26 ਜਨਵਰੀ ਨੂੰ ਹੋਵੇਗਾ ਜਚਕੇ ਤਿੱਖਾ ਪ੍ਰਦਰਸ਼ਨ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ,22 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਜ਼ਦੂਰ ਮੰਗਾਂ ਦੇ ਹੱਲ ਲਈ ਰੱਖੀਆਂ ਮੀਟਿੰਗਾਂ ਵਿੱਚ ਵਾਰ-ਵਾਰ ਗੈਰਹਾਜ਼ਰ ਰਹਿਕੇ ਹਾਸੀਏ ’ਤੇ ਧੱਕੇ ਦਲਿਤ ਮਜ਼ਦੂਰਾਂ ਦੇ ਕੀਤੇ ਜਾ ਰਹੇ ਨਿਰਾਦਰ ਅਤੇ ਮਜ਼ਦੂਰ ਆਗੂਆਂ ਨੂੰ ਮੀਟਿੰਗ ਨਾ ਦੇਣ ਦੀ ਫੜੀ ਜਿੱਦ ਦਾ ਡਟਵਾ ਵਿਰੋਧ ਕਰਨ ਲਈ ਜਿਲਾ ਬਠਿੰਡਾ ਦੀਆਂ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 26 ਜਨਵਰੀ ਨੂੰ ਬਠਿੰਡਾ ਵਿਖੇ ‘‘ਮੁੱਖ ਮੰਤਰੀ ਹਾਜ਼ਰ ਹੋ ’’ ਦੇ ਬੈਨਰ ਹੇਠ ਮੁੱਖ ਮੰਤਰੀ ਦਾ ਕਾਲੇ ਝੰਡਿਆਂ ਨਾਲ ਜਬਰਦਸਤ ਵਿਰੋਧ ਕਰਨ ਦੇ ਉਲੀਕੇ ਪ੍ਰੋਗਰਾਮ ਵਿੱਚ ਮਜ਼ਦੂਰ ਦੀ ਪਰਿਵਾਰਾਂ ਸਮੇਤ ਸਮੂਲੀਅਤ ਕਰਵਾਉਣ ਲਈ ਮੀਟਿੰਗ ਵਿੱਚ ਠੋਸ ਵਿਉਂਤਬੰਦੀ ਕੀਤੀ ਗਈ । ਅੱਜ ਜਿਲਾ ਬਠਿੰਡਾ ਦੀਆਂ ਮਜ਼ਦੂਰ ਜੱਥੇਬੰਦੀਆ ਦੇ ਆਗੂ ਸੁਖਜੀਵਨ ਸਿੰਘ ਮੌੜ ਚੜਤ ਸਿੰਘ ( ਮਜ਼ਦੂਰ ਮੁਕਤੀ ਮੋਰਚਾ ) ਮਲਕੀਤ ਸਿੰਘ ਸੇਲਵਰਹਾ ( ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ) ਦਿਹਾਤੀ ਮਜ਼ਦੂਰ ਸਭਾ ਪੰਜਾਬ ( ਪ੍ਰਕਾਸ਼ ਸਿੰਘ ਨੰਦਗੜ ਤੇ ਮੱਖਣ ਸਿੰਘ ਤਲਵੰਡੀ ) ਪੰਜਾਬ ਖੇਤ ਮਜ਼ਦੂਰ ਸਭਾ ( ਸੁਰਜੀਤ ਸਿੰਘ ਸਰਦਾਰਗੜ ) ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ( ਅਮੀ ਲਾਲ ) ਪੰਜਾਬ ਖੇਤ ਮਜ਼ਦੂਰ ਯੂਨੀਅਨ ( ਜੋਰਾ ਸਿੰਘ ਨਸਰਾਲੀ ) ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ( ਮੇਜਰ ਸਿੰਘ ਖਿਆਲੀ ਵਾਲਾ ਆਦਿ ਆਗੂਆਂ ਦੀ ਮੀਟਿੰਗ ਟੀਚਰ ਹੋਮ ਬਠਿੰਡਾ ਵਿਖੇ ਕੁਲਵੰਤ ਸਿੰਘ ਸੇਲਵਰਹਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਸਰਕਾਰ ਵਿਰੁੱਧ ਚੱਲ ਰਹੀ ਪਰਦਾਫਾਸ ਮੁਹਿੰਮ ਅੱਜ ਤੋਂ ਮੁੱਖ ਰੂਪ ਵਿੱਚ 26 ਜਨਵਰੀ ਨੂੰ ਬਠਿੰਡਾ ਵਿੱਚ ਮੁੱਖ ਮੰਤਰੀ ਦਾ ਕਾਲੇ ਝੰਡਿਆ ਨਾਲ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਨੂੰ ਸਫਲ ਕਰਨ ’ਤੇ ਕੇਂਦਰਿਤ ਹੋਵੇਗੀ । ਠੋਸ ਵਿਉਂਤਬੰਦੀ ਨੂੰ ਅਨੁਸਾਰ ਪਿੰਡ ਪਿੰਡ ਮੀਟਿੰਗਾ ਰੈਲੀਆ ਤੇ ਨੁਕੜ ਸੰਪਰਕ ਕਰਕੇ ‘ ਤੂੰ ਮਘਦਾ ਰਹੀ ਵੇ ਸੂਰਜਾ ਕੰਮੀਆ ਦੇ ਵਿਹੜੇ ‘ ਗੀਤ ਗਾਉਣ ਵਾਲੇ ਭਗਵੰਤ ਮਾਨ ਦੀ ਮਜ਼ਦੂਰਾਂ ਨਾਲ ਮੀਟਿੰਗਾਂ ਕਰਨ ਦਾ ਸਮਾ ਦੇਕੇ ਵਾਰ ਵਾਰ ਮੁੱਕਰਨ ਦੀ ਮਜ਼ਦੂਰ ਵਿਰੋਧੀ ਮਾਨਸਿਕਤਾ ਨੂੰ ਜੱਗ ਜਾਹਰ ਕੀਤਾ ਜਾਵੇਗਾ । ਇਸ ਮੁਹਿੰਮ ਨੂੰ ਸਫਲ ਕਰਨ ਲਈ ਆਗੂਆਂ ਨੂੰ ਤਾਇਨਾਤ ਕੀਤਾ ਗਿਆ । ਉਨਾਂ ਕਿਹਾ ਕਿ ਮਜ਼ਦੂਰ ਜੱਥੇਬੰਦੀਆਂ ਤਿੱਖਾ ਵਿਰੋਧ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ’ਤੇ ਮਜ਼ਦੂਰਾਂ ਨਾਲ? ਤੁਰੰਤ ਮੀਟਿੰਗ ਕਰਨ ਲਈ ਦਬਾਅ ਲਾਮਬੰਦ ਕਰਨਗੀਆ । ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ 9 , 10 ਤੇ 11ਫਰਵਰੀ ਨੂੰ ਪੰਜਾਬ ਭਰ ਚ ਮੰਤਰੀਆਂ ਦੇ ਘਰਾਂ ਵੱਲ ਕੀਤੇ ਜਾ ਰਹੇ ਰੋਸ ਮਾਰਚਾਂ ਵਿੱਚ ਵੀ ਹਜਾਰਾਂ ਮਜ਼ਦੂਰ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ । ਮਜ਼ਦੂਰ ਆਗੂਆਂ ਨੇ ਕਿਹਾ ਕਿ ਸਾਂਝਾ ਮੋਰਚਾ ਪੰਜਾਬ ਵੱਲੋਂ ਮਜ਼ਦੂਰਾਂ ਦੇ ਪੱਕੇ ਰੁਜ਼ਗਾਰ ਦੀ ਗਰੰਟੀ ਕਰਨ, ਦਿਹਾੜੀ 700 ਰੁਪਏ ਕਰਨ, ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਮਜ਼ਦੂਰਾਂ ਨੂੰ ਸਸਤੇ ਭਾਅ ਠੇਕੇ ’ਤੇ ਦੇਣ, ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਦੇਣ, ਕੱਟੇ ਪਲਾਟਾਂ ਦੇ ਕਬਜ਼ੇ ਦੇਣ, ਮਜ਼ਦੂਰਾਂ ਤੇ ਗਰੀਬ ਕਿਸਾਨਾਂ ਸਿਰ ਚੜ੍ਹੇ ਸਮੁੱਚੇ ਕਰਜ਼ੇ ਖ਼ਤਮ ਕਰਨ, ਪੈਨਸ਼ਨ ਦੀ ਰਕਮ ਪੰਜ ਹਜ਼ਾਰ ਰੁਪਏ ਮਹੀਨਾ ਕਰਨ, ਦਲਿਤਾਂ ’ਤੇ ਜ਼ਬਰ ਬੰਦ ਕਰਨ ਅਤੇ ਅੰਦੋਲਨਾਂ ਦੌਰਾਨ ਮਜ਼ਦੂਰਾਂ ਕਿਸਾਨਾਂ ’ਤੇ ਦਰਜ਼ ਕੇਸ ਵਾਪਿਸ ਲੈਣ ਆਦਿ ਮੰਗਾਂ ਨੂੰ ਮਜ਼ਦੂਰ ਜਥੇਬੰਦੀਆਂ ਵੱਲੋਂ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਬਦਲਾਅ ਦਾ ਝਾਂਸਾ ਦੇ ਕੇ ਸਤਾ ’ਚ ਆਈ ਆਪ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਮਜ਼ਦੂਰਾਂ ਦੇ ਹੱਕੀ ਮਸਲੇ ਹੱਲ ਕਰਨੇ ਤਾਂ ਦੂਰ ਉਹਨਾਂ ਨੂੰ ਸੁਣਨ ਤੋਂ ਇਨਕਾਰੀ ਹੋ ਰਹੇ ਹਨ।
Share the post "ਮੁੱਖ ਮੰਤਰੀ ਦਾ ਕਾਲੇ ਝੰਡਿਆ ਨਾਲ ‘‘ਸੁਆਗਤ ’’ ਲਈ ਮਜ਼ਦੂਰ ਜੱਥੇਬੰਦੀਆਂ ਕੀਤੀ ਠੋਸ ਵਿਉਂਤਬੰਦੀ"