ਵਿਰੋਧੀ ਧਿਰਾਂ ਨੇ ਵਿਧਾਇਕ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਖ਼ੋਲੇ ਮੋਰਚੇ
ਸੁਖਜਿੰਦਰ ਮਾਨ
ਬਠਿੰਡਾ, 17 ਫਰਵਰੀ : ਬੀਤੀ ਦੇਰ ਸ਼ਾਮ ਵਿਜੀਲੈਂਸ ਵਲੋਂ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤੇ ਗਏ ਬਠਿੰਡਾ ਦਿਹਾਤੀ ਹਲਕੇ ਦੇ ਵਿਧਾਇਕ ਅਮਿਤ ਰਤਨ ਦੇ ਕਥਿਤ ਨਜ਼ਦੀਕੀ ਰਿਸ਼ਮ ਗਰਗ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਵਧੀਕ ਸ਼ੈਸਨ ਜੱਜ ਦਲਜੀਤ ਕੌਰ ਦੀ ਅਦਾਲਤ ਨੇ ਮੁਜਰਮ ਨੂੰ ਚਾਰ ਦਿਨਾਂ ਦੀ ਪੁਛਗਿਛ ਲਈ ਵਿਜੀਲੈਂਸ ਨੂੰ ਸੌਂਪ ਦਿੱਤਾ। ਇਸ ਮੌਕੇ ਵਿਜੀਲੈਂਸ ਦੇ ਡੀਐਸਪੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ‘‘ ਪੁਲਿਸ ਰਿਮਾਂਡ ਦੌਰਾਨ ਕਥਿਤ ਦੋਸ਼ੀ ਵਲੋਂ ਮੁੱਦਈ ਕੋਲੋ ਪਹਿਲਾਂ ਲਿਆ ਗਿਆ 50 ਹਜ਼ਾਰ ਰੁਪਇਆ ਅਤੇ ਇੱਕ ਹੋਰ ਵਿਅਕਤੀ ਪਾਸੋਂ ਨੰਬਰਦਾਰੀ ਦਿਵਾਉਣ ਲਈ ਲਏ ਗਏ ਢਾਈ ਲੱਖ ਰੁਪਏ ਦੀ ਬਰਾਮਦੀ ਕੀਤੀ ਜਾਣੀ ਹੈ। ’’ ਇਸ ਦੌਰਾਨ ਵਿਜੀਲੈਂਸ ਅਧਿਕਾਰੀਆਂ ਨੇ ਵਿਧਾਇਕ ਅਮਿਤ ਰਤਨ ਦੀ ਇਸ ਕੇਸ ਵਿਚ ਭੂਮਿਕਾ ਸਬੰਧੀ ਪੁੱਛੇ ਜਾਣ ’ਤੇ ਸਿਰਫ਼ ਇੰਨ੍ਹਾਂ ਹੀ ਕਿਹਾ ਕਿ ‘‘ ਮਾਮਲੇ ਦੀ ਹਾਲੇ ਜਾਂਚ ਜਾਰੀ ਹੈ। ’’ ਜਦੋਂਕਿ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਸ ਮਾਮਲੇ ਵਿਚ ਵਿਰੋਧੀ ਧਿਰਾਂ ਦੇ ਵਧਦੇ ਦਬਾਅ ਅਤੇ ਸਰਕਾਰ ਦੀ ਹੋ ਰਹੀ ਕਿਰਕਿਰੀ ਦੇ ਚੱਲਦਿਆਂ ਵਿਜੀਲੈਂਸ ਨੇ ਇਸ ਕੇਸ ਵਿਚ ਵਿਧਾਇਕ ਵਿਰੁਧ ਵੀ ਕਾਰਵਾਈ ਦੀ ਤਿਆਰੀ ਵਿੱਢ ਦਿੱਤੀ ਹੈ। ਸੂਚਨਾ ਮੁਤਾਬਕ ਕੇਸ ਵਿਚ ਨਾਮਜਦ ਕਰਨ ਲਈ ਹੁਣ ਵਿਜੀਲੈਂਸ ਨੂੰ ਵਿਧਾਨ ਸਭਾ ਤੋਂ ਮੰਨਜੂਰੀ ਦੀ ਜਰੂਰਤ ਹੈ, ਜਿਸ ਵਿਚ ਉਚ ਅਧਿਕਾਰੀਆਂ ਵਲੋਂ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਜਾ ਰਹੀ ਹੈ। ਉਧਰ ਸੂਚਨਾ ਮਿਲੀ ਹੈ ਕਿ ਮੁਦਈ ਪ੍ਰਿਤਪਾਲ ਉਰਫ਼ ਕਾਕਾ ਵਲੋਂ ਅੱਜ ਵਿਜੀਲਂੈਸ ਅਧਿਕਾਰੀਆਂ ਨੂੰ ਪੈਸੇ ਮੰਗਣ ਸਬੰਧੀ ਵਿਧਾਇਕ ਅਤੇ ਉਸਦੇ ਕਥਿਤ ਪੀਏ ਵਲੋਂ ਰਿਕਾਰਡ ਕੀਤੀ ਆਡੀਓ ਕਲਿੱਪਾਂ ਵੀ ਸੌਂਪੀਆਂ ਗਈਆਂ। ਮੁਦਈ ਕਾਕਾ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ‘‘ ਇੰਨ੍ਹਾਂ ਰਿਕਾਰਡਾਂ ਵਿਚ ਸਪੱਸ਼ਟ ਹੁੰਦਾ ਹੈ ਕਿ ਗ੍ਰਾਂਟਾਂ ਨੂੰ ਰਿਲੀਜ਼ ਕਰਵਾਉਣ ਲਈ ਵਿਧਾਇਕ ਵਲੋਂ ਹੀ 20 ਫ਼ੀਸਦੀ ਕਮਿਸ਼ਨ ਦੇ ਰੂਪ ਵਿਚ ਪੰਜ ਲੱਖ ਰੁਪਏ ਮੰਗੇ ਗਏ ਸਨ। ’’ ਦੂਜੇ ਪਾਸੇ ਇਸ ਮਾਮਲੇ ਵਿਚ ਹਾਲੇ ਤੱਕ ਵਿਜੀਲੈਂਸ ਵਲੋਂ ਸੱਤਾਧਾਰੀ ਧਿਰ ਦੇ ਵਕੀਲ ਨੂੰ ਇਸ ਕੇਸ ਵਿਚ ਨਾਮਜਦ ਨਾ ਕਰਨ ਦੇ ਰੋਸ਼ ਵਜੋਂ ਅੱਜ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਕਾਂਗਰਸ ਤੇ ਅਕਾਲੀ ਆਗੂਆਂ ਨੇ ਐਸਐਸਪੀ ਵਿਜੀਲੈਂਸ ਨਾਲ ਮੁਲਾਕਾਤ ਕਰ ਕੇ ਵਿਧਾਇਕ ਵਿਰੁਧ ਪਰਚਾ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕਰਨ ਦੀ ਮੰਗ ਰੱਖੀ। ਗੌਰਤਲਬ ਹੈ ਕਿ ਬੀਤੀ ਦੇਰ ਰਾਤ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਵਿਧਾਇਕ ਅਮਿਤ ਰਤਨ ਨੇ ਇਕ ਵੀਡੀਓ ਜਾਰੀ ਕਰ ਕੇ ਇਸ ਮਾਮਲੇ ਵਿਚ ਆਪਣੇ ਆਪ ਨੂੰ ਬੇਕਸੂਰ ਦੱਸਦਿਆ ਦਾਅਵਾ ਕੀਤਾ ਸੀ ਕਿ ਗ੍ਰਿਫਤਾਰ ਕੀਤਾ ਗਿਆ ਰਸ਼ਿਮ ਗਰਗ ਉਨ੍ਹਾਂ ਦਾ ਪੀਏ ਨਹੀਂ ਹੈ। ਜਦੋਂਕਿ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਵੀ ਸੀਬੀਆਈ ਦੀ ਜਾਂਚ ਮੰਗੀ। ਦਸਣਾ ਬਣਦਾ ਹੈ ਕਿ ਬੀਤੀ ਦੇਰ ਸ਼ਾਮ ਸਥਾਨਕ ਸਰਕਟ ਹਾਊਸ ’ਚ ਹੋਏ ਇਸ ਨਾਟਕੀ ਘਟਨਾਕ੍ਰਮ ਦੌਰਾਨ ਮੌਕੇ ’ਤੇ ਹੀ ਮੌਜੂਦ ਵਿਧਾਇਕ ਅਮਿਤ ਰਤਨ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮੌਕੇ ’ਤੇ ਪੁੱਜੇ ਭਾਜਪਾ ਆਗੂਆਂ ਵਲੋਂ ਨਾਅਰੇਬਾਜ਼ੀ ਕੀਤੀ ਗਈ ਸੀ। ਇਸ ਦੌਰਾਨ ਭਾਜਪਾ ਤੇ ਆਪ ਆਗੂਆਂ ਵਿਚਕਾਰ ਤਲਖੀ ਹੋਣ ਕਾਰਨ ਇੱਕ ਦਫ਼ਾ ਸਥਿਤੀ ਕਾਫ਼ੀ ਤਨਾਅਪੂਰਨ ਵੀ ਹੋ ਗਈ ਸੀ ਤੇ ਪ੍ਰਸ਼ਾਸਨ ਵਲੋਂ ਭਾਰੀ ਤਾਦਾਦ ਵਿਚ ਪੁਲਿਸ ਤੈਨਾਤ ਕੀਤੀ ਗਈ ਸੀ। ਇਸੇ ਹਾਲਾਤ ਦੇ ਚੱਲਦੇ ਹੀ ਪੁਲਿਸ ਨੇ ਵਿਧਾਇਕ ਨੂੰ ਸਰਕਟ ਹਾਊਸ ਦੇ ਪਿਛਲੇ ਗੇਟ ਰਾਹੀਂ ਬਾਹਰ ਕੱਢਿਆ ਗਿਆ ਸੀ।
Share the post "ਵਿਧਾਇਕ ਅਮਿਤ ਰਤਨ ਦੇ ਨਜ਼ਦੀਕੀ ਰਿਸ਼ਮ ਗਰਗ ਦਾ ਵਿਜੀਲੈਂਸ ਨੂੰ ਮਿਲਿਆ ਚਾਰ ਦਿਨਾਂ ਦਾ ਰਿਮਾਂਡ"