28 Views
ਪਿਉ ਦੇ ਲਾਈਸੈਂਸੀ ਪਿਸਤੌਲ ਨਾਲ ਕੀਤੀ ਸੀ ਲੁੱਟ
ਸ੍ਰੀ ਮੁਕਤਸਰ ਸਾਹਿਬ, 25 ਨਵੰਬਰ: ਦੋ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਦੋ ਥਾਵਾਂ ‘ਤੇ ਪਿਸਤੌਲ ਦੀ ਨੋਕ ਨਾਲ ਹੋਈਆਂ ਲੁੱਟ ਦੀਆਂ ਘਟਨਾਵਾਂ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਕਾਫੀ ਹੈਰਾਨੀਜਨਕ ਗੱਲਾਂ ਬਾਰੇ ਪਤਾ ਲੱਗ ਗਿਆ ਹੈ, ਜਿਸ ਦੇ ਵਿੱਚ ਇੱਕ ਗੱਲ ਇਹ ਵੀ ਸਾਹਮਣੇ ਆਈ ਕਿ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਲੁਟੇਰਾ ਰਾਜਸਥਾਨ ਦੇ ਸ਼੍ਰੀ ਹਨੁਮਾਨਗੜ੍ਹ ਦੇ ਇੱਕ ਨਸ਼ਾ ਛੁਡਊ ਕੇਂਦਰ ਵਿੱਚ ਭਰਤੀ ਹੋ ਗਿਆ ਤਾਂ ਕਿ ਉਸਦੇ ਉੱਪਰ ਕੋਈ ਸ਼ੱਕ ਨਾ ਜਾਵੇ । ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਕਿ ਜਿਸ ਪਿਸਤੌਲ ਦੇ ਨਾਲ ਸੈਲੂਨ ਅਤੇ ਪੀਜੇ ਵਾਲੇ ਤੋਂ ਹਜ਼ਾਰਾਂ ਰੁਪਏ ਦੀ ਨਗਦੀ ਲੁੱਟੀ ਗਈ ਸੀ ਉਹ ਪਿਸਤੌਲ ਇੱਕ ਲੁਟੇਰੇ ਦੇ ਬਾਪ ਦਾ ਲਾਈਸੈਂਸੀ ਪਿਸਤੌਲ ਸੀ। ਜਿਸ ਨੂੰ ਉਹ ਇਸ ਘਟਨਾ ਨੂੰ ਅੰਜਾਮ ਦੇਣ ਲਈ ਘਰੋਂ ਚੁੱਕ ਲਿਆਇਆ ਸੀ।
ਅੱਜ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਸ਼੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਭਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਇਹ ਘਟਨਾ 23 ਨਵੰਬਰ ਦੀ ਦੇਰ ਸ਼ਾਮ ਵਾਪਰੀ ਸੀ ਅਤੇ ਇਸ ਘਟਨਾ ਵਿੱਚ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ‘ਤੇ ਇੱਕ ਸੈਲੂਨ ਵਾਲੇ ਦੀ ਦੁਕਾਨ ਵਿੱਚ ਦਾਖਲ ਹੋ ਕੇ ਉਸਦੀ ਕੁੱਟਮਾਰ ਕਰਦਿਆਂ 22000 ਦੀ ਨਗਦੀ ਅਤੇ ਇਸੇ ਤਰ੍ਹਾਂ ਇੱਕ ਪੀਜੇ ਵਾਲੇ ਕੋਲੋਂ ਕਰੀਬ 10 ਹਜ਼ਾਰ ਰੁਪਏ ਲੁੱਟ ਲਏ ਸਨ। ਘਟਨਾ ਤੋਂ ਬਾਅਦ ਦੋਨੇ ਲੁਟੇਰੇ ਮੋਟਰਸਾਈਕਲ ‘ਤੇ ਫਰਾਰ ਹੋਣ ਵਿੱਚ ਸਫਲ ਰਹੇ ਸਨ। ਇਹ ਘਟਨਾਵਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਹੋ ਗਈਆਂ ਸਨ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਰਸ਼ਦੀਪ ਵਾਸੀ ਪਿੰਡ ਲੱਕੜਵਾਲਾ ਅਤੇ ਵਰਿੰਦਰ ਵਾਸੀ ਮੁਕਤਸਰ ਸਾਹਿਬ ਹਨ। ਇਹਨਾਂ ਵਿੱਚੋਂ ਅਰਸ਼ਦੀਪ ਨੂੰ ਪੁਲਿਸ ਨੇ ਉਸਦੇ ਪਿੰਡੋਂ ਗਿਰਫਤਾਰ ਕਰ ਲਿਆ ਅਤੇ ਨਾਲ ਹੀ ਇਸ ਘਟਨਾ ਵਿੱਚ ਵਰਤਿਆ ਮੋਟਰਸਾਈਕਲ ਤੇ ਪਿਸਤੌਲ ਵੀ ਕਰਵਾ ਲਿਆ।
ਐਸਐਸਪੀ ਨੇ ਦੱਸਿਆ ਕਿ ਮੋਟਰਸਾਈਕਲ ਅਰਸ਼ਦੀਪ ਦੇ ਆਪਣੇ ਨਾਮ ਉੱਪਰ ਹੈ ਜਦੋਂ ਕਿ 32 ਬੋਰ ਦਾ ਪਿਸਤੌਲ ਉਸਦੇ ਪਿਤਾ ਦੇ ਨਾਮ ਉੱਪਰ ਹੈ। ਐਸਐਸਪੀ ਨੇ ਦੂਜੀ ਹੈਰਾਨੀ ਭਰੀ ਗੱਲ ਦੱਸਦਿਆਂ ਕਿਹਾ ਕਿ ਇਸ ਘਟਨਾ ਵਿੱਚ ਸ਼ਾਮਿਲ ਦੂਜਾ ਮੁਜਰਮ ਵਰਿੰਦਰ ਇਸ ਘਟਨਾ ਤੋਂ ਬਾਅਦ ਸ੍ਰੀ ਹਨੁਮਾਨਗੜ੍ਹ ਸਾਹਿਬ ਦੇ ਇੱਕ ਨਸ਼ਾ ਛੁੜਾਊ ਕੇਂਦਰ ਵਿੱਚ ਦਾਖਲ ਹੋ ਗਿਆ ਜਿਸ ਨੂੰ ਉਥੋਂ ਜਾ ਕੇ ਪੁਲਿਸ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਕਿਹਾ ਕਿ ਵਰਿੰਦਰ ਦੇ ਵਿਰੁੱਧ ਪਹਿਲਾਂ ਵੀ ਧਾਰਾ 307 ਆਈਪੀਸੀ ਦਾ ਪਰਚਾ ਦਰਜ ਹੈ। ਐਸਐਸਪੀ ਨੇ ਅੱਗੇ ਕਿਹਾ ਕਿ ਮੁਜਰਮਾਂ ਕੋਲੋਂ ਡੁੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਇਸ ਤੋਂ ਪਹਿਲਾਂ ਕਿੰਨੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਬਹਿਰਹਾਲ ਲੁੱਟੀ ਹੋਈ ਰਾਸ਼ੀ ਵਿੱਚੋਂ ਕਰੀਬ 10 ਹਜ਼ਾਰ ਰੁਪਏ ਪੁਲਿਸ ਨੇ ਬਰਾਮਦ ਕਰ ਲਏ ਹਨ। ਇਸ ਮੌਕੇ ਡੀਐਸਪੀ ਸੰਜੀਵ ਗੋਇਲ, ਡੀਐਸਪੀ ਸਤਨਾਮ ਸਿੰਘ, ਇੰਚਾਰਜ ਸੀਆਈਏ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।
Share the post "ਲੁਟੇਰੇ ਦੀ ਚਲਾਕੀ: ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨਸ਼ਾ ਛੁਡਾਊ ਕੇਂਦਰ ਵਿਚ ਹੋਇਆ ਦਾਖ਼ਲ"