ਜ਼ਿਲ੍ਹੇ ’ਚ ਸਿਆਸੀ ਚਰਚਾਵਾਂ ਦਾ ਬਜ਼ਾਰ ਗਰਮ
ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ: ਬਠਿੰਡਾ ਜ਼ਿਲ੍ਹੇ ’ਚ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਬਠਿੰਡਾ ਦਿਹਾਤੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਵਿਚਕਾਰ ਚੱਲ ਰਹੇ ਕਾਟੋ-ਕਲੈਸ਼ ਦੌਰਾਨ ਅੱਜ ਮਨਪ੍ਰੀਤ ਦੇ ਨਜਦੀਕੀ ਮੰਨੇ ਜਾਣ ਵਾਲੇ ਬਠਿੰਡਾ ਦਿਹਾਤੀ ਹਲਕੇ ਦੇ ਸਰਗਰਮ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਗੁਰਇਕਬਾਲ ਸਿੰਘ ਚਹਿਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਹਾਲਾਂਕਿ ਚਹਿਲ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਦੀ ਭਲਾਈ ਲਈ ਕਾਂਗਰਸ ਛੱਡ ਆਪ ਵਿਚ ਸ਼ਾਮਲ ਹੋਏ ਹਨ ਪ੍ਰੰਤੂ ਜ਼ਿਲ੍ਹੇ ਵਿਚ ਕਈ ਤਰ੍ਹਾਂ ਦੀਆਂ ਸਿਆਸੀ ਚਰਚਾਵਾਂ ਦਾ ਬਜ਼ਾਰ ਗਰਮ ਹੈ। ਚੱਲ ਰਹੀ ਇੱਕ ਚਰਚਾ ਮੁਤਾਬਕ ਲਾਡੀ ਨੂੰ ਠਿੱਬੀ ਲਗਾਉਣ ਲਈ ਉਕਤ ਆਗੂ ਆਪ ਵਿਚ ਸ਼ਾਮਲ ਹੋਏ ਹਨ ਜਾਂ ਕਰਵਾਏ ਗਏ ਹਨ। ਗੌਰਤਲਬ ਹੈ ਕਿ ਕਾਂਗਰਸ ਛੱਡਣ ਵਾਲੇ ਗੁਰਇਕਬਾਲ ਚਹਿਲ ਪਿਛਲੇ ਲੰਮੇ ਸਮੇਂ ਤੋਂ ਮਨਪ੍ਰੀਤ ਸਿੰਘ ਬਾਦਲ ਦੀ ਤਰਫ਼ੋਂ ਬਠਿੰਡਾ ਦਿਹਾਤੀ ਹਲਕੇ ਤੋਂ ਕਮਾਂਡ ਸੰਭਾਲ ਰਹੇ ਸਨ। ਪ੍ਰੰਤੂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਹਰਵਿੰਦਰ ਸਿੰਘ ਲਾਡੀ ਦੇ ਹੱਕ ਵਿਚ ਡਟਕੇ ਉਸਨੂੰ ਇਸ ਹਲਕੇ ਤੋਂ ਟਿਕਟ ਦਿਵਾਉਣ ਤੋਂ ਬਾਅਦ ਮਨਪ੍ਰੀਤ ਬਾਦਲ ਸਮਰਥਕਾਂ ਨੇ ਬਠਿੰਡਾ ਦਿਹਾਤੀ ਹਲਕਾ ਛੱਡ ਬਠਿੰਡਾ ਸ਼ਹਿਰੀ ਹਲਕੇ ਵਿਚ ਡੇਰੇ ਲਗਾਏ ਹੋਏ ਹਨ। ਜਿਸਦੇ ਚੱਲਦੇ ਪਿਛਲੇ ਦਿਨੀਂ ਹਰਵਿੰਦਰ ਸਿੰਘ ਲਾਡੀ ਨੇ ਸਪੱਸ਼ਟ ਤੌਰ ’ਤੇ ਵਿਤ ਮੰਤਰੀ ਉਪਰ ਗੰਭੀਰ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਸੀ ਕਿ ਉਸਨੂੰ ਹਰਾਉਣ ਲਈ ਸ: ਬਾਦਲ ਦੇ ਸਮਰਥਕ ਬਠਿੰਡਾ ਦਿਹਾਤੀ ਹਲਕੇ ਤੋਂ ਆਪ ਉਮੀਦਵਾਰ ਨਾਲ ਮਿਲ ਗਏ ਹਨ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਲਾਡੀ ਵਿਰੁਧ ਖੁੱਲ ਕੇ ਮੈਦਾਨ ਵਿਚ ਨਿੱਤਰਨ ਲਈ ਹੁਣ ਆਪ ਵਿਚ ਸਮੂਲੀਅਤ ਹੋਣ ਵਾਲੀ ਲੜੀ ਚੱਲਣ ਦੀ ਸੰਭਾਵਨਾ ਹੈ। ਉਧਰ ਸੰਪਰਕ ਕਰਨ ‘ਤੇ ਗੁਰਇਕਬਾਲ ਸਿੰਘ ਚਹਿਲ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਦੀ ਭਲਾਈ ਲਈ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ ਤੇ ਪਾਰਟੀ ਆਗੂ ਜਿੱਥੇ ਉਨ੍ਹਾਂ ਦੀ ਚੋਣਾਂ ਵਿਚ ਡਿਊਟੀ ਲਗਾਉੂਣਗੇ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਵਿਤ ਮੰਤਰੀ ਦਾ ਨਜ਼ਦੀਕੀ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਉਪ ਚੇਅਰਮੈਨ ਆਪ ’ਚ ਸ਼ਾਮਲ
7 Views