ਸੁਖਜਿੰਦਰ ਮਾਨ
ਬਠਿੰਡਾ, 12 ਦਸੰਬਰ: ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਐਮ.ਆਰ.ਐਸ.-ਪੀ.ਟੀ.ਯੂ., ਬਠਿੰਡਾ ਵਿਖੇ ਤਕਨੀਕੀ ਕਿਤਾਬਾਂ ਦੇ ਅਨੁਵਾਦ ਓਰੀਐਂਟੇਸ਼ਨ ਪ੍ਰੋਗਰਾਮ ’ਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਉਡਾਨ ਸੌਫਟਵੇਅਰ ਦੀ ਸਿਖਲਾਈ ਪ੍ਰਾਪਤ ਕਰਨ ਲਈ ਆਯੋਜਿਤ ਵਰਕਸ਼ਾਪ ਵਿਚ ਲਗਭਗ 80 ਅਨੁਵਾਦਕਾਂ ਅਤੇ ਸਮੀਖਿਅਕਾਂ ਨੇ ਹਿੱਸਾ ਲਿਆ।ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕੀਤਾ ੍ਟ ਕੈਂਪਸ ਡਾਇਰੈਕਟਰ ਪ੍ਰੋ: ਸੰਜੀਵ ਅਗਰਵਾਲ ਅਤੇ ਰਜਿਸਟਰਾਰ ਡਾ: ਗੁਰਿੰਦਰ ਪਾਲ ਸਿੰਘ ਬਰਾੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ੍ਟ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਨਵੀਂ ਦਿੱਲੀ, ਇੰਸਟੀਚਿਊਟ ਡਿਵੈਲਪਮੈਂਟ ਸੈੱਲ ਦੇ ਅਸਿਸਟੈਂਟ ਡਾਇਰੈਕਟਰ ਡਾ. ਸ਼੍ਰੀਸ਼ੈਲ ਕਾਂਬਲੇ ਨੇ ਦੋ ਦਿਨਾਂ ਓਰੀਐਂਟੇਸ਼ਨ ਪ੍ਰੋਗਰਾਮ ਦੀ ਨਿਗਰਾਨੀ ਕਰਨ ਲਈ ਐਮ.ਆਰ.ਐਸ.-ਪੀ.ਟੀ.ਯੂ. ਕੈਂਪਸ ਦਾ ਦੌਰਾ ਕੀਤਾ।ਏ.ਆਈ.ਸੀ.ਟੀ.ਈ. ਟੈਕਨੀਕਲ ਬੋਰਡ ਦੇ ਦੂਜੇ ਸਾਲ ਦੀ ਡਿਗਰੀ ਅਤੇ ਡਿਪਲੋਮਾ ਕਿਤਾਬਾਂ ਦੇ ਪੰਜਾਬੀ ਸੰਸਕਰਣ ਅਨੁਵਾਦ ਦੇ ਸਾਰੇ ਅਨੁਵਾਦਕਾਂ ਨੂੰ ਸਿਖਲਾਈ ਦੇਣ ਲਈ ਆਈ.ਆਈ.ਟੀ. ਬੰਬੇ ਦੇ ਮਾਹਿਰ ਵੀ ਔਨਲਾਈਨ ਮੋਡ ਰਾਹੀਂ ਵਰਕਸ਼ਾਪ ਵਿਚ ਸ਼ਾਮਲ ਹੋਏ। ਇਸ ਸਾਲ ਭਾਰਤ ਸਰਕਾਰ ਦੁਆਰਾ ਰਾਸ਼ਟਰੀ ਸਿੱਖਿਆ ਨੀਤੀ-2020 ਨੂੰ ਲਾਗੂ ਕਰਨ ਦੇ ਸੰਦਰਭ ਵਿੱਚ ਦੂਜੇ ਸਾਲ ਦੀ ਡਿਗਰੀ ਅਤੇ ਡਿਪਲੋਮਾ ਦੀਆਂ ਕੁੱਲ 88 ਕਿਤਾਬਾਂ ਦਾ ਪੰਜਾਬੀ ਰੂਪ ਵਿੱਚ ਅਨੁਵਾਦ ਕੀਤਾ ਜਾ ਰਿਹਾ ਹੈ।
ਐਮ.ਆਰ.ਐਸ.-ਪੀ.ਟੀ.ਯੂ., ਕਾਲਜ ਵਿਕਾਸ ਕੌਂਸਲ ਦੇ ਡਾਇਰੈਕਟਰ, ਡਾ. ਬਲਵਿੰਦਰ ਸਿੰਘ ਜੋ ਕਿ ਏ.ਆਈ.ਸੀ.ਟੀ.ਈ. ਅਨੁਵਾਦ ਕਾਰਜ ਦੇ ਪ੍ਰੋਜੈਕਟ ਕੋ-ਆਰਡੀਨੇਟਰ ਨੇ ਟੀ.ਬੀ.ਟੀ. ਪ੍ਰੋਜੈਕਟ ਅਸਾਈਨਮੈਂਟ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਅੰਗਰੇਜ਼ੀ ਵਿੱਚ ਲਿਖੀਆਂ ਮੂਲ ਪੁਸਤਕਾਂ ਦੇ ਬਰਾਬਰ ਪੰਜਾਬੀ ਸੰਸਕਰਣ ਵਿੱਚ ਮਿਆਰੀ ਅਨੁਵਾਦ ਕਾਰਜ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਡਿਗਰੀ ਅਤੇ ਡਿਪਲੋਮਾ ਦੇ ਪਹਿਲੇ ਸਾਲ ਲਈ ਵੀਹ ਪੁਸਤਕਾਂ ਦਾ ਪੰਜਾਬੀ ਸੰਸਕਰਨ ਸਫਲਤਾਪੂਰਵਕ ਅਨੁਵਾਦ ਕੀਤਾ ਗਿਆ ਹੈ। ਏ.ਆਈ.ਸੀ.ਟੀ.ਈ. ਦੇ ਚੇਅਰਮੈਨ ਨੇ ਵਧੀਆ ਗੁਣਵੱਤਾ ਵਾਲੇ ਕੰਮ ਲਈ ਐਮ.ਆਰ.ਐਸ.-ਪੀ.ਟੀ.ਯੂ., ਬਠਿੰਡਾ ਦੇ ਵਿਸ਼ਾ ਮਾਹਿਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।ਡਾ: ਅਨਿਲ ਜਿੰਦਲ ਅਤੇ ਡਾ: ਯਾਦਵਿੰਦਰ ਸ਼ਰਮਾ ਨੂੰ ਟੀ.ਬੀ.ਟੀ. ਪ੍ਰੋਜੈਕਟ ਦੀ ਜ਼ਿੰਮੇਵਾਰੀ ਅਤੇ ਕੋ-ਆਰਡੀਨੇਸ਼ਨ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਾ ਮਾਹਿਰਾਂ ਅਤੇ ਪੰਜਾਬ ਦੀਆਂ ਹੋਰ ਨਾਮਵਰ ਸੰਸਥਾਵਾਂ ਨੂੰ ਸੌਂਪਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਡਾ. ਸ਼੍ਰੀਸ਼ੈਲ ਕਾਂਬਲੇ ਨੇ ਅਨੁਵਾਦ ਪ੍ਰੋਜੈਕਟ ਨੂੰ ਸਮੇਂ ਸਿਰ ਪੂਰਾ ਕਰਨ ਲਈ ਦਿਸ਼ਾ-ਨਿਰਦੇਸ਼ਾਂ ਅਤੇ ਹਦਾਇਤਾਂ ਬਾਰੇ ਦੱਸਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਾਮੂਲੀ ਸਮੱਗਰੀ ਨੂੰ ਜੋੜ ਕੇ ਜਾਂ ਮਿਟਾਉਣ ਨਾਲ ਮੂਲ ਲੇਖਕ ਦੀ ਸਮਗਰੀ ਵਿੱਚ ਕੋਈ ਭਟਕਣਾ ਨਹੀਂ ਹੋਣੀ ਚਾਹੀਦੀ। ਉਹਨਾਂ ਕੰਪਿਊਟਰ ਜਾਂ ਲੈਪਟਾਪਾਂ ਵਿੱਚ ਉਡਾਨ ਸੌਫਟਵੇਅਰ ਸਥਾਪਤ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ।
Share the post "ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਤਕਨੀਕੀ ਕਿਤਾਬਾਂ ਦੇ ਅਨੁਵਾਦ ’ਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ"