ਪੰਜਾਬ ਪੁਲਿਸ ਹੁਣ ਮੈਰਿਜ ਪੈਲੇਸਾਂ ਦੇ ਬਾਹਰ ਸਰਾਬੀਆਂ ਦੇ ਕਰੇਗੀ ਟੈਸਟ
ਗ੍ਰਹਿ ਵਿਭਾਗ ਦੇ ਹੁਕਮਾਂ ’ਤੇ ਡੀਜੀਪੀ ਵਲੋਂ ਪੱਤਰ ਜਾਰੀ
ਹੁਕਮਾਂ ਤੋਂ ਬਾਅਦ ਬਠਿੰਡਾ ਦੀ ਟਰੈਫਿਕ ਪੁਲਿਸ ਨੇ ਰਾਤ ਨੂੰ ਹੀ ਪੈਲੇਸਾਂ ਅੱਗੇ ਲਗਾਏ ਨਾਕੇ
ਸੁਖਜਿੰਦਰ ਮਾਨ
ਬਠਿੰਡਾ , 7 ਦਸੰਬਰ: ਵਿਆਹਾਂ ’ਚ ਦਾਰੂ ਪੀਣ ਦੇ ਸ਼ੌਕੀਨਾਂ ਲਈ ਬੁਰੀ ਖ਼ਬਰ ਹੈ। ਹੁਣ ਅਜਿਹੇ ਸ਼ਰਾਬੀਆਂ ਨੂੰ ਵਿਆਹਾਂ ਤੋਂ ਘਰ ਵਾਪਸੀ ਲਈ ਕਿਸੇ ‘ਸੌਫ਼ੀ’ ਡਰਾਈਵਰ ਦਾ ਪ੍ਰਬੰਧ ਕਰਨਾ ਪਏਗਾ, ਜਿਹੜੇ ਪਹਿਲਾਂ ਦਾਰੂ ਪੀਣ ਤੋਂ ਬਾਅਦ ਖ਼ੁਦ ਗੱਡੀਆਂ ਚਲਾ ਕੇ ਆਉਂਦੇ ਸਨ। ਗ੍ਰਹਿ ਵਿਭਾਗ ਦੇ ਹੁਕਮਾਂ ’ਤੇ ਪੰਜਾਬ ਪੁਲਿਸ ਅਜਿਹੇ ਸ਼ਰਾਬੀਆਂ ਵਿਰੁਧ ਸਖ਼ਤ ਮੁਹਿੰਮ ਵਿੱਢਣ ਜਾ ਰਹੀ ਹੈ, ਜੋ ਵਿਆਹਾਂ ਵਿਚ ਦਾਰੂ ਪੀ ਕੇ ਘਰ ਵਾਪਸੀ ਜਾਣ ਲਈ ਖੁਦ ਗੱਡੀ ਡਰਾਈਵ ਕਰਨਗੇ। ਡੀਜੀਪੀ ਦੇ ਵਲੋਂ ਜਾਰੀ ਆਦੇਸ਼ਾਂ ਤਹਿਤ ਹੁਣ ਪੰਜਾਬ ਪੁਲਿਸ ਦੇ ਟਰੈਫ਼ਿਕ ਮੁਲਾਜਮ ਮੈਰਿਜ ਪੈਲੇਸਾਂ ਦੇ ਬਾਹਰ ਸਾਹ ਵਿਚੋਂ ਸਰਾਬ ਦੀ ਸੁਗੰਧ ਲੈਣ ਵਾਲੀਆਂ ਮਸ਼ੀਨਾਂ(2reath 1naly੍ਰers) ਨਾਲ ਲੈਸ ਰਹਿਣਗੇ ਤੇ ਸ਼ੱਕ ਪੈਣ ’ਤੇ ਕਿਸੇ ਵੀ ਵਿਅਕਤੀ ਦੀ ਜਾਂਚ ਕਰ ਸਕਦੇ ਹਨ। ਜੇਕਰ ਇਸ ਮਸ਼ੀਨ ਦੇ ਵਿਚ ਸ਼ਰਾਬ ਦੀ ਮਹਿਕ ਆ ਜਾਵੇਗੀ ਤਾਂ ਨਾ ਸਿਰਫ਼ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ, ਬਲਕਿ ਵੱਡਾ ਜੁਰਮਾਨਾ ਵੀ ਕੀਤਾ ਜਾਵੇਗਾ। ਗੌਰਤਲਬ ਹੈ ਕਿ ਪੰਜਾਬ ਵਿਚ ਹਰ ਸਾਲ ਸੜਕ ਹਾਦਸਿਆਂ ਵਿਚ ਹਜ਼ਾਰਾਂ ਕੀਮਤੀ ਜਾਨਾਂ ਜਾਂਦੀਆਂ ਹਨ ਅਤੇ ਇਹ ਹਾਦਸੇ ਸਰਦੀਆਂ ਵਿਚ ਧੁੰਦ ਪੈਣ ਕਾਰਨ ਹੋਰ ਵਧ ਜਾਂਦੇ ਹਨ। ਇਸਤੋਂ ਇਲਾਵਾ ਸਰਦੀਆਂ ਵਿਚ ਹੀ ਵਿਆਹਾਂ ਦਾ ਮੌਸਮ ਹੋਣ ਕਾਰਨ ਸਰਾਬ ਪੀ ਕੇ ਗੱਡੀਆਂ ਚਲਾਉਣ ਵਾਲਿਆਂ ਦੀ ਗਿਣਤੀ ਵੀ ਵਧ ਜਾਂਦੀ ਹੈ, ਜਿਸਦੇ ਚੱਲਦੇ ਪੰਜਾਬ ਸਰਕਾਰ ਨੇ ਅਜਿਹੇ ਹਾਦਸਿਆਂ ਵਿਚ ਜਾਣ ਵਾਲੀਆਂ ਕੀਮਤੀ ਜਿੰਦਗੀਆਂ ਨੂੰ ਬਚਾਉਣ ਲਈ ਇਹ ਕਦਮ ਚੁੱਕਿਆ ਹੈ। ਦਸਣਾ ਬਣਦਾ ਹੈ ਕਿ ਵਿਦੇਸ਼ਾਂ ਵਿਚ ਵੀ ਇਸਤੋਂ ਪਹਿਲਾਂ ਹੀ ਸਰਾਬ ਪੀ ਕੇ ਗੱਡੀਆਂ ਚਲਾਉਣ ਉਪਰ ਸਖਤ ਪਾਬੰਦੀ ਹੈ। ਹਾਲਾਂਕਿ ਭਾਰਤ ਵਿਚ ਵੀ ਸ਼ਰਾਬ ਪੀ ਕੇ ਗੱਡੀ ਚਲਾਉਣ ਨੂੰ ਗੈਰ ਕਾਨੂੰਨੀ ਮੰਨਿਆਂ ਜਾਂਦਾ ਹੈ ਤੇ ਇਸਦਾ ਜੁਰਮ ਸਾਬਤ ਹੋਣ ’ਤੇ ਭਾਰੀ ਜੁਰਮਾਨਾ ਵੀ ਕੀਤਾ ਜਾਂਦਾ ਹੈ, ਪ੍ਰੰਤੂ ਇਸਦੇ ਬਾਵਜੂਦ ਵੀ ਪੁਲਿਸ ਦੀ ਜਿਆਦਾ ਸਖ਼ਤੀ ਨਾ ਹੋਣ ਕਾਰਨ ਲੋਕ ਇਸ ਮਾਮਲੇ ਨੂੰ ਹਲਕੇ ਵਿਚ ਲੈਂਦੇ ਹਨ। ਜਿਸ ਕਾਰਨ ਹੁਣ ਡੀਜੀਪੀ ਦਫ਼ਤਰ ਵਲੋਂ ਇਸ ਸਬੰਧ ਵਿਚ ਸਖ਼ਤ ਰੁੱਖ ਅਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
Share the post "ਵਿਆਹ ਵਿਚੋਂ ‘ਟੱਲੀ’ ਹੋ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਕਰਨਾ ਪਏਗਾ ਡਰਾਈਵਰ ਦਾ ਪ੍ਰਬੰਧ"