ਜ਼ਿਲਾ ਪ੍ਰਧਾਨ ਦਾ ਦਾਅਵਾ: ਮੀਟਿੰਗ ਵਿਚ 29 ਕੋਂਸਲਰ ਹੋਏ ਸਾਮਲ, ਮੇਅਰ ਵਿਰੁਧ ਲਿਆਂਦਾ ਜਾਵੇਗਾ ਆਵਿਸਵਾਸ ਦਾ ਮਤਾ
ਸੁਖਜਿੰਦਰ ਮਾਨ
ਬਠਿੰਡਾ, 23 ਫ਼ਰਵਰੀ : ਅੱਜ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਕਾਂਗਰਸੀ ਕੋਂਸਲਰਾਂ ਦੀ ਸਥਾਨਕ ਕਾਂਗਰਸ ਭਵਨ ਵਿਖੇ ਮੀਟਿੰਗ ਕੀਤੀ ਗਈ। ਸੂਤਰਾਂ ਮੁਤਾਬਕ ਮੀਟਿੰਗ ਵਿਚ ਬੀਤੇ ਕੱਲ ਕਾਂਗਰਸ ਪਾਰਟੀ ਵਲੋਂ ਬਠਿੰਡਾ ਨਗਰ ਨਿਗਮ ਦੇ ਮੇਅਰ ਰਮਨ ਗੋਇਲ ਅਤੇ ਚਾਰ ਕੌਸਲਰਾਂ ਨੂੰ ਪਾਰਟੀ ਵਿਰੋਧੀਆਂ ਗਤੀਵਿਧੀਆਂ ਦੇ ਦੋਸ਼ਾਂ ਹੇਠ 6 ਸਾਲਾਂ ਲਈ ਕੱਢਣ ਦੇ ਫੈਸਲੇ ਤੋਂ ਬਾਅਦ ਕੋਂਸਲਰਾਂ ਦਾ ਮੂੰਹ ਸੁੰਘਿਆ ਗਿਆ। ਇਸਤੋਂ ਇਲਾਵਾ ਮੇਅਰ ਦੇ ਮਸਲੇ ’ਤੇ ਅਗਲੀ ਰਣਨੀਤੀ ਬਣਾਉਣ ਲਈ ਪਾਰਟੀ ਦੇ ਕੋਂਸਲਰਾਂ ਤੋਂ ਇਲਾਵਾ ਕੁੱਝ ਸੀਨੀਅਰ ਆਗੂ ਨਾਲ ਵਿਚਾਰਾਂ ਹੋਈਆਂ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਮੀਟਿੰਗ ਵਿਚ 29 ਕਾਂਗਰਸੀ ਕੋਂਸਲਰ ਹਾਜ਼ਰ ਸਨ, ਜਿੰਨ੍ਹਾਂ ਵਿਚੋਂ ਕੁੱਝ ਨਿੱਜੀ ਕਾਰਨਾਂ ਕਰਕੇ ਬਾਹਰ ਗਏ ਹੋਣ ਕਾਰਨ ਫ਼ੋਨ ’ਤੇ ਹਿਮਾਇਤ ਦਿੱਤੀ। ਇਸਤੋਂ ਇਲਾਵਾ ਮੀਟਿੰਗ ਦੌਰਾਨ ਬਹੁਸੰਮਤੀ ਕੋਂਸਲਰਾਂ ਵਲੋਂ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਨ ਲਈ ਜਲਦੀ ਹੀ ਆਵਿਸਵਾਸ ਦਾ ਮਤਾ ਲਿਆਉਣ ਦੀ ਮੰਗ ਕੀਤੀ ਗਈ। ਜਿਕਰ ਕਰਨਾ ਬਣਦਾ ਹੈ ਕਿ ਅਜਿਹੇ ਮਤੇ ਨੂੰ ਪਾਸ ਕਰਵਾਉਣ ਲਈ ਕਾਂਗਰਸ ਨੂੰ 50 ਮੈਂਬਰੀ ਹਾਊਸ ਵਿਚੋਂ 34 ਮੈਂਬਰਾਂ ਦੀ ਜਰੂਰਤ ਹੈ। ਮੌਜੂਦਾ ਸਮੇਂ ਕਾਂਗਰਸ ਕੋਲ ਚਾਰ-ਪੰਜ ਮੈਂਬਰਾਂ ਦੀ ਘਾਟ ਦੱਸੀ ਜਾ ਰਹੀ ਹੈ ਜਦੋਂਕਿ ਅਕਾਲੀਆਂ ਵਲੋ ਲਏ ਜਾਣ ਵਾਲੇ ਸਟੈਂਡ ਬਾਰੇ ਹਾਲੇ ਸਥਿਤੀ ਕੋਈ ਸਾਫ਼ ਨਹੀਂ, ਕਿਉਂਕਿ ਬਾਦਲ ਪ੍ਰਵਾਰ ਦੇ ਇੱਕ ਮੈਂਬਰ ਦੀ ਇੱਜ਼ਤ ਦਾਅ ’ਤੇ ਲੱਗੀ ਹੋਣ ਕਾਰਨ ਸੁਖਬੀਰ ਸਿੰਘ ਬਾਦਲ ਕੀ ਭੂਮਿਕਾ ਨਿਭਾਉਂਦੇ ਹਨ, ਇਸਦੇ ਬਾਰੇ ਹਾਲੇ ਸਮੇਂ ਤੋਂ ਪਹਿਲਾਂ ਕੁੱਝ ਕਹਿਣਾ ਸੰਭਵ ਨਹੀਂ। ਇਹ ਵੀ ਪਤਾ ਲੱਗਾ ਹੈ ਕਿ ਮੀਟਿੰਗ ਵਿਚ ਇੱਕ ਆਗੂ ਨੇ ਇਹ ਵੀ ਸੁਝਾਅ ਦਿੱਤਾ ਕਿ ‘‘ ਕੋਈ ਵੀ ਕੋਂਸਲਰ ਮੇਅਰ ਦੀ ਕੁਰਸੀ ਖਾਲੀ ਹੋਣ ਤੱਕ ਖ਼ੁਦ ਨੂੰ ਮੇਅਰਸ਼ਿਪ ਦਾ ਦਾਅਵੇਦਾਰ ਨਾ ਐਲਾਨੇ, ਕਿਊਂਕਿ ਇਹ ਫੈਸਲਾ ਬਾਅਦ ਵਿਚ ਕੀਤਾ ਜਾਵੇ। ’’ ਇਸੇ ਤਰ੍ਹਾਂ ਮੇਅਰ ਹਿਮਾਇਤੀਆਂ ਵਲੋਂ ਸੋਸਲ ਮੀਡੀਆ ’ਤੇ ਪਾਰਟੀ ਵਿਰੁਧ ਪੋਸਟਾਂ ਪਾਉਣ ਦੇ ਮਾਮਲੇ ਨੂੰ ਵੀ ਗੰਭੀਰਤਾ ਨਾਲ ਲੈਣ ਲਈ ਕਿਹਾ ਗਿਆ। ਉਧਰ ਇਹ ਵੀ ਪਤਾ ਲੱਗਿਆ ਹੈ ਕਿ ਮੇਅਰ ਅਤੇ ਚਾਰ ਹੋਰਨਾਂ ਕੋਂਸਲਰਾਂ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਤੋਂ ਬਾਅਦ ਮੇਅਰ ਸਮਰਥਕਾਂ ਵਲੋਂ ਬੀਤੇ ਕੱਲ ਅਤੇ ਅੱਜ ਵੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਇੱਕ ਦਰਜ਼ਨ ਦੇ ਕਰੀਬ ਕੋਂਸਲਰਾਂ ਦੇ ਪੁੱਜਣ ਦੀ ਸੂਚਨਾ ਹੈ। ਇਸਤੋਂ ਇਲਾਵਾ ਪਾਰਟੀ ਵਿਚੋਂ ਬਰਖ਼ਾਸਤੀ ਦੇ ਫੈਸਲੇ ਦਾ ਇੱਕ ਹੋਰ ਕਾਂਗਰਸੀ ਕੋਂਸਲਰ ਸੰਜੀਵ ਕੁਮਾਰ ਬੌਬੀ ਨੇ ਫ਼ੇਸਬੁੱਕ ’ਤੇ ਪੋਸਟ ਪਾ ਕੇ ਪੰਜਾਬ ਕਾਂਗਰਸ ਦੇ ਇਸ ਫੈਸਲੇ ਨੂੰ ਗਲਤ ਕਰਾਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਫ਼ੋਨ ’ਤੇ ਗੱਲਬਾਤ ਕਰਦਿਆਂ ਖੁਦ ਨੂੰ ਕਾਂਗਰਸ ਦਾ ਸਿਪਾਹੀ ਕਰਾਰ ਦਿੰਦਿਆਂ ਕਿਹਾ ਕਿ ਉਹ ਭਾਜਪਾ ਜਾਂ ਕਿਤੇ ਹੋਰ ਨਹੀਂ ਜਾ ਰਹੇ, ਬਲਕਿ ਕਾਂਗਰਸ ਵਿਚ ਹੀ ਰਹਿਣਗੇ ਪ੍ਰੰਤੂ ਇਸ ਤਰ੍ਹਾਂ ਤਾਨਾਸਾਹੀ ਦਾ ਵਿਰੋਧ ਕਰਨਗੇ। ਜਿਕਰ ਕਰਨਾ ਬਣਦਾ ਹੈ ਕਿ ਫ਼ਰਵਰੀ 2021 ਵਿਚ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਵਿਚ ਕਾਂਗਰਸ ਦੀ ਟਿਕਟ ’ਤੇ ਚੋਣ ਲੜਣ ਵਾਲੇ ਜਿਆਦਾਤਰ ਮੈਂਬਰ ਪਹਿਲਾਂ ਮਨਪ੍ਰੀਤ ਬਾਦਲ ਸਮਰਥਕ ਰਹੇ ਸਨ ਪ੍ਰੰਤੂ ਹੁਣ ਉਨ੍ਹਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਨੇ ਸਾਬਕਾ ਵਿਤ ਮੰਤਰੀ ਨਾਲੋਂ ਨਾਤਾ ਤੋੜ ਲਿਆ ਹੈ ਜਦੋਂਕਿ ਇੱਕ ਦਰਜ਼ਨ ਦੇ ਕਰੀਬ ਹਾਲੇ ਵੀ ਉਨ੍ਹਾਂ ਪ੍ਰਤੀ ਨਰਮਗੋਸ਼ਾ ਰੱਖ ਰਹੇ ਹਨ। ਉਨ੍ਹਾਂ ਵਿਚ ਮੇਅਰ ਰਮਨ ਗੋਇਲ ਵੀ ਪ੍ਰਮੁੱਖ ਤੌਰ ’ਤੇ ਸ਼ਾਮਲ ਹੈ। ਪਹਿਲਾਂ ਇਸ ਗੱਲ ਦੀ ਵੀ ਚਰਚਾ ਚੱਲੀ ਸੀ ਕਿ ਮਨਪ੍ਰੀਤ ਬਾਦਲ ਬਠਿੰਡਾ ਨਿਗਮ ’ਤੇ ਭਗਵਾਂ ਝੰਡਾ ਲਹਿਰਾਉਣਗੇ ਪ੍ਰੰਤੂ ਜਿਆਦਾਤਰ ਕਾਂਗਰਸੀ ਕੋਂਸਲਰਾਂ ਵਲੋਂ ਪੈਰ ਪਿੱਛੇ ਖਿੱਚਣ ਕਾਰਨ ਇਹ ਯੋਜਨਾ ਸਫ਼ਲ ਨਹੀਂ ਹੋ ਸਕੀ ਸੀ।
Share the post "ਮੇਅਰ ਨੂੰ ਪਾਰਟੀ ਵਿਚੋਂ ਕੱਢਣ ਤੋਂ ਬਾਅਦ ਕਾਂਗਰਸੀ ਕੋਂਸਲਰਾਂ ਨੇ ਰਣਨੀਤੀ ਬਣਾਉਣ ਲਈ ਕੀਤੀ ਮੀਟਿੰਗ"