ਜਥੇਦਾਰਾਂ ਨੇ ਹੁਣ ਪੰਜਾਬ ਪੁਲਿਸ ਦੀ ਸੁਰੱਖਿਆ ਲੈਣ ਤੋਂ ਕੀਤਾ ਇੰਨਕਾਰ
ਸੁਖਜਿੰਦਰ ਮਾਨ
ਚੰਡੀਗ੍ਹੜ, 28 ਮਈ: ਪੰਜਾਬ ‘ਚ ਕਈ ਮੁੱਦਿਆਂ ’ਤੇ ਯੂ-ਟਰਨ ਲੈਣ ਵਾਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੁਰੱਖਿਆ ਲੈਣ ਦੇ ਮਾਮਲੇ ਵਿਚ ਵੀ ਫੈਸਲਾ ਵਾਪਸ ਲੈਣਾ ਪਿਆ। ਹਾਲਾਂਕਿ ਇਸ ਮਾਮਲੇ ਵਿਚ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਹਿਤ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਵੀ ਪੰਜਾਬ ਪੁਲਿਸ ਦੀ ਸੁਰੱਖਿਆ ਲੈਣ ਤੋਂ ਇੰਨਕਾਰ ਕਰ ਦਿੱਤਾ ਹੈ। ਜਿਸਤੋਂ ਬਾਅਦ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਰਤਸਰ ਨੇ ਜਥੇਦਾਰਾਂ ਨੂੰ ਅਪਣੇ ਪੱਧਰ ’ਤੇ ਟਾਸਕ ਫ਼ੋਰਸ ਦੀ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ। ਗੌਰਤਲਬ ਹੈ ਕਿ ਅੱਜ ਸਵੇਰੇ ਪੰਜਾਬ ਪੁਲਿਸ ਨੇ ਸੂਬੇ ’ਚ ਵੀਆਈਪੀ ਸੁਰੱਖਿਆ ਵਿਚ ਵੱਡੀ ਕਟੌਤੀ ਕਰਦਿਆਂ 424 ਵਿਅਕਤੀਆਂ ਕੋਲੋ ਸੁਰੱਖਿਆ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇੰਨ੍ਹਾਂ ਸਾਰੇ ਵਿਅਕਤੀਆਂ ਨਾਲ ਤੈਨਾਤ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਅੱਜ ਸ਼ਾਮ ਤੱਕ ਵਾਪਸੀ ਕਰਨ ਦੇ ਹੁਕਮ ਦਿੱਤੇ ਗਏ ਸਨ। ਸੁਰੱਖਿਆ ਵਾਪਸੀ ਵਾਲੇ ਵਿਅਅਕਤੀਆਂ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਸ਼ਾਮਲ ਸਨ, ਜਿੰਨ੍ਹਾਂ ਕੋਲ ਪੰਜਾਬ ਪੁਲਿਸ ਦੇ 6 ਜਵਾਨ ਸਨ, ਜਿਸ ਵਿਚੋਂ ਪੰਜਾਬ ਸਰਕਾਰ ਨੇ ਤਿੰਨ ਨੂੰ ਵਾਪਸ ਬੁਲਾ ਲਿਆ ਸੀ। ਮਾਮਲਾ ਜਥੇਦਾਰ ਦੇ ਧਿਆਨ ਵਿਚ ਆਉਂਦਿਆਂ ਉਨ੍ਹਾਂ ਸ਼੍ਰੋਮਣੀ ਕਮੇਟੀ ਰਾਹੀਂ ਬਾਕੀ ਤਿੰਨ ਮੁਲਾਜਮਾਂ ਨੂੰ ਵੀ ਵਾਪਸ ਭੇਜਣ ਲਈ ਕਹਿ ਦਿੱਤਾ ਸੀ। ਇਸੇ ਤਰ੍ਹਾਂ ਗਿਆਨੀ ਰਘਵੀਰ ਸਿੰਘ ਨੇ ਵੀ ਅਪਣੀ ਸੁਰੱਖਿਆ ਵਿਚ ਤੈਨਾਤ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਵਾਪਸ ਜਾਣ ਲਈ ਕਿਹਾ ਹੈ। ਮਾਮਲਾ ਮੀਡਆ ਵਿਚ ਆਉਣ ਤੋਂ ਬਾਅਦ ਹਰਕਤ ’ਚ ਆਉਂਦਿਆਂ ਪੰਜਾਬ ਸਰਕਾਰ ਨੇ ਇਸ ਫੈਸਲੇ ’ਤੇ ਪੁਨਰਵਿਚਾਰ ਕਰਦਿਆਂ ਜਥੇਦਾਰਾਂ ਦੀ ਸੁਰੱਖਿਆ ਵਾਪਸ ਕਰ ਦਿੱਤੀ ਸੀ। ਪ੍ਰੰਤੂ ਉਸ ਸਮੇਂ ਤੱਕ ਜਥੇਦਾਰਾਂ ਨੇ ਪੰਜਾਬ ਪੁਲਿਸ ਦੀ ਸੁਰੱਖਿਆ ਲੈਣ ਤੋਂ ਹੀ ਇੰਨਕਾਰ ਕਰ ਦਿੱਤਾ। ਜਿਕਰਯੋਗ ਹੈ ਕਿ ਜਥੇਦਾਰ ਸਹਿਤ ਜਿੰਨ੍ਹਾਂ ਹੋਰਨਾਂ ਵਿਅਕਤੀਆਂ ਦੀ ਸੁਰੱਖਿਆ ਵਾਪਸ ਲਈ ਗਈ ਹੈ, ਉਨ੍ਹਾਂ ਵਿਚ ਕਈ ਸਾਰੇ ਸਾਬਕਾ ਮੰਤਰੀ, ਸਾਬਕਾ ਵਿਧਾਇਕ, ਰਾਜਸੀ, ਸਮਾਜਿਕ ਅਤੇ ਧਾਰਮਿਕ ਆਗੂਆਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਉਚ ਅਧਿਕਾਰੀ ਅਤੇ ਪ੍ਰਾਈਵੇਟ ਹਸਤੀਆਂ ਵੀ ਸ਼ਾਮਲ ਹਨ।
Share the post "ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੁਰੱਖਿਆ ਵਾਪਸੀ ਨੂੰ ਲੈ ਕੇ ਆਪ ਸਰਕਾਰ ਦੀ ਯੂ-ਟਰਨ"