ਸੁਖਜਿੰਦਰ ਮਾਨ
ਬਠਿੰਡਾ, 9 ਅਪ੍ਰੈਲ: ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਏਮਜ਼ ਬਠਿੰਡਾ ਤੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਐਨਐਸਡੀਸੀ) ਵਿਚਕਾਰ ਏਮਜ਼ ਵਿਖੇ ਭਾਰਤ ਦੇ ਨੌਜਵਾਨਾਂ ਨੂੰ ਹੈਲਥਕੇਅਰ ਸੈਕਟਰ ਵਿੱਚ ਹੁਨਰਮੰਦ ਬਣਾਉਣ ਲਈ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਰੁਜ਼ਗਾਰ ਯੋਗ ਬਣਾਉਣ ਲਈ ਐਮਓਯੂ ਉੱਤੇ ਹਸਤਾਖਰ ਕੀਤੇ ਗਏ। ਇਸ ਮੌਕੇ ਮੁਖੀ ਯੂਰੋਲੋਜੀ ਵਿਭਾਗ ਤੇ ਨੋਡਲ ਅਫ਼ਸਰ ਸੈਂਟਰ ਆਫ਼ ਐਕਸੀਲੈਂਸ ਇਨ ਹੈਲਥ ਸੈਕਟਰ ਡਾ. ਕਵਲਜੀਤ ਸਿੰਘ ਨੇ ਕੋਵਿਡ ਦੇ ਸਮੇਂ ਦੌਰਾਨ ‘‘ਰੇਸਪੀਰੇਟਰੀ ਥੈਰੇਪਿਸਟ’’ ਪ੍ਰੋਜੈਕਟ ਸ਼ੁਰੂ ਕਰਕੇ ਸਿਹਤ ਨਾਲ ਸਬੰਧਤ ਹੁਨਰ ਵਿਕਾਸ ਚ ਏਮਜ਼ ਦੁਆਰਾ ਨਿਭਾਈ ਗਈ ਭੂਮਿਕਾ ਬਾਰੇ ਚਾਨਣਾ ਪਾਇਆ। ਇਸ ਤੋਂ ਇਲਾਵਾ ਵੈਂਟੀਲੇਟਰਾਂ ਤੇ ਬੁਨਿਆਦੀ ਆਈਸੀਯੂ ਅਭਿਆਸਾਂ ਚ ਸਟਾਫ ਨਰਸਾਂ ਨੂੰ ਸਿਖਲਾਈ ਦਿੱਤੀ।ਇਸ ਦੌਰਾਨ ਸਲਾਹਕਾਰ ਐੱਨ.ਐੱਸ.ਡੀ.ਸੀ. ਡਾ. ਸੰਦੀਪ ਸਿੰਘ ਕੌੜਾ ਨੇ ਭਾਰਤ ਨੂੰ ਵਿਸ਼ਵ ਦੀ ਹੁਨਰ ਦੀ ਰਾਜਧਾਨੀ ਬਣਾਉਣ ਤੇ ਸਾਡੀ ਨੌਜਵਾਨ ਆਬਾਦੀ ਨੂੰ ਨੁਕਸਾਨ ਤੋਂ ਵਰਦਾਨ ਵਿੱਚ ਬਦਲਣ ਲਈ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕੀਤਾ। ਉਨ੍ਹਾਂ ਹਾਜ਼ਰੀਨ ਨੂੰ ਵਿਦੇਸ਼ਾਂ ਵਿੱਚ ਭਾਰਤ ਤੋਂ ਹੁਨਰਮੰਦ ਕਰਮਚਾਰੀਆਂ ਦੀ ਭਾਰੀ ਮੰਗ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਐਨਐਸਡੀਸੀ ਓਈਟੀ (ਆਕੂਪੇਸ਼ਨਲ ਇੰਗਲਿਸ਼ ਟਰੇਨਿੰਗ) ਦੇ ਸਹਿਯੋਗ ਨਾਲ ਏਮਜ਼ ਵਿਖੇ ਆਪਣਾ ਭਾਸ਼ਾ ਕੇਂਦਰ ਸਥਾਪਿਤ ਕਰੇਗਾ ਤਾਂ ਜੋ ਏਮਜ਼ ਵਿਖੇ ਸਿਖਲਾਈ ਪ੍ਰਾਪਤ ਤੇ ਹੁਨਰਮੰਦ ਹੈਲਥਕੇਅਰ ਪ੍ਰੋਫੈਸ਼ਨਲ ਦੀ ਵਿਦੇਸ਼ ਪਲੇਸਮੈਂਟ ਲਈ ਸਨਮਾਨ ਕੀਤਾ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਆਰ.ਪੀ ਸਿੰਘ ਨੇ ਏਮਜ਼ ਤੇ ਐਨਐਸਡੀਸੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਇਸ ਦੌਰਾਨ ਸੀਈਓ ਐਨਐਸਡੀਸੀ ਸ੍ਰੀ ਵੇਦ ਮਨੀ ਤਿਵਾੜੀ ਨੇ ਸਿਹਤ ਨਾਲ ਸਬੰਧਤ ਹੁਨਰ ਵਿਕਾਸ ਵਿੱਚ ਏਮਜ਼ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਇਸ ਸਹਿਮਤੀ ਪੱਤਰ ਨੂੰ ਐਨਐਸਡੀਸੀ ਦੇ ਇਤਿਹਾਸ ਵਿੱਚ ਇੱਕ ਇਤਿਹਾਸਕ ਘਟਨਾ ਕਰਾਰ ਦਿੱਤਾ। ਉਨ੍ਹਾਂ ਭਵਿੱਖ ਵਿੱਚ ਹੁਨਰ ਨਾਲ ਸਬੰਧਤ ਸਾਰੇ ਪ੍ਰੋਜੈਕਟਾਂ ਵਿੱਚ ਏਮਜ਼ ਦੀ ਹਰ ਤਰ੍ਹਾਂ ਦੀ ਲੌਜਿਸਟਿਕਸ ਸਹਾਇਤਾ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਮੈਡੀਕਲ ਸੁਪਰਡੈਂਟ ਪ੍ਰੋ. ਰਾਜੀਵ ਕੁਮਾਰ ਨੇ ਏਮਜ਼ ਦੁਆਰਾ ਧੰਨਵਾਦੀ ਮਤਾ ਪੇਸ਼ ਕੀਤਾ ਤੇ ਸਮਾਗਮ ਦੀ ਸਮਾਪਤੀ ਡਾਇਰੈਕਟਰ, ਏਮਜ਼ ਤੇ ਸੀਈਓ ਐਨਐਸਡੀਸੀ ਵਿਚਕਾਰ ਸਹਿਮਤੀ ਪੱਤਰ ’ਤੇ ਹਸਤਾਖਰ ਅਤੇ ਅਦਾਨ-ਪ੍ਰਦਾਨ ਨਾਲ ਹੋਈ।
Share the post "ਭਾਰਤ ਦੇ ਨੌਜਵਾਨਾਂ ਨੂੰ ਹੈਲਥਕੇਅਰ ਸੈਕਟਰ ਚ ਹੁਨਰਮੰਦ ਬਣਾਉਣ ਲਈ ਏਮਜ਼ ਵਲੋਂ ਵਿਸ਼ੇਸ਼ ਉਪਰਾਲੇ ਜਾਰੀ"