ਇੱਕ ਸਮੇਂ ਆਮਦ ਤੇ ਐਫ਼.ਸੀ.ਆਈ ਦੀਆਂ ਨੀਤੀਆਂ ਕਾਰਨ ਖੜੀ ਹੋਈ ਦਿੱਕਤ
ਸੁਖਜਿੰਦਰ ਮਾਨ
ਬਠਿੰਡਾ, 22 ਅਪ੍ਰੈਲ: ਬਠਿੰਡਾ ਪੱਟੀ ’ਚ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਮੰਡੀਆਂ ’ਚ ਕਣਕ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ। ਅਚਾਨਕ ਇੱਕੋ ਸਮੇਂ ਕਣਕ ਦੀ ਹੋਈ ਆਮਦ ਤੇ ਐਫ਼.ਸੀ.ਆਈ ਦੀਆਂ ਨਵੀਂਆਂ ਨੀਤੀਆਂ ਕਾਰਨ ਆਉਣ ਵਾਲੇ ਦਿਨਾਂ ’ਚ ਵੱਡੀ ਦਿੱਕਤ ਖੜੇ ਹੋਣ ਦੀ ਸੰਭਾਵਨਾ ਬਣ ਗਈ ਹੈ। ਉਪਰੋਂ ਮੌਸਮ ਖਰਾਬ ਰਹਿਣ ਕਾਰਨ ਕਿਸਾਨਾਂ ਦੇ ਨਾਲ-ਨਾਲ ਖਰੀਦ ਏਜੰਸੀਆਂ ਨੂੰ ਵੱਡੀ ਚਿੰਤਾਂ ਸਤਾਉਣ ਲੱਗੀ ਹੈ। ਸੂਚਨਾ ਮੁਤਾਬਕ ਆਪ ਵਿਧਾਇਕ ਜਗਸੀਰ ਸਿੰਘ ਦੇ ਭੁੱਚੋਂ ਹਲਕੇ ਵਿਚ ਲਿਫ਼ਟਿੰਗ ਦੇ ਕੰਮ ਵਿਚ ਸਭ ਤੋਂ ਵੱਧ ਦਿੱਕਤਾਂ ਆ ਰਹੀਆਂ ਹਨ। ਭੁੱਚੋ ਮੰਡੀ ’ਚ ਸਿਰਫ਼ 13, ਗੋਨਿਆਣਾ ’ਚ 16 ਅਤੇ ਨਥਾਣਾ ਮੰਡੀ ’ਚ ਕੁੱਲ ਖ਼ਰੀਦੀ ਕਣਕ ਦਾ 24 ਫ਼ੀਸਦੀ ਹਿੱਸਾ ਹੀ ਮੰਡੀਆਂ ਵਿਚੋਂ ਚੁੱਕੀ ਜਾ ਸਕੀ ਹੈ। ਜੇਕਰ ਪੂਰੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਕੁੱਲ ਖਰੀਦ ਵਿਚੋਂ 29 ਫ਼ੀਸਦੀ ਹੀ ਲਿਫਟਿੰਗ ਹੋ ਸਕੀ ਹੈ। ਇਸੇ ਤਰਾਂ ਆਉਣ ਵਾਲੇ ਦਿਨਾਂ ‘ਚ ਜੇਕਰ ਸਰਕਾਰ ਨੇ ਇਸ ਸਮੱਸਿਆ ਵੱਲ ਵਿਸ਼ੇਸ ਧਿਆਨ ਨਾ ਦਿੱਤਾ ਤਾਂ ਇਹ ਵੱਡਾ ਮੁੱਦਾ ਬਣ ਸਕਦਾ ਹੈ। ਪ੍ਰਾਪਤ ਅੰਕੜਿਆਂ ਮੁਤਾਬਕ ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਅੱਜ ਸ਼ਾਮ ਤੱਕ ਮੰਡੀਆਂ ਵਿਚ ਆਮਦ ਹੋਈ ਕੁੱਲ 4 ਲੱਖ 85 ਹਜ਼ਾਰ ਮੀਟਰਕ ਟਨ ਕਣਕ ਵਿਚਂੋ 4 ਲੱਖ 30 ਹਜ਼ਾਰ ਮੀਟਰਕ ਟਨ ਕਣਕ ਦੀ ਖ਼ਰੀਦ ਹੋਣ ਦੇ ਬਾਵਜੂਦ ਮੰਡੀਆਂ ’ਚੋਂ ਸਿਰਫ਼ ਸਵਾ ਲੱਖ ਮੀਟਰਕ ਟਨ ਕਣਕ ਦੀ ਚੁਕਾਈ ਹੋ ਸਕੀ ਹੈ। ਜਿਸ ਕਾਰਨ ਜ਼ਿਲ੍ਹੇ ਦੀਆਂ ਮੰਡੀਆਂ ਕਣਕ ਦੀਆਂ ਬੋਰੀਆਂ ਨਾਲ ਭਰ ਗਈਆਂ ਹਨ। ਮੰਡੀਆਂ ਦੇ ਨਾਲ ਜੁੜੇ ਖਰੀਦ ਅਧਿਕਾਰੀਆਂ ਮੁਤਾਬਕ ਆਉਣ ਵਾਲੇ ਦਿਨਾਂ ‘ਚ ਇਹ ਸਮੱਸਿਆ ਹੋਰ ਵਧ ਸਕਦੀ ਹੈ। ਦਸਣਾ ਬਣਦਾ ਹੈ ਕਿ ਐਫ਼.ਸੀ.ਆਈ ਵਲੋਂ ਇਸ ਸੀਜ਼ਨ ਵਿਚ ਕਣਕ ਨੂੰ ਗੋਦਾਮਾਂ ’ਚ ਲਗਾਉਣ ਦੀ ਬਜਾਏ ਸਪੈਸ਼ਲ ਟਰੇਨਾਂ ਰਾਹੀਂ ਦੂਜੇ ਸੂਬਿਆਂ ਵਿਚ ਭੇਜਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸਤੋਂ ਇਲਾਵਾ ਕਣਕ ਨੂੰ ਕਵਰਡ ਗੋਦਾਮਾਂ ਵਿਚ ਲਗਾਉਣ ਦੇ ਦਿੱਤੇ ਆਦੇਸ਼ਾਂ ਕਾਰਨ ਵੀ ਸਮੱਸਿਆ ਆ ਰਹੀ ਹੈ। ਬਠਿੰਡਾ ਸੈਂਟਰ ’ਚ ਐਫ਼.ਸੀ.ਆਈ ਦਾ ਇੱਕੋਂ ਪੀਜੀ ਗੋਦਾਮ ਹੈ, ਜਿੱਥੇ ਅਣਲੋਡਿੰਗ ਦੀ ਦਿੱਕਤ ਕਾਰਨ ਸੈਕੜੇ ਟਰੱਕ ਲਾਈਨਾਂ ਵਿਚ ਲੱਗੇ ਖੜੇ ਦਿਖ਼ਾਈ ਦਿੰਦੇ ਹਨ। ਇਸੇ ਤਰ੍ਹਾਂ ਇਸ ਵਾਰ ਪੰਜਾਬ ਸਰਕਾਰ ਵਲੋਂ ਟ੍ਰਾਂਸਪੋਟੇਸ਼ਨ ਤੇ ਲੇਬਰ ਕਾਰਟੇਜ਼ ਦੇ ਕੀਤੇ ਟੈਂਡਰਾਂ ਵਿਚ ਤਜਰਬੇ ਦੀ ਸ਼ਰਤ ਹਟਾਉਣ ਕਾਰਨ ਵੀ ਆਏ ਨਵੇਂ ਬੰਦਿਆਂ ਵਿਚੋਂ ਕੁੱਝ ਇੱਕ ਕੰਮ ਛੱਡ ਕੇ ਵਿਚਾਲੇ ਭੱਜ ਰਹੇ ਹਨ, ਜਿਸ ਕਾਰਨ ਖੁਰਾਕ ਸਪਲਾਈ ਵਿਭਾਗ ਵਲੋਂ ਦੁਬਾਰਾ ਟੈਂਡਰ ਕੀਤੇ ਜਾ ਰਹੇ ਹਨ ਤੇ ਲਿਫ਼ਟਿੰਗ ਦੇ ਕੰਮ ਵਿਚ ਦੇਰੀ ਹੋਈ ਹੈ। ਸੂਤਰਾਂ ਨੇ ਦਸਿਆ ਹੈ ਕਿ ਜ਼ਿਲ੍ਹੇ ਦੇ ਭੁੱਚੋਂ, ਗੋਨਿਆਣਾ, ਰਾਮਪੁਰਾ, ਰਾਮਾ, ਤਲਵੰਡੀ ਤੇ ਬਠਿੰਡਾ ਆਦਿ ਪੁਆਇੰਟਾਂ ਉਪਰ ਲਿਫਟਿੰਗ ਦਾ ਕੰਮ ਕਾਫ਼ੀ ਹੋਲੀ ਗਤੀ ਨਾਲ ਚੱਲ ਰਿਹਾ ਹੈ। ਦੂਜੇ ਪਾਸੇ ਬੇਮੌਸਮੀ ਬਾਰਸ਼ ਤੇ ਗੜ੍ਹੇਮਾਰੀ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ। ਉਧਰ ਕਿਸਾਨ ਜਥੈਬੰਦੀਆਂ ਨੇ ਧੀਮੀ ਗਤੀ ਨਾਲ ਚੱਲ ਰਹੀ ਲਿਫ਼ਟਿੰਗ ’ਤੇ ਸਰਕਾਰ ਉਪਰ ਗੁੱਸਾ ਜ਼ਾਹਰ ਕਰਦਿਆਂ ਐਲਾਨ ਕੀਤਾ ਕਿ ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਸਿੱਟਾ ਹੈ, ਜਿਸਦਾ ਨਤੀਜ਼ਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਕਿਸਾਨ ਆਗੂ ਰੇਸਮ ਸਿੰਘ ਯਾਤਰੀ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਜਲਦ ਹੀ ਇਸ ਮਸਲੇ ਦਾ ਹੱਲ ਨਾ ਕੀਤਾ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸੰਘਰਸ਼ ਵਿੱਢਣ ਲਈ ਮਜਬੂੁਰ ਹੋਵੇਗੀ।
Share the post "ਮੰਡੀਆਂ ’ਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ, ਲਿਫ਼ਟਿੰਗ ਨਾਲ ਹੋਣ ਕਾਰਨ ਆਉਣ ਲੱਗੀ ਸਮੱਸਿਆ"