ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਲੋਕ ਮੋਰਚਾ ਪੰਜਾਬ ਵੱਲੋਂ ਰੂਸ-ਯੂਕਰੇਨ ਦੀ ਜੰਗ ਦੇ ਵਿਰੋਧ ਵਿੱਚ ਇਕੱਤਰਤਾ ਕੀਤੀ ਗਈ ਅਤੇ ਸ਼ਹਿਰ ਵਿਚ ਮਾਰਚ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਨੋਜਵਾਨ, ਠੇਕਾ ਕਾਮਿਆਂ, ਅਤੇ ਮੂਲਾਜਮਾਂ ਨੇ ਹਿੱਸਾ ਲਿਆ। ਜੰਗ ਵਿਰੁੱਧ ਬਣਦੀਆਂ ਮੰਗਾਂ ਲਈ ਲੋਕ ਲਹਿਰ ਉਸਾਰਨ ਤੇ ਸੰਘਰਸ਼ ਨੂੰ ਸਾਮਰਾਜੀ ਪ੍ਰਬੰਧ ਦੇ ਖਾਤਮੇ ਤੱਕ ਲੈ ਕੇ ਜਾਣ ਦਾ ਹੋਕਾ ਦਿੱਤਾ ਗਿਆ।ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਇਸ ਜੰਗ ਦੇ ਸਿੱਧੇ ਤੇ ਅਸਿੱਧੇ ਮਾਰੂ ਪ੍ਰਭਾਵਾਂ ਨੇ ਨਾ ਸਿਰਫ਼ ਯੂਕਰੇਨ ਤੇ ਰੂਸ ਦੇ ਲੋਕਾਂ ਦੀ ਜਾਨ ਦੇ ਸੰਸੇ ਖੜੇ ਕਰ ਰੱਖੇ ਹਨ, ਕੁੱਲ ਦੁਨੀਆਂ ਦੇ ਲੋਕਾਂ ਦੇ ਸਾਹ ਸੂਤੇ ਹੋਏ ਹਨ। ਸਾਡੇ ਇਥੋਂ ਪੜਨ ਗਏ ਵਿਦਿਆਰਥੀ ਤੇ ਉਹਨਾਂ ਦੇ ਮਾਪੇ ਤਾਂ ਸਿੱਧੇ ਹੀ ਮਾਰ ਹੇਠ ਆਏ ਹੋਏ ਹਨ। ਪ੍ਰੋਗਰਾਮ ਦੀ ਸ਼ੁਰੂਆਤ ਨਿਰਮਲ ਸਿੰਘ ਸਿਵੀਆਂ ਵਲੋਂ ਇਨਕਲਾਬੀ ਗੀਤ ਗਾ ਕੇ ਕੀਤੀ ਗਈ ਇਸ ਦੋਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜ਼ਿਲ੍ਹਾ ਕਮੇਟੀ ਮੈਂਬਰ ਪਰਮਜੀਤ ਕੌਰ ਨੇ ਨਿਭਾਈ ਅਤੇ ਜ਼ਿਲ੍ਹਾ ਸਕੱਤਰ ਸ੍ਰੀ ਸੁਖਵਿੰਦਰ ਸਿੰਘ ਨੇ ਪ੍ਰੋਗਰਾਮ ਚ ਸ਼ਾਮਲ ਹੋਣ ਲਈ ਆਏ ਲੋਕਾਂ ਦਾ ਧੰਨਵਾਦ ਕੀਤਾ।
ਲੋਕ ਮੋਰਚਾ ਪੰਜਾਬ ਵੱਲੋਂ ਰੂਸ- ਯੂਕਰੇਨ ਜੰਗ ਵਿਰੁੱਧ ਮਾਰਚ
9 Views