ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ 64 ਹਜ਼ਾਰ ਦੇ ਕਰੀਬ ਵੋਟਾਂ ਨਾਲ ਦਿੱਤੀ ਸੀ ਮਾਤ
ਸ਼ਹਿਰ ਵਿਚ ਸਕੂਟੀ ਜਾਂ ਫ਼ਿਰ ਵੈਗਨਰ ਕਾਰ ’ਤੇ ਘੁੰਮਦੇ ਹਨ ਨਵੇਂ ਬਣੇ ਵਿਧਾਇਕ
ਸੁਖਜਿੰਦਰ ਮਾਨ
ਬਠਿੰਡਾ, 27 ਮਾਰਚ: ਸੂਬੇ ਦੇ ਸਾਬਕਾ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਾਢੇ 63 ਹਜ਼ਾਰ ਦੇ ਕਰੀਬ ਵੋਟਾਂ ਨਾਲ ਕਰਾਰੀ ਹਾਰ ਦੇਣ ਵਾਲੇ ਜਗਰੂਪ ਸਿੰਘ ਗਿੱਲ ਦੀ ਸਾਦਗੀ ਦੇ ਬਠਿੰਡਾ ਦੇ ਲੋਕ ਕਾਇਲ ਹਨ। ਸ਼ਹਿਰ ਦੀਆਂ ਗਲੀਆਂ ’ਚ ਉਹ ਹਾਲੇ ਵੀ ‘ਸਕੂਟੀ’ ’ਤੇ ਘੁੰਮਦੇ ਆਮ ਦੇਖੇ ਜਾ ਸਕਦੇ ਹਨ, ਜਿਸਦੇ ਚੱਲਦੇ ਉਨ੍ਹਾਂ ਦੇ ਜਾਣਕਾਰ ‘ਸਕੂਟੀ’ ਵਾਲਾ ਐਮ.ਐਲ.ਏ ਦੱਸਦੇ ਹਨ। ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਬਠਿੰਡਾ ਦੀ ਸਿਆਸਤ ਵਿਚ ਧੁਰਾ ਬਣ ਕੇ ਘੁੰਮਣ ਵਾਲੇ ਸ: ਗਿੱਲ ਨੇ ਵਿਧਾਇਕ ਬਣਨ ਤੋਂ ਬਾਅਦ ਸੁਰੱਖਿਆ ਤੇ ਸਰਕਾਰੀ ਗੱਡੀ ਲੈਣ ਤੋਂ ਸਾਫ਼ ਇੰਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਤਰਕ ਹੈ ਕਿ ‘‘ਆਪਣੇ ਹੀ ਲੋਕਾਂ ਤੋਂ ਕਾਹਦਾ ਡਰ, ਜਿੰਨ੍ਹਾਂ ਦੀਆਂ ਵੋਟਾਂ ਲੈਣ ਲਈ ਉਹ ਮਹੀਨਾ ਪਹਿਲਾਂ ਹੱਥ ਬੰਨਦੇ ਰਹੇ ਹਨ।’’ ਸਾਦਗੀ ਤੇ ਹਰ ਸਮੇਂ ਆਮ ਵਿਅਕਤੀ ਬਣਕੇ ਰਹਿਣ ਦੇ ਸੌਕੀਨ ਨਵੇਂ ਬਣੇ ਇਸ ਵਿਧਾਇਕ ਦੇ ਇੱਕ ਮਿੱਤਰ ਨੂੰ ਕਈ ਸਾਲ ਪਹਿਲਾਂ ਉਸ ਸਮੇਂ ਗਹਿਰਾ ਝਟਕਾ ਲੱਗਿਆ ਸੀ ਜਦ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹੁੰਦਿਆਂ ਸ: ਗਿੱਲ ਬਠਿੰਡਾ ਸ਼ਹਿਰ ਤੋਂ 15 ਕਿਲੋਮੀਟਰ ਦੂਰ ਉਸਦੇ ਪਿੰਡ ਵਿਚ ‘ਸਕੂਟੀ ’ ’ਤੇ ਹੀ ਉਸਦੀ ਲੜਕੀ ਦੇ ਵਿਆਹ ’ਤੇ ਜਾ ਪੁੱਜੇ ਸਨ। ਨਾ ਲਾਲ ਬੱਤੀ ਵਾਲੀ ਗੱਡੀ ਤੇ ਨਾ ਹੀ ਕੋਈ ਗੰਨਮੈਨ ਦੇਖ ਜਦ ਉਨ੍ਹਾਂ ਦੇ ਮਿੱਤਰ ਨੇ ਇਧਰ-ਉਧਰ ਵੇਖਿਆ ਤਾਂ ਉਸਦੀ ਹਾਲਾਤ ਭਾਂਪਦਿਆਂ ਗਿੱਲ ਸਾਹਿਬ ਨੇ ਬੜੀ ਬੇਬਾਕੀ ਨਾਲ ਉਸਨੂੰ ਇਹ ਕਹਿੰਦਿਆਂ ਨਿਰਉਤਰ ਕਰ ਦਿੱਤਾ ਸੀ ਕਿ ‘ਉਸਨੇ ਜਗਰੂਪ ਸਿੰਘ ਗਿੱਲ ਨੂੰ ਵਿਆਹ ’ਤੇ ਸੱਦਿਆ ਹੈ ਜਾਂ ਚੇਅਰਮੈਨ ਦੀ ਗੱਡੀ ਤੇ ਉਨ੍ਹਾਂ ਦੇ ਗੰਨਮੈਨਾਂ ਨੂੰ।’’ ਹੁਣ ਇਹੀ ਹਾਲ ਉਨ੍ਹਾਂ ਦੇ ਵਿਧਾਇਕ ਬਣਨ ਤੋਂ ਬਾਅਦ ਵੀ ਹੈ, ਉਜ ਉਹ ਚੋਣਾਂ ਤੋਂ ਪਹਿਲਾਂ ਪ੍ਰਵਾਰ ਵਲੋਂ ਜੋਰ ਦੇਣ ਤੋਂ ਬਾਅਦ ਖਰੀਦੀ ‘ਵੈਗਨਰ’ ਗੱਡੀ ਨੂੰ ਸਹਿਰ ਵਿਚ ਜਰੂਰ ਲੈ ਜਾਂਦੇ ਹਨ, ਜਿਸਨੂੰ ਦੇਖ ਕੇ ਪਹਿਲੀ ਵਾਰ ਉਨ੍ਹਾਂ ਨੂੰ ਮਿਲਣ ਵਾਲੇ ਵਿਅਕਤੀਆਂ ਨੂੰ ‘ਵਿਧਾਇਕ’ ਦੇ ਪੁੱਜਣ ਦਾ ਅਹਿਸਾਸ ਵੀ ਨਹੀਂ ਹੁੰਦਾ ਹੈ। ਬਠਿੰਡਾ ਸ਼ਹਿਰ ਦੀ ਲਗਭਗ ਹਰ ਗਲੀ, ਹਰ ਮੁਹੱਲੇ ਦੇ ਵਾਸੀ ਨੂੰ ਨਿੱਜੀ ਤੌਰ ’ਤੇ ਜਾਣਨ ਵਾਲੇ ਵਿਧਾਇਕ ਗਿੱਲ ਦਾ ਤਰਕ ਹੈ ਕਿ ‘‘ਜੇਕਰ ਤੁਸੀਂ ਗਲਤ ਕੰੰਮ ਨਹੀਂ ਕਰਨਾ ਤਾਂ ਤੁਹਾਨੂੰ ਕੋਈ ਖ਼ਤਰਾ ਨਹੀਂ ਹੁੰਦਾ। ’’ ਉਨ੍ਹਾਂ ਕਿਹਾ ਕਿ ਬਚਪਨ ਤੋਂ ਹੀ ਸਾਦਗੀ ਪਸੰਦ ਹਨ ਤੇ ਫ਼ੋਕੇ ਦਿਖਾਵੇ ਤੋਂ ਸਖ਼ਤ ਨਫ਼ਰਤ ਹੈ। ਸ: ਗਿੱਲ ਨੇ ਕਿਹਾ ਕਿ ਵੱਡੀ ਕਾਰ ਦੀ ਬਜਾਏ ਉਨ੍ਹਾਂ ਦੀ ‘ਸਕੂਟੀ’ ਸ਼ਹਿਰ ਦੀ ਹਰ ਉਸ ਗਲੀ ਤੇ ਮੁਹੱਲੇ ਵਿਚ ਜਾ ਸਕਦੀ ਹੈ, ਜਿੱਥੋਂ ਕੋਈ ਹੋਰ ਚੀਜ ਨਹੀਂ ਟੱਪਦੀ। ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਚੋਣਾਂ ’ਚ ਨਾਮਜਦਗੀ ਭਰਨ ਸਮੇਂ ਵੀ ਉਨ੍ਹਾਂ ਨੂੰ ਗੰਨਮੈਨ ਦੇਣ ਲਈ ਕਿਹਾ ਗਿਆ ਸੀ ਪ੍ਰੰਤੂ ਉਸਨੇ ਇੰਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਨਗਰ ਕੋਂਸਲ ਦਾ ਪ੍ਰਧਾਨ, ਨਗਰ ਸੁਧਾਰ ਟਰੱਸਟ ਤੇ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਰਹਿੰਦੇ ਸਮੇਂ ਵੀ ਉਨ੍ਹਾਂ ਸਰਕਾਰੀ ਗੱਡੀ ਤੇ ਗੰਨਮੈਂਨ ਨਹੀਂ ਲਏ ਸਨ ਤੇ ਹੁਣ ਵੀ ਉਨ੍ਹਾਂ ਨੂੰ ਕੋਈ ਜਰੂਰਤ ਨਹੀਂ ਤੇ ਲੋਕ ਹੀ ਉਸਦੀ ਤਾਕਤ ਹਨ। ਜਿਕਰਯੋਗ ਹੈ ਕਿ ਲਗਾਤਾਰ 40 ਤੋਂ ਪਹਿਲਾਂ ਨਗਰ ਕੋਂਸਲ ਤੇ ਹੁਣ ਨਗਰ ਨਿਗਮ ਦੇ ਮੈਂਬਰ ਚੱਲੇ ਆ ਰਹੇ ਜਗਰੂਪ ਸਿੰਘ ਗਿੱਲ ਨੂੰ ਸੀਨੀਅਰ ਹੋਣ ਦੇ ਬਾਵਜੂਦ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਪਣੇ ਰਿਸ਼ਤੇਦਾਰ ਦੇ ਪਿੱਛੇ ਲੱਗ ਕੇ ਮੇਅਰ ਬਣਾਉਣ ਤੋਂ ਇੰਨਕਾਰ ਕਰ ਦਿੱਤਾ ਸੀ, ਜਿਸਦਾ ਬਠਿੰਡਾ ਦੇ ਲੋਕਾਂ ਨੇ ਕਾਫ਼ੀ ਬੁਰਾ ਮਨਾਇਆ ਸੀ ਤੇ ਹੁਣ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਮਨਪ੍ਰੀਤ ਬਾਦਲ ਨੂੰ ਇਤਿਹਾਸਕ ਵੋਟਾਂ ਨਾਲ ਹਾਰ ਦੇ ਕੇ ਅਪਣਾ ਗੁੱਸਾ ਵੀ ਕੱਢਿਆ ਹੈ।
‘ਵੈਗਨਰ’ ਵਾਲਾ ਐਮ.ਐਲ.ਏ ਜਗਰੂਪ ਸਿੰਘ ਗਿੱਲ, ਨਾ ਲਈ ਕਾਰ ਤੇ ਨਾ ਲਏ ਗੰਨਮੈਨ
13 Views