ਸੁਖਜਿੰਦਰ ਮਾਨ
ਬਠਿੰਡਾ, 12 ਅਪ੍ਰੈਲ : ਕਰੀਬ ਇੱਕ ਹਫ਼ਤਾ ਪਹਿਲਾਂ ਕਸਬਾ ਭਗਤਾ ਭਾਈਕਾ ਵਿਖੇ ਦੇਰ ਸ਼ਾਮ ਇੱਕ ਘਰ ’ਚ ਵੜ ਕੇ ਲੱਖਾਂ ਦੀ ਲੁੱਟ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਪੁਲਿਸ ਨੇ ਅੱਜ 7 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਅੱਜ ਸਥਾਨਕ ਜ਼ਿਲ੍ਹਾ ਕੰਪਲੈਕਸ ਦੇ ਪੁਲਿਸ ਮੀਟਿੰਗ ਹਾਲ ’ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਫ਼ੂਲ ਆਸਵੰਤ ਸਿੰਘ ਧਾਲੀਵਾਲ ਨੇ ਦਸਿਆ ਕਿ ਕਥਿਤ ਦੋਸ਼ੀਆਂ ਕੋਲੋ ਵਪਾਰੀ ਦੇ ਘਰੋਂ ਲੁੱਟੇ ਹੋਏ ਸੋਨੇ ਦੇ ਗਹਿਣਿਆਂ ਤੋਂ ਇਲਾਵਾ 35 ਹਜ਼ਾਰ ਰੁਪਏ ਦੀ ਨਗਦੀ ਅਤੇ ਇਕ ਦੇਸੀ ਪਿਸਤੌਲ ਵੀ ਬਰਾਮਦ ਕੀਤਾ ਹੈ। ਦਸਣਾ ਬਣਦਾ ਹੈ ਕਿ ਲੰਘੀ 3 ਅਪ੍ਰੈਲ ਨੂੰ ਕਥਿਤ ਦੋਸ਼ੀ ਵਪਾਰੀ ਵਿਜੇ ਕੁਮਾਰ ਦੇ ਘਰ ਦਾਖ਼ਲ ਹੋ ਗਏ ਸਨ ਤੇ ਉਨ੍ਹਾਂ ਹਥਿਆਰਾਂ ਦੀ ਨੌਕ ’ਤੇ ਔਰਤਾਂ ਦੇ ਗਹਿਣੇ ਲੁੱਟ ਲਏ ਤੇ ਇਸ ਦੌਰਾਨ ਜਦ ਵਪਾਰੀ ਘਰ ਆਇਆ ਤਾਂ ਉਸਦੇ ਕੋਲ ਮੌਜੂਦ ਡੇਢ ਲੱਖ ਰੁਪਏ ਦੀ ਨਗਦੀ ਵੀ ਖੋਹ ਲਈ। ਇਸ ਤੋ ਇਲਾਵਾ ਲੁਟੇਰੇ ਜਾਂਦੇ ਹੋਏ ਮੋਬਾਈਲ ਫੋਨ ਵੀ ਖੋਹ ਕੇ ਲੈ ਗਏ ਸਨ। ਪੁਲਿ ਅਧਿਕਾਰੀਆਂ ਮੁਤਾਬਕ ਵਪਾਰੀ ਦੇ ਘਰੋਂ ਲੁੱਟੀ ਹੋਈ ਨਗਦੀ ਸਹਿਤ ਗਹਿਣਿਆਂ ਅਤੇ ਹੋਰ ਸਮਾਨ ਦੀ ਕੀਮਤ ਕਰੀਬ 4 ਲੱਖ ਰੁਪਏ ਬਣਦੀ ਸੀ। ਪੁਲਿਸ ਵਲੋਂ ਪਰਚਾ ਦਰਜ਼ ਕਰਨ ਤੋਂ ਬਾਅਦ ਜਦ ਜਾਂਚ ਸ਼ੁਰੂ ਕੀਤੀ ਗਈ ਤਾਂ ਸੀਸੀਟੀਵੀ ਕੈਮਰਿਆਂ ਅਤੇ ਹੋਰਨਾਂ ਸਾਧਨਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਥਿਤ ਦੋਸ਼ੀਆਂ ਲਵਪ੍ਰੀਤ ਸਿੰਘ ਉਰਫ਼ ਲੱਭੀ, ਲਖਵੀਰ ਸਿੰਘ ਉਰਫ਼ ਲੱਖੀ, ਗੁਰਪ੍ਰਰੀਤ ਸਿੰਘ ਉਰਫ਼ ਲੱਲਾ ਸਾਰੇ ਵਾਸੀ ਭਦੌੜ, ਬਲਵਿੰਦਰ ਸਿੰਘ ਉਰਫ਼ ਲਾਡੀ ਵਾਸੀ ਤਪਾ ਮੰਡੀ, ਹਰਜੀਤ ਸਿੰਘ ਉਰਫ਼ ਕਾਲਾ ਵਾਸੀ ਅਲਕੜਾ, ਜਗਸੀਰ ਸਿੰਘ ਉਰਫ਼ ਲੰਮਾ ਵਾਸੀ ਅਲਕੜਾ ਅਤੇ ਸਾਹਿਲਦੀਪ ਸਿੰਘ ਵਾਸੀ ਭਗਤਾ ਭਾਈਕਾ ਨੂੰ ਕਾਬੂ ਕੀਤਾ ਗਿਆ। ਮੁਢਲੀ ਪੜਤਾਲ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਕਥਿਤ ਦੋਸ਼ੀਟਾਂ ਵਿਚੋਂ ਬਲਵਿੰਦਰ ਸਿੰਘ ਉਰਫ਼ ਲਾਡੀ ਅਤੇ ਜਗਸੀਰ ਸਿੰਘ ਉਰਫ਼ ਲੰਮਾ ਨੂੰ ਛੱਡ ਕੇ ਬਾਕੀ ਮੁਜਰਮਾਂ ਵਿਰੁਧ ਪਹਿਲਾਂ ਵੀ ਦਰਜ਼ਨਾਂ ਪਰਚੇ ਦਰਜ਼ ਹਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਹ ਸਾਰੇ ਮੁਜਰਮ ਆਪਸ ’ਚ ਜੇਲ੍ਹ ਵਿਚ ਹੀ ਮਿਲੇ ਸਨ ਤੇ ਕੁੱਝ ਇੰਨ੍ਹਾਂ ਨਾਲ ਬਾਹਰੋਂ ਰਲੇ ਸਨ। ਜਿਸਤੋਂ ਬਾਅਦ ਇੰਨ੍ਹਾਂ ਗਿਰੋਹ ਬਣਾ ਕੇ ਇਹ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਭਗਤਾ ਭਾਈ ਦੇ ਵਪਾਰੀ ਵਿਜੇ ਕੁਮਾਰ ਬਾਰੇ ਸਾਰੀ ਜਾਣਕਾਰੀ ਕਥਿਤ ਦੋਸ਼ੀ ਸਾਹਿਲਦੀਪ ਵਾਸੀ ਭਗਤਾ ਭਾਈਕਾ ਨੇ ਮੁਹੱਈਆ ਕਰਵਾਈ ਸੀ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਲਖਵੀਰ ਸਿੰਘ ਉਰਫ਼ ਲੱਖੀ ਮੱਧ ਪ੍ਰਦੇਸ਼ ਤੋਂ 18 ਹਜਾਰ ਰੁਪਏ ਵਿਚ ਇੱਕ ਦੇਸੀ ਪਿਸਤੌਲ ਖ਼ਰੀਦ ਕੇ ਲਿਆਇਆ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇੰਨ੍ਹਾਂ ਕੋਲੋ ਪੁਛਗਿਛ ਕੀਤੀ ਜਾ ਰਹੀ ਹੈ, ਜਿਸਤੋਂ ਬਾਅਦ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
Share the post "ਵਪਾਰੀ ਦੇ ਘਰ ’ਚ ਦਾਖ਼ਲ ਹੋ ਕੇ ਲੱਖਾਂ ਦੇ ਗਹਿਣੇ ਤੇ ਨਗਦੀ ਲੁੱਟਣ ਵਾਲੇ ਗਿਰੋਹ ਪੁਲਿਸ ਵਲੋਂ ਕਾਬੂ, ਸੱਤ ਕਾਬੂ"