ਸੁਖਜਿੰਦਰ ਮਾਨ
ਬਠਿੰਡਾ, 29 ਨਵੰਬਰ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਕੈਂਪਸ ਵਿਖੇ ਨੈਸ਼ਨਲ ਕੈਡਿਟ ਕੋਰ (ਐਨ.ਸੀ.ਸੀ.) ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। 20 ਪੰਜਾਬ ਬਟਾਲੀਅਨ ਐਨ.ਸੀ.ਸੀ. ਯੂਨਿਟ ਅਤੇ 2 ਪੰਜਾਬ ਰੀਮਾਉਂਟ ਅਤੇ ਵੈਟਰਨਰੀ ਸਕੁਐਡਰਨ ਦੇ ਕੈਡਿਟਾਂ ਵੱਲੋਂ ਯੂਨੀਵਰਸਿਟੀ ਦੇ ਪਰੇਡ ਗਰਾਊਂਡ ਵਿੱਚ ਰਸਮੀ ਅਭਿਆਸ ਦਾ ਆਯੋਜਨ ਕੀਤਾ ਗਿਆ।ਸਮਾਗਮ ਦੀ ਪ੍ਰਧਾਨਗੀ ਕਰਨਲ ਜਗਬੀਰ ਰਾਣਾ, 2 ਆਰ ਐਂਡ ਵੀ ਸਕੁਐਡਰਨ ਐਨ.ਸੀ.ਸੀ. ਘੁੱਦਾ ਦੇ ਕਮਾਂਡਿੰਗ ਅਫਸਰ ਨੇ ਕੀਤੀ। ਆਪਣੇ ਸੰਬੋਧਨ ਦੋਰਾਨ ਕਰਨਲ ਰਾਣਾ ਨੇ ਕੈਡਿਟਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀ ਜੀਵਨ ਵਿੱਚ ਅਨੁਸ਼ਾਸਨ ਅਤੇ ਸਕਾਰਾਤਮਕ ਰਵੱਈਏ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਜੋ ਉਨ੍ਹਾਂ ਦੇ ਜੀਵਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਯੋਗ ਬਣਾਉਂਦਾ ਹੈ। ਉਨ੍ਹਾਂ ਇਸ ਮੌਕੇ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਕੈਡਿਟਾਂ ਦੀ ਸ਼ਲਾਘਾ ਕੀਤੀ। 2 ਪੀ.ਬੀ.ਆਰ.ਐਂਡ.ਵੀ ਸਕਾਡਰਨ ਦੇ ਕੈਡਿਟਾਂ ਵੱਲੋਂ ਘੋੜਸਵਾਰੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ, ਜਿਸ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਐਨ.ਸੀ.ਸੀ ਕੈਡਿਟਾਂ ਵੱਲੋਂ ਘੋੜਿਆਂ ਦੀ ਨਿਪੁੰਨਤਾ ਨਾਲ ਦੇਖ-ਰੇਖ ਦੇਖ ਕੇ ਸਾਰੇ ਹੈਰਾਨ ਰਹਿ ਗਏ। ਕੈਡਿਟਾਂ ਨੂੰ ਐਨ.ਸੀ.ਸੀ. ਵਿੱਚ ਉਨ੍ਹਾਂ ਦੀ ਲੰਮੀ ਸੇਵਾ ਦੇ ਆਧਾਰ ’ਤੇ ਰੈਂਕ ਪ੍ਰਦਾਨ ਕੀਤੇ ਗਏ। ਕੈਡਿਟ ਯਸ਼ਦੀਪ ਮੌਰੀਆ ਨੂੰ ਜੂਨੀਅਰ ਅੰਡਰ ਅਫਸਰ ਅਤੇ ਕੈਡਿਟ ਪ੍ਰਾਚਿਕਾ ਨੂੰ ਸਾਰਜੈਂਟ ਦੇ ਰੈਂਕ ਨਾਲ ਸਨਮਾਨਿਤ ਕੀਤਾ ਗਿਆ। ਕੈਡਿਟ ਮਨਦੀਪ ਸਿੰਘ, ਕੈਡਿਟ ਲਵਦੀਪ ਸਿੰਘ ਅਤੇ ਕੈਡਿਟ ਸੁਰਜੀਤ ਕੌਰ ਨੂੰ ਕਾਰਪੋਰਲ ਦਾ ਦਰਜਾ ਦਿੱਤਾ ਗਿਆ। ਕੈਡਿਟ ਸੁਸ਼ੀਲ, ਕੈਡਿਟ ਨਿਖਿਲ, ਕੈਡਿਟ ਸਾਹਿਲਦੀਪ, ਕੈਡਿਟ ਗੁਰਲਾਜ, ਕੈਡਿਟ ਸੁਮਨਦੀਪ ਅਤੇ ਕੈਡਿਟ ਸਿਮਰਨਦੀਪ ਲਾਂਸ ਕਾਰਪੋਰਲ ਦੇ ਰੈਂਕ ਲਈ ਚੁਣੇ ਗਏ। ਇਸ ਪ੍ਰੋਗਰਾਮ ਵਿੱਚ ਹੋਰਨਾਂ ਸਕੂਲਾਂ ਅਤੇ ਕਾਲਜਾਂ ਦੇ ਕੈਡਿਟਾਂ ਅਤੇ ਅਧਿਕਾਰੀਆਂ ਨੇ ਵੀ ਭਾਗ ਲਿਆ। ਵਿਸ਼ੇਸ਼ ਤੌਰ ’ਤੇ, ਐਸ.ਐਸ.ਡੀ. ਸਕੂਲ (ਲੜਕੇ) ਦੇ ਫਸਟ ਅਫਸਰ ਪਰਵੀਨ ਪੁਰੀ ਨੇ ਆਪਣੇ 25 ਜੂਨੀਅਰ ਕੈਡਿਟਾਂ ਦੇ ਨਾਲ ਜਸ਼ਨਾਂ ਵਿੱਚ ਹਿੱਸਾ ਲਿਆ। ਵੱਖ-ਵੱਖ ਸਕੂਲਾਂ ਦੇ ਕੈਡਿਟਾਂ ਨੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਐਨ.ਸੀ.ਸੀ ਦਿਵਸ ਦਾ ਇਕ ਤਿਉਹਾਰ ਵਾਂਗ ਆਨੰਦ ਮਾਣਿਆ ਹੈ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਰੰਗੇ ਗਏ ਹਨ।
ਇਹਨਾਂ ਗਤੀਵਿਧੀਆਂ ਦਾ ਉਦੇਸ਼ ਐਨ.ਸੀ.ਸੀ. ਦੇ ਏਕਤਾ ਅਤੇ ਅਨੁਸ਼ਾਸਨ ਦੇ ਆਦਰਸ਼ ਨੂੰ ਉਤਸ਼ਾਹਿਤ ਕਰਨਾ ਸੀ। ਦੇਸ਼ ਭਗਤੀ ਦੇ ਗੀਤ, ਪ੍ਰਸਿੱਧ ਪੰਜਾਬੀ ਨਾਟਕਕਾਰ ਕੀਰਤੀ ਕ੍ਰਿਪਾਲ ਵੱਲੋਂ ਨੁੱਕੜ ਨਾਟਕ, ਸਵੱਛਤਾ ਮਿਸ਼ਨ , ਸਵੈ-ਰਚਿਤ ਕਵਿਤਾਵਾਂ ਅਤੇ ਭਾਸ਼ਣ ਇਸ ਪ੍ਰੋਗਰਾਮ ਦਾ ਹਿੱਸਾ ਸਨ। ਐਮਆਰਐਸ-ਪੀਟੀਯੂ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਵਿਦਿਆਰਥੀਆਂ ਨੂੰ ਐਨ.ਸੀ.ਸੀ. ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿਚ ਲਾਗੂ ਕਰਨਾ ਚਾਹੀਦਾ ਹੈ ਜੋ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਪ੍ਰੋਗਰਾਮ ਦੌਰਾਨ ਉਨ੍ਹਾਂ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ। ਰਜਿਸਟਰਾਰ ਡਾ: ਗੁਰਿੰਦਰਪਾਲ ਸਿੰਘ ਬਰਾੜ ਅਤੇ ਕੈਂਪਸ ਡਾਇਰੈਕਟਰ ਜੀ.ਜ਼ੈਡ.ਐਸ.ਸੀ.ਈ.ਟੀ. ਪ੍ਰੋ. ਸੰਜੀਵ ਅਗਰਵਾਲ ਨੇ ਯੂਨੀਵਰਸਿਟੀ ਦੇ ਐਨ.ਸੀ.ਸੀ ਵਿੰਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਪ੍ਰੋਗਰਾਮ ਦੇ ਮੁੱਖ ਕੋਆਰਡੀਨੇਟਰ ਕੈਪਟਨ ਰਾਜੀਵ ਕੁਮਾਰ ਵਾਰਸ਼ਨੀ ਨੇ ਯੂਨੀਵਰਸਿਟੀ ਵਿੱਚ ਐਨ.ਸੀ.ਸੀ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਪੀ.ਆਈ.ਟੀ ਨੰਦਗੜ੍ਹ, ਡਾਇਰੈਕਟਰ, ਪ੍ਰੋ. ਆਰ.ਕੇ.ਬਾਂਸਲ, ਡੀਨ ਵਿਦਿਆਰਥੀ ਭਲਾਈ, ਪ੍ਰੋ.ਪਰਮਜੀਤ ਸਿੰਘ, ਪ੍ਰੋ.ਅਨੁਪਮ ਅਤੇ ਪ੍ਰੋ.ਸ਼ਵੇਤਾ ਨੇ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਸ਼ਿਰਕਤ ਕੀਤੀ। ਸਮਾਗਮ ਦੀ ਸਮਾਪਤੀ ਲੈਫਟੀਨੈਂਟ ਵਿਵੇਕ ਵੱਲੋਂ ਧੰਨਵਾਦੀ ਮਤੇ ਨਾਲ ਹੋਈ।
Share the post "ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਐਨ.ਸੀ.ਸੀ ਦਿਵਸ ਸ਼ਾਨੋ-ਸ਼ੋਕਤ ਨਾਲ ਮਨਾਇਆ"