ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਹੋਰਾਂ ਦੇ ਸਹੀਦੀ ਦਿਹਾੜੇ ਮੌਕੇ ਸੂਬੇ ’ਚ ਭਿ੍ਰਸ਼ਟਾਚਾਰ ਨੂੰ ਰੋਕਣ ਲਈ ਜਾਰੀ ਕੀਤੇ ਹੈਲਪਲਾਈਨ ਨੰਬਰ ’ਤੇ ਪਹਿਲੀ ਸਿਕਾਇਤ ਤਲਵੰਡੀ ਸਾਬੋ ਦੇ ਇੱਕ ਤਹਿਸੀਲਦਾਰ ਦੀ ਹੋਈ ਹੈ, ਜਿਸ ਉਪਰ ਗਊਸਾਲਾ ਲਈ ਖ਼ਰੀਦੀ ਜਗ੍ਹਾਂ ਦੀ ਰਜਿਸਟਰੀ ਕਰਨ ਬਦਲੇ ਪੈਸੇ ਮੰਗਣ ’ਤੇ ਦੋਸ਼ ਲਗਾਏ ਗਏ ਹਨ। ਸਿਰਕੀ ਬਾਜ਼ਾਰ ਸਥਿਤ ਗਊਸ਼ਾਲਾ ਦੇ ਜਨਰਲ ਸਕੱਤਰ ਸਾਧੂ ਰਾਮ ਕੁਸ਼ਲਾ ਨੇ ਇੱਥੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਾਲ 1906 ਤੋਂ ਸਥਾਨਕ ਸ਼ਹਿਰ ਵਿਚ ਗਊਸ਼ਾਲਾ ਚੱਲ ਰਹੀ ਹੈ। ਇਸ ਗਊਸ਼ਾਲਾ ਦੇ ਕੰਮ ਨੂੰ ਦੇਖਦਿਆਂ ਸਾਧੂ ਰਾਮ ਗੋਇਲ ਵਲੋਂ ਤਹਿਸੀਲ ਤਲਵੰਡੀ ਸਾਬੋ ਵਿਚ ਪੈਂਦੇ ਪਿੰਡ ਸੇਖੂ ਵਿਖੇ 6 ਕਨਾਲ 15 ਮਰਲੇ ਜਮੀਨ ਦਾਨ ਕਰਨ ਦਾ ਐਲਾਨ ਕੀਤਾ ਸੀ। ਜਿਸਤੋਂ ਬਾਅਦ 28 ਜਨਵਰੀ 2022 ਨੂੰ ਉਹ ਗਊਸ਼ਾਲਾ ਦੇ ਪ੍ਰਬੰਧਕ ਵਜੋਂ ਰਜਿਸਟਰੀ ਕਰਵਾਉਣ ਲਈ ਤਹਿਸੀਲ ਵਿਚ ਗਏ ਸਨ ਜਿੱਥੇ ਉਨ੍ਹਾਂ ਨਾਲ ਜਸ਼ਵਿੰਦਰ ਗੁਪਤਾ ਕੈਸ਼ੀਅਰ ਗਊਸ਼ਾਲਾ ਬਠਿੰਡਾ, ਸੰਜੇ ਕੁਮਾਰ ਜਿੰਦਲ, ਜੋਗਿੰਦਰ ਚੰਦ ਪੁੱਤਰ ਭਾਗ ਸਿੰਘ ਵਾਸੀ ਸੇਖੂ ਵੀ ਸਨ। ਉਨ੍ਹਾਂ ਅੱਗੇ ਦਸਿਆ ਕਿ ਉਕਤ ਰਜਿਸਟਰੀ ਕਰਵਾਉਣ ਲਈ ਤਲਵੰਡੀ ਸਾਬੋ ਦੀ ਅਦਾਲਤ ਦੇ ਵਕੀਲ ਭਾਗੀਰਥ ਰਾਜ ਬਾਂਸਲ ਨੇ ਪਹਿਲਾਂ ਹੀ ਵਸੀਕੇ ਲਿਖ ਲਏ ਸਨ। ਪਰ ਉਹ ਉਕਤ ਨਾਇਬ ਤਹਿਸੀਲਦਾਰ ਦੇ ਦਫ਼ਤਰ ਵਿਚ ਰਜਿਸਟਰੀ ਕਰਵਾਉਣ ਲਈ ਖੜੇ ਕਰੀਬ ਤਿੰਨ ਘੰਟੇ ਖੜੇ ਰਹੇ ਪ੍ਰੰਤੂ ਵਿਹਲੇ ਹੋਣ ਦੇ ਬਾਵਜੂਦ ਨਾਇਬ ਤਹਿਸੀਲਦਾਰ ਨੇ ਰਜਿਸਟਰੀ ਨਹੀਂ ਕੀਤੀ। ਇਸ ਦੌਰਾਨ ਜਦ ਉਹ ਰਜਿਸਟਰੀ ਕਰਨ ਲਈ ਬੇਨਤੀ ਕਰਨ ਗਏ ਤਾਂ ਉਕਤ ਅਧਿਕਾਰੀ ਨੇ ਬਾਹਰ ਭੇਜ ਦਿੱਤਾ। ਜਿਸਤੋਂ ਬਾਅਦ ਰਜਿਸਟਰੀ ਲਿਖਣ ਵਾਲੇ ਵਕੀਲ ਦੇ ਮੁਨਸ਼ੀ ਅੰਦਰ ਗਏ ਤੇ ਉਨ੍ਹਾਂ ਕੋਈ ਗੱਲ ਕੀਤੀ। ਜਿਸਤੋਂ ਬਾਅਦ ਉਨ੍ਹਾਂ ਦੀ ਰਜਿਸਟਰੀ ਕਰ ਦਿੱਤੀ ਪ੍ਰੰਤੂ ਜਦ ਬਾਅਦ ਵਿਚ ਖ਼ਰਚਿਆਂ ਦੀ ਪਰਚੀ ਦਿੱਤੀ ਤਾਂ ਉਸ ਵਿਚ 3 ਹਜਾਰ ਰੁਪਏ ਤਹਿਸੀਲਦਾਰ ਅਤੇ 200 ਰੁਪਏ ਚਪੜਾਸੀ ਦੀ ਰਿਸ਼ਵਤ ਫ਼ੀਸ ਵਜੋਂ ਵੀ ਲਿਖੇ ਹੋਏ ਸਨ। ਮਜਬੂਰੀ ਵੱਸ ਉਹ ਵਕੀਲ ਵਲੋਂ ਦੱਸੀ 28,690 ਰੁਪਏ ਦੀ ਰਾਸ਼ੀ ਦੇ ਕੇ ਵਾਪਸ ਆ ਗਏ। ਉਨ੍ਹਾਂ ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ ਦੇ ਨਾਲ ਨਾਲ ਹਲਫੀਆ ਬਿਆਨ ਅਤੇ ਵਸੀਕਾ ਲਿਖਣ ਵਾਲੇ ਵੱਲੋਂ ਖਰਚੇ ਦੀ ਭੇਜੀ ਗਈ ਹੱਥ ਲਿਖ ਡਿਟੇਲ ਵੀ ਭੇੇਜੀ ਹੈ। ਉਨ੍ਹਾਂ ਮੁੱਖ ਮੰਤਰੀ ਕੋਲੋ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਉਕਤ ਨਾਇਬ ਤਹਿਸੀਲਦਾਰ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਉਕਤ ਨਾਇਬ ਤਹਿਸੀਲਦਾਰ ਨੇ ਅਪਣੇ ਵਿਰੁਧ ਲੱਗੇ ਦੋਸਾਂ ਨੂੰ ਝੂਠਾ ਕਰਾਰ ਦਿੱਤਾ ਹੈ।
Share the post "ਮੁੱਖ ਮੰਤਰੀ ਦੀ ਭਿ੍ਰਸਟਾਚਾਰ ਰੋਕੂ ਹੈਲਪ ਲਾਈਨ ’ਤੇ ਬਠਿੰਡਾ ’ਚ ਤਹਿਸੀਲਦਾਰ ਵਿਰੁਧ ਹੋਈ ਪਹਿਲੀ ਸਿਕਾਇਤ"