ਭਗਵੰਤ ਮਾਨ ਨੇ ਰਾਜਪਾਲ ਨੂੰ ਲਿਖੀ ਚਿੱਠੀ ਸੋਸਲ ਮੀਡੀਆ ’ਤੇ ਪਾਈ, ਰਾਜਪਾਲ ਨੇ ਜਤਾਇਆ ਇਤਰਾਜ
ਸੁਖਜਿੰਦਰ ਮਾਨ
ਚੰਡੀਗੜ੍ਹ, 20 ਅਕਤੂਬਰ: ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਕਾਰ ਚੱਲ ਰਹੀ ਕਸ਼ਮਕਸ਼ ਦਿਨ ਬ ਦਿਨ ਵਧਣ ਲੱਗੀ ਹੈ। ਦੇਸ ’ਚ ਪੰਜਾਬ ਤੋਂ ਪਹਿਲਾਂ ਦਿੱਲੀ ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਿੱਥੇ ਵੀ ਮੁੱਖ ਮੰਤਰੀ ਕੇਜ਼ਰੀਵਾਲ ਤੇ ਰਾਜਪਾਲ ਵਿਚਕਾਰ ਤਕਰਾਰ ਚੱਲ ਰਹੀ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਜਨਤਕ ਤੌਰ ’ਤੇ ਕਈ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਨੁਕਤਾਚੀਨੀ ਕਰ ਚੁੱਕੇ ਹਨ, ਜਿਸ ਕਾਰਨ ਦੋਨਾਂ ਧਿਰਾਂ ਵਿਚਕਾਰ ਰਿਸ਼ਤਿਆਂ ’ਚ ਖਟਾਸ ਵਧਣ ਲੱਗੀ ਹੈ। ਪਹਿਲਾਂ ਰਾਜਪਾਲ ਵਲੋਂ ਪੰਜਾਬ ਸਰਕਾਰ ਦੁਆਰਾ ਬਾਬਾ ਫ਼ਰੀਦ ਹੈਲਥ ਯੂਨੀਵਰਸਿਟੀ ਫ਼ਰੀਦਕੋਟ ਦੇ ਉਪ ਕੁੱਲਪਤੀ ਵਜੋਂ ਸੂਬੇ ਦੇ ਨਾਮਵਾਰ ਦਿਲ ਦੇ ਰੋਗਾਂ ਦੇ ਮਾਹਰ ਡਾ ਗੁਰਪ੍ਰੀਤ ਸਿੰਘ ਵਾਂਡਰ ਦੇ ਭੇਜੇ ਨਾਮ ਵਾਲੀ ਫ਼ਾਈਲ ਵਾਪਸ ਮੋੜ ਦਿੱਤੀ ਸੀ, ਜਿਸਤੋਂ ਬਾਅਦ ਹੁਣ ਦੋ ਮਹੀਨੇ ਪਹਿਲਾਂ ਬੋਰਡ ਆਫ਼ ਡਾਇਰੈਕਟਰਜ਼ ਵਲੋਂ ਨਿਯੁਕਤ ਕੀਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁੱਲਪਤੀ ਡਾ ਸਤਬੀਰ ਸਿੰਘ ਗੋਸਲ ਨੂੰ ਹਟਾਉਣ ਦਾ ਫ਼ਰਮਾਨ ਜਾਰੀ ਕਰ ਦਿੱਤਾ ਹੈ। ਡਾ ਗੋਸਲ ਇਕੱਲੇ ਪੰਜਾਬ ਦੇ ਹੀ ਨਹੀਂ, ਬਲਕਿ ਦੇਸ ਦੇ ਉਘੇ ਖੇਤੀ ਵਿਗਿਆਨੀਆਂ ਵਿਚੋਂ ਇੱਕ ਗਿਣੇ ਜਾਂਦੇ ਹਨ, ਜਿਸਦੇ ਚੱਲਦੇ ਉਨ੍ਹਾਂ ਨੂੰ ਹਟਾਉਣ ਦੇ ਮੁੱਦੇ ’ਤੇ ਪੰਜਾਬ ਦੀ ਆਪ ਸਰਕਾਰ ਤੋਂ ਇਲਾਵਾ ਸੂਬੇ ਦਾ ਜਾਗਰੂੁਕ ਤਬਕਾ ਡਾ ਗੋਸਲ ਦੇ ਹੱਕ ਵਿਚ ਡਟ ਗਿਆ ਹੈ। ਇਹੀਂ ਨਹੀਂ ਇਸ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇੱਕ ਸਖ਼ਤ ਚਿੱਠੀ ਰਾਜਪਾਲ ਸ਼੍ਰੀ ਪੁਰੋਹਿਤ ਨੂੰ ਲਿਖੀ ਗਈ ਹੈ, ਜਿਸਨੂੰ ਸੋਸਲ ਮੀਡੀਆ ’ਤੇ ਪਾਉਣ ਦੇ ਮਾਮਲੇ ’ਚ ਰਾਜਪਾਲ ਨੇ ਇਤਰਾਜ ਉਠਾਉਂਦਿਆਂ ਇੱਕ ਹੋਰ ਚਿੱਠੀ ਜਾਰੀ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਰਾਜਪਾਲ ਨੂੰ ਲਿਖੇ ਪੱਤਰ ਵਿਚ ਰਾਜਪਾਲ ਨੂੰ ਯਾਦ ਕਰਵਾਉਂਦਿਆਂ ਦਸਿਆ ਹੈ ਕਿ ਪਹਿਲਾਂ ਰਹਿ ਚੁੱਕੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਤੇ ਡਾ. ਕੰਗ ਦੀ ਨਿਯੁਕਤੀ ਸਮੇਂ ਵੀ ਰਾਜਪਾਲ ਦੀ ਮੰਨਜੂਰੀ ਨਹੀਂ ਲਈ ਗਈ ਸੀ। ਏਸੀਆ ਵਿਚ ਵਿਸੇਸ ਰੁਤਬਾ ਰੱਖਣ ਵਾਲੀ ਇਸ ਯੂਨੀਵਰਸਿਟੀ ਦੇ ਉਪ ਕੁਲਪਤੀ ਦੀ ਨਿਯੁਕਤੀ ਸਬੰਧੀ ਤੱਥਾਂ ਬਾਰੇ ਰਾਜਪਾਲ ਨੂੰ ਜਾਣੂ ਕਰਵਾਉਂਦਿਆਂ ਮੁੱਖ ਮੰਤਰੀ ਨੇ ਪੱਤਰ ਵਿਚ ਦੱਸਿਆ ਹੈ ਕਿ ਇਹ ਨਿਯੁਕਤੀ ਹਰਿਆਣਾ ਤੇ ਪੰਜਾਬ ਖੇਤੀਬਾਡੀ ਯੂਨੀਵਰਸਿਟੀ ਐਕਟ 1970 ਤੇ ਤਹਿਤ ਹੋਈ ਹੈ, ਜਿਸਦੀ ਪੀਏਯੂ ਦੇ ਬੋਰਡ ਆਫ਼ ਡਾਇਰੈਕਟਰਜ਼ ਵੱਲੋਂ ਦਿੱਤੀ ਜਾਂਦੀ ਹੈ ਤੇ ਇਸ ਵਿਚ ਰਾਜਪਾਲ ਜਾਂ ਮੁੱਖ ਮੰਤਰੀ ਦੀ ਮੰਨਜੂਰੀ ਦੀ ਕੋਈ ਜਰੂਰਤ ਨਹੀਂ ਹੁੰਦੀ ਹੈ।ਉਨ੍ਹਾਂ ਆਪਣੇ ਪੱਤਰ ’ਚ ਰਾਜਪਾਲ ਵੱਲੋਂ ਪਿਛਲੇ ਸਮਿਆਂ ਦੌਰਾਨ ਵੀ ਸਰਕਾਰ ਦੇ ਕੰਮਾਂ ’ਚ ਦਖਲਅੰਦਾਜ਼ੀ ਕਰਨ ਦਾ ਅਸਿੱਧੇ ਢੰਗ ਨਾਲ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਅਜਿਹਾ ਕਰਨ ਨਾਲ ਪੰਜਾਬ ਦੇ ਲੋਕ ਵੀ ਦੁਖੀ ਹਨ, ਜਿੰਨ੍ਹਾਂ ਆਪ ਦੀ ਸਰਕਾਰ ਨੂੰ ਭਾਰੀ ਬਹੁਮਤ ਨਾਲ ਜਤਾਇਆ ਸੀ। ਉਨ੍ਹਾਂ ਰਾਜਪਾਲ ਨੂੰ ਕਿਸੇ ਹੋਰ ਦੇ ਕਹਿਣ ’ਤੇ ਚੁਣੀ ਹੋਈ ਸਰਕਾਰ ਦੇ ਕੰਮਾਂ ‘ਚ ਅੜਿੱਕੇ ਢਾਹੁਣ ਤੋਂ ਬਚਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਲੋਕਤੰਤਰ ਵਿਚ ਲੋਕ ਹੀ ਵੱਡੇ ਹੁੰਦੇ ਹਨ।
ਰਾਜਪਾਲ ਨੇ ਵੀ ਦਿੱਤਾ ਮੋੜਵਾ ਜਵਾਬ
ਚੰਡੀਗੜ੍ਹ: ਉਧਰ ਮੁੱਖ ਮੰਤਰੀ ਵਲੋਂ ਰਾਜਪਾਲ ਨੂੰ ਲਿਖੇ ਪੱਤਰ ਨੂੰ ਅਪਣੇ ਟਵਿੱਟਰ ਹੈਂਡਲ ’ਤੇ ਪਾਉਣ ਕਾਰਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ।ਜਿਸ ਵਿਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਮੀਡੀਆ ਵਿੱਚ ਲੀਕ ਕੀਤਾ ਗਿਆ ਪੰਜਾਬੀ ਵਾਲਾ ਪੱਤਰ ਉਨ੍ਹਾਂ ਨੂੰ ਹਾਲੇ ਤੱਕ ਨਹੀਂ ਮਿਲਿਆ ਹੈ ਜਦੋਂਕਿ ਉਨ੍ਹਾਂ ਨੂੰ ਮਿਲਿਆ ਪੱਤਰ ਅੰਗਰੇਜ਼ੀ ਵਿਚ ਹੈ, ਜਿਸ ਵਿਚ ਪੰਜਾਬੀ ਪੱਤਰ ਵਾਲੀ ਸਮੱਗਰੀ ਨਹੀਂ ਹੈ। ਉਨ੍ਹਾਂ ਇਸ ਮਾਮਲੇ ਵਿਚ ਮੁੱਖ ਮੰਤਰੀ ਤੋਂ ਸਪੱਸਟੀਕਰਨ ਵੀ ਮੰਗਿਆ ਹੈ ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੇ ਪੰਜਾਬੀ ਭਾਸ਼ਾ ਵਾਲੇ ਪੱਤਰ ਅਤੇ ਉਨ੍ਹਾਂ ਨੂੰ ਮਿਲੇ ਅੰਗਰੇਜ਼ੀ ਭਾਸ਼ਾ ਪੱਤਰ ਵਿਚੋਂ ਕਿਹੜਾ ਪੱਤਰ ਸਹੀ ਹੈ ਤੇ ਨਾਲ ਹੀ ਉਨਾਂ ਰਾਜਪਾਲ ਭਵਨ ਨੂੰ ਪੱਤਰ ਭੇਜਣ ਤੋਂ ਪਹਿਲਾਂ ਇਸ ਪੱਤਰ ਨੂੰ ਸੋਸਲ ਮੀਡੀਆ ’ਤੇ ਵਾਈਰਲ ਕਰਨ ’ਤੇ ਵੀ ਸਵਾਲ ਖ਼ੜੇ ਕੀਤੇ ਹਨ।
ਮਾਮਲਾ ਵੀਸੀ ਦੀ ਨਿਯੁਕਤੀ ਦਾ: ਮੁੱਖ ਮੰਤਰੀ ਤੇ ਰਾਜਪਾਲ ਮੁੜ ਆਹਮੋ-ਸਾਹਮਣੇ
11 Views