ਬੱਸ ਸਟੈਂਡ ਤੋਂ ਇਲਾਵਾ ਐਸ.ਟੀ.ਪੀ , ਨਵੀਂ ਸੀਮੈਂਟ ਫ਼ੈਕਟਰੀ, ਸਕੂਲ ਤੇ ਹਸਪਤਾਲ ਦੀ ਜਗ੍ਹਾਂ ਵਾਲੀ ਸਾਈਟ ਦਾ ਕੀਤਾ ਦੌਰਾ
ਸੁਖਜਿੰਦਰ ਮਾਨ
ਬਠਿੰਡਾ, 7 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਨੀਵਾਰ ਬਠਿੰਡਾ ਪੁੱਜੇ ਹਨ। ਸੂਚਨਾ ਮੁਤਾਬਕ ਉਨ੍ਹਾਂ ਵਲੋਂ ਮਲੋਟ ਰੋਡ ’ਤੇ ਸਥਿਤ ਬਣਨ ਵਾਲੇ ਨਵੇਂ ਬੱਸ ਦੀ ਸਾਈਟ ਫਾਈਨਲ ਕਰਨ ਤੋਂ ਇਲਾਵਾ ਬੰਦ ਹੋਏ ਥਰਮਲ ਪਲਾਂਟ ਦੇ ਰਾਖ ਡੰਪ ’ਚ ਬਣਨ ਵਾਲੇ ਐਸ.ਟੀ.ਪੀ ਸਾਈਟ, ਨਵੀਂ ਸੀਮੈਂਟ ਫ਼ੈਕਟਰੀ, ਸਕੂਲ ਤੇ ਹਸਪਤਾਲ ਦੀ ਜਗ੍ਹਾਂ ਵਾਲੀ ਸਾਈਟ ਦਾ ਦੌਰਾ ਕੀਤਾ ਜਾ ਰਿਹਾ ਹੈ। ਬੇਸ਼ੱਕ ਮੁੱਖ ਮੰਤਰੀ ਦਾ ਪ੍ਰਸਤਾਵਿਤ ਦੌਰਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿਛਲੇ ਕਈ ਦਿਨਾਂ ਤੋਂ ਉਲੀਕਿਆਂ ਜਾ ਰਿਹਾ ਸੀ ਪ੍ਰੰਤੂ ਇਸਨੂੰ ਪੂਰੀ ਤਰ੍ਹਾਂ ਗੁਪਤ ਰੱਖਣ ਦੀ ਕੋਸਿਸ ਕੀਤੀ ਗਈ। ਮੁੱਖ ਮੰਤਰੀ ਦੇ ਅੱਜ ਸੰਭਾਵੀਂ ਨਵੇਂ ਬੱਸ ਸਟੈਂਡ ਵਾਲੀ ਜਗ੍ਹਾਂ ਦਾ ਦੌਰਾ ਕਰਨ ਤੋਂ ਬਾਅਦ ਮਲੋਟ ਰੋਡ ’ਤੇ ਨਵੇਂ ਬੱਸ ਸਟੈਂਡ ਦੇ ਬਣਨ ਨੂੰ ਲੈ ਕੇ ਚੱਲ ਰਹੀਆਂ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ’ਤੇ ‘ਫੁੱਲ-ਸਟਾਪ’ ਲੱਗਣ ਦੀ ਸੰਭਾਵਨਾ ਹੈ।
ਵਿਜੀਲੈਂਸ ਵਲੋਂ ਮਨਪ੍ਰੀਤ ਬਾਦਲ ਦੇ ਗੰਨਮੈਨ ਦੇ ਘਰ ਛਾਪੇਮਾਰੀ
ਸੂਤਰਾਂ ਮੁਤਾਬਕ ਅੰਬੂਜਾ ਸੀਮੈਂਟ ਫ਼ੈਕਟਰੀ ਦੇ ਬਿਲਕੁੱਲ ਨਾਲ ਲੱਗਦੀ 30 ਏਕੜ੍ਹ ਇਸਦੇ ਲਈ ਚੁਣੀ ਗਈ ਹੈ, ਜਿਹੜੀ ਕਿ ਰਿੰਗ ਰੋਡ ਦੇ ਕਾਫ਼ੀ ਨਜਦੀਕ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬਠਿੰਡਾ-ਮਲੋਟ ਕੌਮੀ ਮਾਰਗ ’ਤੇ ਟਰੈਫ਼ਿਕ ਨੂੰ ਨਿਰਵਿਘਨ ਚੱਲਦਾ ਰੱਖਣ ਲਈ ਇੱਥੇ ਸੰਭਾਵੀਂ ਬੱਸ ਸਟੈਂਡ ਦੇ ਅੱਗੇ ਇੱਕ ਫ਼ਲਾਈ ਓਵਰ ਵੀ ਬਣਾਇਆ ਜਾਵੇਗਾ ਤਾਂ ਬੱਸ ਸਟੈਂਡ ਵਿਚੋਂ ਨਿਕਲਣ ਤੇ ਆਉਣ ਵਾਲੀਆਂ ਬੱਸਾਂ ਕਾਰਨ ਇੱਥੇ ਟਰੈਫ਼ਿਕ ਦੀ ਕੋਈ ਸਮੱਸਿਆ ਨਾ ਆਵੇ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਮਲੋਟ ਰੋਡ ’ਤੇ ਥਰਮਲ ਪਲਾਂਟ ਦੇ ਸਾਹਮਣੇ ਉੱਤਰਨ ਵਾਲੇ ਓਵਰਬ੍ਰਿਜ ਦੇ ਬਿਲਕੁਲ ਨਾਲ ਵਾਲੀ ਜਗ੍ਹਾਂ ਫ਼ਾਈਨਲ ਕੀਤੀ ਗਈ ਸੀ ਪ੍ਰੰਤੂ ਇੱਥੇ ਬੱਸਾਂ ਦੇ ਆਗਮਾਨ ਤੇ ਬਾਹਰ ਜਾਣ ਸਮੇਂ ਟਰੈਫ਼ਿਕ ਦੀ ਸਮੱਸਿਆ ਨੂੰ ਦੇਖਦਿਆਂ ਇਸਨੂੰ ਹੁਣ ਸਾਈਟ ਮੌਜੂਦਾ ਅੰਬੂਜਾ ਸੀਮੈਂਟ ਵਾਲੀ ਫ਼ੈਕਟਰੀ ਦੇ ਬਿਲਕੁੱਲ ਨਾਲ ਤਬਦੀਲ ਕੀਤਾ ਗਿਆ ਹੈ।
ਝੋਨੇ ਦੀ ਨਿਰਵਿਘਨ ਖਰੀਦ ਕਰਕੇ ਤੁਰੰਤ ਲਿਫਟਿੰਗ ਕੀਤੀ ਜਾਵੇ-ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼
ਮੁੱਖ ਮੰਤਰੀ ਵਲੋਂ ਬੱਸ ਸਟੈਂਡ ਤੋਂ ਇਲਾਵਾ ਥਰਮਲ ਪਲਾਂਟ ਦੀ ਰਾਖ ਸੁੱਟਣ ਵਾਲੀ ਜਗ੍ਹਾਂ ਉਪਰ ਕਰੀਬ 15 ਏਕੜ ਜਗ੍ਹਾਂ ਵਿਚ ਐਸ.ਟੀ.ਪੀ ਬਣਾਉਣ ਸਬੰਧੀ ਰੱਖੀ ਮੰਗ ਨੂੰ ਪੂਰਾ ਕਰਨ ਲਈ ਸਾਈਟ ਵੀ ਦਿਖਾਈ ਜਾਣੀ ਹੈ। ਇਸੇ ਤਰ੍ਹਾਂ ਬੰਦ ਹੋਏ ਥਰਮਲ ਪਲਾਂਟ ਦੀ ਜਗ੍ਹਾਂ ਵਿਚੋਂ ਦੱਖਣ ਦੀ ਇੱਕ ਪ੍ਰਸਿੱਧ ਸੀਮੈਂਟ ਨਿਰਮਾਤਾ ਕੰਪਨੀ ਵੰਡਰ ਸੀਮੈਂਟ ਨੂੰ ਨਵੀਂ ਸੀਮੈਂਟ ਫ਼ੈਕਟਰੀ ਲਗਾਉਣ ਲਈ ਦਿੱਤੀ ਜਾਣ ਵਾਲੀ 70 ਏਕੜ੍ਹ ਜਮੀਨ ਅਤੇ ਅੰਬੂਜਾ ਸੀਮੈਂਟ ਫ਼ੈਕਟਰੀ ਦੇ ਸਾਹਮਣੇ ਵਾਲੇ ਪਾਸੇ ਹੀ ਈ.ਐਸ.ਆਈ ਹਸਪਤਾਲ ਬਣਾਉਣ ਵਾਲੀ ਜਗ੍ਹਾਂ ਦਾ ਦੌਰਾ ਕਰਵਾਉਣ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਸਬੰਧੀ ਪੁਸ਼ਟੀ ਕਰਦਿਆਂ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਦਸਿਆ ਕਿ ‘‘ ਉਨ੍ਹਾਂ ਵਲੋਂ ਬਠਿੰਡਾ ਸ਼ਹਿਰ ਦੇ ਲੋਕਾਂ ਦੀ ਭਲਾਈ ਤੇ ਵਿਕਾਸ ਲਈ ਕੁੱਝ ਮੰਗਾਂ ਸਰਕਾਰ ਸਾਹਮਣੇ ਰੱਖੀਆਂ ਹਨ, ਜਿੰਨ੍ਹਾਂ ਦੇ ਸਬੰਧ ਵਿਚ ਵੀ ਅੱਜ ਮੁੱੱਖ ਮੰਤਰੀ ਸਾਹਿਬ ਵਲੋਂ ਦੌਰਾ ਕੀਤਾ ਜਾ ਰਿਹਾ ਹੈ। ’’
Share the post "ਮੁੱਖ ਮੰਤਰੀ ਭਗਵੰਤ ਮਾਨ ਪੁੱਜੇ ਬਠਿੰਡਾ, ਬਠਿੰਡਾ ਦੇ ਨਵੇਂ ਬੱਸ ਸਟੈਂਡ ਨੂੰ ਹਰੀ ਝੰਡੀ ਮਿਲਣ ਦੀ ਸੰਭਾਵਨਾ "