ਕਿਹਾ ਇਸ ਤਰ੍ਹਾਂ ਦੇ ਟੂਰ ਪ੍ਰੋਗਰਾਮਾਂ ਨਾਲ ਨੌਜਵਾਨਾਂ ਵਿੱਚ ਪੈਦਾ ਹੁੰਦਾ ਹੈ ਉਤਸ਼ਾਹ
ਸੁਖਜਿੰਦਰ ਮਾਨ
ਬਠਿੰਡਾ, 1 ਦਸੰਬਰ : ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਅੰਤਰਰਾਜ਼ੀ ਸੱਭਿਆਚਾਰਕ ਵਿਚਾਰ ਵਟਾਂਦਰਾ ਪ੍ਰੋਗਰਾਮ ਦੇ ਤਹਿਤ ਨੌਜਵਾਨਾਂ ਅੰਦਰ ਸੱਭਿਆਚਾਰਕ ਅਤੇ ਸਮਾਜਿਕ ਕਦਰਾਂ ਕੀਮਤਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬਠਿੰਡਾ, ਫਾਜ਼ਿਲਕਾ ਅਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੇ ਨੌਜਵਾਨਾਂ ਦਾ ਅੰਤਰਰਾਜ਼ੀ ਦੌਰਾ ਅੱਜ ਪਾਂਡੂਚੇਰੀ ਅਤੇ ਚੇੱਨਈ ਲਈ ਰਵਾਨਾ ਹੋਇਆ। ਇਸ ਦੀ ਰਵਾਨਗੀ ਸਥਾਨਕ ਰੇਲਵੇ ਸਟੇਸ਼ਨ ਤੋਂ ਵਿਧਾਇਕ ਬਠਿੰਡਾ ਸ਼ਹਿਰੀ ਸ. ਜਗਰੂਪ ਸਿੰਘ ਗਿੱਲ ਵੱਲੋਂ ਹਰੀ ਝੰਡੀ ਦੇ ਕੇ ਕੀਤੀ ਗਈ। ਇਸ ਮੌਕੇ ਵਿਧਾਇਕ ਸ. ਗਿੱਲ ਨੇ ਆਪਣੇ ਸੰਬੋਧਨ ਵਿਚ ਨੌਜਵਾਨਾਂ ਦੀ ਭਲਾਈ ਅਤੇ ਸਮਾਜਿਕ ਚੇਤਨਾ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੁਵਕ ਸੇਵਾਵਾਂ ਵਿਭਾਗ ਦੁਆਰਾ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਨੌਜਵਾਨਾਂ ਦੇ ਅਜਿਹੇ ਦੌਰੇ ਉਨ੍ਹਾਂ ਵਿੱਚੋਂ ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਦੇ ਖਿਲਾਫ਼ ਸਮਾਜਿਕ ਚੇਤਨਤਾ ਪੈਦਾ ਕਰਨ ਵਿਚ ਸਹਾਈ ਸਿੱਧ ਹੋਣਗੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਮਾਣ ਦੇਣ ਲਈ ਪਿਛਲੇ ਲੰਮੇ ਸਮੇਂ ਤੋਂ ਬੰਦ ਪਿਆ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੁਬਾਰਾ ਤੋਂ ਸ਼ੁਰੂ ਕੀਤਾ ਗਿਆ ਹੈ । ਇਹ ਪੁਰਸਕਾਰ ਪੰਜਾਬ ਸਰਕਾਰ ਵੱਲੋਂ ਸਮਾਜ ਸੇਵਾ ਅਤੇ ਯੁਵਕ ਗਤੀਵਿਧੀਆਂ ਦੇ ਖੇਤਰ ਵਿਚ ਚੰਗਾ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਦਿੱਤਾ ਜਾਂਦਾ ਹੈ l ਇਸ ਨਾਲ ਨੌਜਵਾਨਾਂ ਵਿਚ ਸਮਾਜ ਪ੍ਰਤੀ ਚੰਗੇ ਉੱਪਰਾਲੇ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਮੌਕੇ ਕੁਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਨੇ ਦੱਸਿਆ ਕਿ ਪਾਂਡੂਚੇਰੀ ਅਤੇ ਚੇੱਨਈ ਜਾ ਰਹੇ ਇਸ 10 ਰੋਜ਼ਾ ਸੱਭਿਆਚਾਰਕ ਵਿਚਾਰ ਵਟਾਂਦਰਾ ਪ੍ਰੋਗਰਾਮ ਦੌਰਾਨ ਤਿੰਨ ਜ਼ਿਲ੍ਹਿਆਂ ਦੇ ਨੌਜਵਾਨ ਵੱਖ-ਵੱਖ ਸਮਾਜਿਕ ਇਤਹਾਸਿਕ ਅਤੇ ਧਾਰਮਿਕ ਸਥਾਨਾਂ ਜਿਵੇਂ ਮਾਇਤਰੀ ਮੰਦਿਰ, ਔਰਵਿਲਾ, ਅਰਵਿੰਦੋ ਆਸ਼ਰਮ, ਫ਼?ਰੇਂਚ ਕਲੋਨੀ ਅਤੇ ਮਿਓਜ਼ੀਅਮ ਆਦਿ ਸਥਾਨਾਂ ਦਾ ਦੌਰਾ ਕਰਨਗੇ ਅਤੇ ਉਥੋਂ ਦੇ ਨੌਜਵਾਨਾਂ ਨਾਲ ਰਲ ਕੇ ਸੱਭਿਆਚਾਰਕ ਕਲਾਵਾਂ ਦੀ ਪੇਸ਼ਕਾਰੀ ਕਰਨਗੇ ।
Share the post "ਵਿਧਾਇਕ ਗਿੱਲ ਨੇ ਪਾਂਡੂਚੇਰੀ ਅੰਤਰਰਾਜੀ ਸੱਭਿਆਚਾਰਕ ਵਿਚਾਰ ਵਟਾਂਦਰਾ ਪ੍ਰੋਗਰਾਮ ਲਈ ਨੌਜਵਾਨਾਂ ਦਾ ਟੂਰ ਕੀਤਾ ਰਵਾਨਾ"