ਸੁਖਜਿੰਦਰ ਮਾਨ
ਬਠਿੰਡਾ, 4 ਜਨਵਰੀ : ਸਾਂਝਾ ਮੋਰਚਾ ਜੀਰਾ ਵੱਲੋਂ ਦਿੱਤੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਵੱਲੋਂ ਅੱਜ ਦੂਜੇ ਦਿਨ ਜ਼ਿਲੇ ਦੇ 45 ਪਿੰਡਾਂ ਵਿੱਚ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ। ਸਾਂਝੇ ਮੋਰਚੇ ਦੀਆਂ ਮੰਗਾਂ ਹਨ ਕਿ ਸਰਾਬ ਫੈਕਟਰੀ ਮਨਸੂਰਵਾਲ ਨੂੰ ਬੰਦ ਕੀਤਾ ਜਾਵੇ , ਫੈਕਟਰੀ ਦੇ ਪ੍ਰਦੂਸ਼ਣ ਪਾਣੀ ,ਜਮੀਨ ਅਤੇ ਹਵਾ ਨਾਲ ਇਲਾਕੇ ਦੇ ਲੋਕਾਂ ਦੇ ਹੋਏ ਜਾਨੀ ਨੁਕਸਾਨ ਦੇ ਪਰਚੇ ਦਰਜ ਕੀਤੇ ਜਾਣ ਅਤੇ ਮਾਲੀ ਨੁਕਸਾਨ ਦੀ ਭਰਪਾਈ ਫੈਕਟਰੀ ਮਾਲਕ ਤੋਂ ਕਰਵਾਈ ਜਾਵੇ ਅੰਦੋਲਨਕਾਰੀ ਲੋਕਾਂ ਤੇ ਦਰਜ ਕੀਤੇ ਸਾਰੇ ਕੇਸ ਰੱਦ ਕੀਤੇ ਜਾਣ ਸਮੇਤ ਸਾਂਝੇ ਮੋਰਚੇ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ। ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਆਗੂ ਦਰਸ਼ਨ ਸਿੰਘ ਮਾਈਸਰਖਾਨਾ ਅਤੇ ਬਲਾਕਾਂ ਦੇ ਆਗੂਆਂ ਨੇ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਦਾ ਝੂਠਾ ਨਾਅਰਾ ਲਾ ਰਹੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਹਕੂਮਤ ਵਾਲੀ ਪੰਜਾਬ ਸਰਕਾਰ ਪਹਿਲਾਂ ਵਾਲੀਆਂ ਸਰਕਾਰਾਂ ਦੀ ਤਰ੍ਹਾਂ ਲੋਕਾਂ ਦੇ ਮਸਲੇ ਹੱਲ ਕਰਨ ਲਈ ਢੀਠ ਹੋ ਚੁੱਕੀ ਹੈ ਖਾਸ ਆਦਮੀ (ਸਰਮਾਏਦਾਰਾਂ) ਦੇ ਪੱਖ ਵਿੱਚ ਫੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਪ੍ਰਦੂਸ਼ਣ ਤੋਂ ਪੀੜਤ ਲੋਕ ਸਾਡੇ ਪੰਜ ਮਹੀਨਿਆਂ ਤੋਂ ਫੈਕਟਰੀ ਬੰਦ ਕਰਾਉਣ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਸ਼ਰਾਬ ਫੈਕਟਰੀ ਦੇ ਮਾਲਕਾਂ ਦੇ ਪੱਖ ਵਿੱਚ ਭੁਗਤ ਰਹੀ ਹੈ। ਕਿਸਾਨਾਂ ਦੇ ਮੋਰਚੇ ਦੌਰਾਨ ਮੰਗਾਂ ਮੰਨ ਕੇ ਉਸ ਨੂੰ ਲਾਗੂ ਕਰਨ ਤੇ ਚੁੱਪ ਵੱਟੀ ਹੋਈ ਹੈ। ਹੁਣ ਕਿਸਾਨਾਂ ਵੱਲੋਂ ਚੱਲ ਰਹੇ ਇਕ ਮਹੀਨੇ ਤੋਂ ਮੋਰਚੇ ਦੌਰਾਨ ਸਰਕਾਰ ਨੇ ਕਿਸਾਨੀ ਮੰਗਾਂ ਲਈ ਚੁੱਪ ਵੱਟੀ ਹੋਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਬਹੁਤ ਸਾਰੀਆਂ ਮਜ਼ਦੂਰਾਂ ਤੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨਾਲ ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਤੈਅ ਕਰ ਕੇ ਮੀਟਿੰਗ ਵੀ ਨਹੀਂ ਕੀਤੀ ਜਾ ਰਹੀ । ਭਾਰਤਮਾਲਾ ਸੜਕ ਦੀ ਜ਼ਮੀਨ ਦਾ ਪੂਰਾ ਮੁਆਵਜ਼ਾ ਕਿਸਾਨਾਂ ਨੂੰ ਨਾ ਦੇ ਕੇ ਪੁਲਿਸ ਦੇ ਜ਼ੋਰ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਖੇਤੀ ਲਈ ਨਹਿਰੀ ਪਾਣੀ ਪੂਰਾ ਦੇਣ ਦੀ ਬਜਾਏ ਰਿਫਾਇਨਰੀ ਵਰਗੀਆਂ ਫੈਕਟਰੀਆਂ ਨੂੰ ਪੁਲਸ ਦੇ ਜ਼ੋਰ ਨਹਿਰ ਵਿੱਚੋਂ ਸਿੱਧੇ ਮੋਘੇ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਆਪੋ ਆਪਣੀਆਂ ਮੰਗਾਂ-ਮਸਲਿਆਂ ਕਰਾਉਣ ਲਈ ਇਕੋ ਰਾਹ ਏਕਾ ਅਤੇ ਸੰਘਰਸ਼ ਹੀ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨਾਲ ਦੇ ਸੰਘਰਸ਼ ਨਾਲ ਤਾਲਮੇਲ ਕਰਦਿਆ ਸੂਬਾ ਕਮੇਟੀ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੱਲ 5 ਜਨਵਰੀ ਨੂੰ ਜ਼ਿਲੇ ਦੇ ਟੋਲ ਪਲਾਜ਼ਿਆਂ ਬੱਲੂਆਣਾ, ਜੀਦਾ, ਲਹਿਰਾ ਬੇਗਾ ਅਤੇ ਸੇਖਪੁਰਾ ਨੂੰ 12 ਤੋਂ 3 ਵਜੇ ਤੱਕ ਧਰਨਾ ਦੇ ਕੇ ਫਰੀ ਕੀਤਾ ਜਾਵੇਗਾ । ਕਿਸਾਨ ਆਗੂਆਂ ਨੇ ਸਮੂਹ ਲੋਕਾਂ ਨੂੰ ਇਹਨਾਂ ਧਰਨਿਆਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ। ਜਿਲੇ ਦੀ ਵਾਰੀ ਮੁਤਾਬਕ ਕੱਲ ਨੂੰ ਜੀਰਾ ਮੋਰਚਾ ਵਿਚ ਵੀ ਕਿਸਾਨਾਂ ਦੇ ਜਥੇ ਭੇਜੇ ਜਾਣਗੇ। ਅੱਜ ਦੇ ਇਕੱਠਾਂ ਨੂੰ ਸੁਖਦੇਵ ਸਿੰਘ ਰਾਮਪੁਰਾ ,ਬਲਦੇਵ ਸਿੰਘ ਚਉਕੇ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ ,ਬਲਜੀਤ ਸਿੰਘ ਪੂਹਲਾ, ਜਸਪਾਲ ਸਿੰਘ ਕੋਠਾਗੁਰੂ, ਅਮਰੀਕ ਸਿੰਘ ਸਿਵੀਆ ,ਗੁਰਪਾਲ ਸਿੰਘ ਦਿਉਣ, ਧਰਮਪਾਲ ਸਿੰਘ ਜੰਡੀਆਂ,ਹਰਪ੍ਰੀਤ ਸਿੰਘ ਕਾਲਾ, ਅੰਮ੍ਰਿਤਪਾਲ ਸਿੰਘ ਮੌੜ ਅਤੇ ਗੁਰਜੀਤ ਸਿੰਘ ਬਘੇਰ ਨੇ ਵੀ ਸੰਬੋਧਨ ਕੀਤਾ।
Share the post "ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵਲੋਂ ਦੂਜੇ ਦਿਨ ਵੀ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ"