰਾਵਾਂ ਤਹਿਤ ਦਰਜ ਮੁਕੱਦਮੇ ਵਿਚ ਉਸਨੂੰ ਦਿੱਲੀ ਤੋਂ ਗਿ੍ਰਫਤਾਰ ਕਰ ਲਿਆ ਸੀ ਪ੍ਰੰਤੂ ਦਿੱਲੀ ਪੁਲਿਸ ਮੁਤਾਬਕ ਨਿਯਮਾਂ ਅਨੁਸਾਰ ਉਸਨੂੰ ਸੂਚਿਤ ਨਹੀਂ ਕੀਤਾ ਗਿਆ ਸੀ। ਇਸਦੇ ਨਾਲ ਹੀ ਬੱਗਾ ਦੇ ਪਿਤਾ ਅਮਰਜੀਤ ਸਿੰਘ ਨੇ ਦਿੱਲੀ ਪੁਲਿਸ ਕੋਲ ਅਪਣੇ ਪੁੱਤਰ ਦੇ ਅਗਵਾ ਦਾ ਮੁਕੱਦਮਾ ਦਰਜ਼ ਕਰਵਾ ਦਿੱਤਾ ਸੀ। ਜਿਸਤੋਂ ਬਾਅਦ ਦਿੱਲੀ ਪੁਲਿਸ ਨੇ ਅਦਾਲਤੀ ਆਦੇਸ਼ ਲੈ ਕੇ ਹਰਿਆਣਾ ਪੁਲਿਸ ਦੀ ਮੱਦਦ ਨਾਲ ਕੁਰੂਕੇਸ਼ਤਰ ਦੇ ਨਜਦੀਕ ਪੰਜਾਬ ਪੁਲਿਸ ਪਾਰਟੀ ਨੂੰ ਰੋਕ ਕੇ ਬੱਗਾ ਨੂੰ ਮੁੜ ਦਿੱਲੀ ਲੈ ਗਈ ਸੀ।
ਭਾਜਪਾ ਆਗੂ ਤੇਜਿੰਦਰ ਬੱਗਾ ਦੀ ਗਿ੍ਰਫਤਾਰੀ ’ਤੇ 5 ਜੁਲਾਈ ਤੱਕ ਲੱਗੀ ਰੋਕ
9 Views