ਕਨਵੈਨਸ਼ਨ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ
ਸੁਖਜਿੰਦਰ ਮਾਨ
ਬਠਿੰਡਾ, 5 ਫ਼ਰਵਰੀ : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜਿਲ੍ਹਾ ਜਥੇਬੰਦੀ ਦੀ ਇੱਕ ਮੀਟਿੰਗ ਜਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਝੁੰਬਾ ਵਿਖੇ ਹੋਈ । ਮੀਟਿੰਗ ਵਿਚ ਸ਼ਿੰਗਾਰਾ ਸਿੰਘ ਮਾਨ ਅਤੇ ਜ਼ਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ ਸੂਬਾ ਕਮੇਟੀ ਵੱਲੋਂ 7 ਫਰਵਰੀ ਨੂੰ ‘‘ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦਾ ਮੁੱਦਾ’’ ਵਿਸ਼ੇ ’ਤੇ ਬਠਿੰਡਾ ਦੀ ਦਾਣਾ ਮੰਡੀ ਵਿਖੇ ਇੱਕ ਵਿਸ਼ਾਲ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਸ ਕਨਵੈਨਸ਼ਨ ਵਿਚ ਪੁੱਜ ਰਹੇ ਬੁੱਧੀਜੀਵੀਆਂ ਅਤੇ ਜਥੇਬੰਦੀ ਦੇ ਕਾਰਕੁਨਾਂ ਦੇ ਲੰਗਰ ਪਾਣੀ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਲਈ ਵਰਕਰਾਂ ਦੀਆਂ ਡਿਊਟੀਆਂ ਲਾਈਆਂ। ਮੀਟਿੰਗ ਵਿੱਚ ਸ਼ਾਮਲ ਆਗੂਆਂ ਨੂੰ 10 ਫਰਵਰੀ ਨੂੰ ਪਿੰਡ ਕੋਠਾ ਗੁਰੂ ਵਿਖੇ ਮਾਸਟਰ ਬੂਟਾ ਸਿੰਘ ਦੀ ਮਨਾਈ ਜਾ ਰਹੀ ਬਰਸੀ ਤੇ ਪਹੁੰਚਣ ਦਾ ਸੱਦਾ ਦਿੱਤਾ ਗਿਆ। ਇਸ ਤੋਂ ਇਲਾਵਾ ਮੀਟਿੰਗ ਵਿੱਚ 15 ਫਰਵਰੀ ਨੂੰ ਪਿੰਡ ਜੇਠੂਕੇ ਵਿਖੇ ਮਨਾਈ ਜਾ ਰਹੀ ਸਹੀਦਾਂ ਦੀ ਬਰਸੀ ਬਾਰੇ ਵੀ ਚਰਚਾ ਕੀਤੀ ਗਈ। ਕਿਸਾਨ ਆਗੂਆਂ ਨੇ ਬਠਿੰਡਾ ਵਿਖੇ ਕੀਤੀ ਜਾ ਰਹੀ ਕਨਵੈਨਸ਼ਨ ਦੇ ਵਿਸੇਸ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਜ਼ਾ ਭੁਗਤ ਚੁੱਕੇ ਕੈਦੀਆਂ ਦੇ ਕਾਨੂੰਨੀ, ਜਮਹੂਰੀ ਤੇ ਮਨੁੱਖੀ ਅਧਿਕਾਰਾਂ ਪੱਖੋਂ ਮੁਲਕ ਦੀਆਂ ਜੇਲ੍ਹਾਂ ਅੰਦਰ ਹਾਲਤ ਬਹੁਤ ਹੀ ਤਰਸ ਯੋਗ ਹੈ ਅਤੇ ਵੱਖ-ਵੱਖ ਧਰਮਾਂ, ਜਾਤਾਂ ਤੇ ਇਲਾਕਿਆਂ ਨਾਲ ਸਬੰਧਤ ਅਣਗਿਣਤ ਕੈਦੀ ਸਜ਼ਾਵਾਂ ਪੂਰੀਆਂ ਹੋਣ ’ਤੇ ਵੀ ਜੇਲ੍ਹਾਂ ਅੰਦਰ ਸੜ ਰਹੇ ਹਨ ਤੇ ਬਹੁਤ ਸਾਰੇ ਅਜਿਹੇ ਵੀ ਹਨ ਜਿਨ੍ਹਾਂ ਦੇ ਅਦਾਲਤੀ ਟਰਾਇਲ ਵੀ ਸ਼ੁਰੂ ਨਹੀਂ ਕੀਤੇ ਜਾਂਦੇ। ਕੇਂਦਰੀ ਤੇ ਸੂਬਾ ਪੱਧਰ ’ਤੇ ਬੀਤੇ ਵਿੱਚ ਬਦਲ-ਬਦਲ ਕੇ ਆਈਆਂ ਸਾਰੀਆਂ ਰੰਗ-ਬਰੰਗੀਆਂ ਸਰਕਾਰਾਂ ਅਤੇ ਰਾਜ ਦੀਆਂ ਬਾਕੀ ਸੰਸਥਾਵਾਂ ਇਸ ਮੁੱਦੇ ’ਤੇ ਸਿਰੇ ਦਾ ਗੈਰ- ਜਮਹੂਰੀ, ਅੜੀਅਲ ਤੇ ਧੱਕੜ ਰਵੱਈਆ ਅਖਤਿਆਰ ਕਰਦੀਆਂ ਆਈਆਂ ਹਨ। ਉਹਨਾਂ ਕਿਹਾ ਕਿ ਬਠਿੰਡਾ ਦੀ ਇਸ ਕਨਵੈਨਸ਼ਨ ਅੰਦਰ ਜਿੱਥੇ ਕੇਂਦਰੀ ਤੇ ਸੂਬਾ ਹਕੂਮਤਾਂ ਦੇ ਇਸ ਧੱਕੜ ਤੇ ਜਾਬਰ ਰੁਖ ਨੂੰ ਬੇਨਕਾਬ ਕੀਤਾ ਜਾਵੇਗਾ ਅਤੇ ਇਸ ਮੁੱਦੇ ਨਾਲ ਸਬੰਧਤ ਮੰਗਾਂ ਉਭਾਰੀਆਂ ਜਾਣਗੀਆਂ, ਓਥੇ ਜਥੇਬੰਦੀ ਦੀਆਂ ਵਿਸ਼ਾਲ ਸਫ਼ਾਂ ਨੂੰ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੇ ਮੁੱਦੇ ’ਤੇ ਜਥੇਬੰਦੀ ਦੀ ਸਮਝ ਬਾਰੇ ਸਿੱਖਿਅਤ ਵੀ ਕੀਤਾ ਜਾਵੇਗਾ। ਇਸ ਕਨਵੈਨਸ਼ਨ ਨੂੰ ਜਥੇਬੰਦੀ ਦੇ ਮੁੱਖ ਆਗੂਆਂ ਤੋਂ ਬਿਨਾਂ ਜਮਹੂਰੀ ਤੇ ਮਨੁੱਖੀ ਅਧਿਕਾਰਾਂ ਦੇ ਜਾਣੇ-ਪਹਿਚਾਣੇ ਕਾਰਕੁੰਨ ਤੇ ਬੁੱਧੀਜੀਵੀ ਡਾ ਨਵਸ਼ਰਨ ਕੌਰ ਅਤੇ ਐਨ ਕੇ ਜੀਤ ਐਡਵੋਕੇਟ ਸੰਬੋਧਨ ਕਰਨਗੇ। ਅੱਜ ਦੀ ਮੀਟਿੰਗ ਵਿੱਚ ਬਸੰਤ ਸਿੰਘ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ, ਮਾਲਣ ਕੌਰ ਕੋਠਾ ਗੁਰੂ ,ਪਰਮਜੀਤ ਕੌਰ ਪਿੱਥੋ, ਕਰਮਜੀਤ ਕੌਰ ਲਹਿਰਾ ਖਾਨਾ ਤੋਂ ਇਲਾਵਾ ਬਲਾਕਾਂ ਪਿੰਡਾਂ ਦੇ ਆਗੂ ਸ਼ਾਮਲ ਸਨ । ਮੀਟਿੰਗ ਤੋਂ ਪਹਿਲਾਂ ਜ਼ਿਲ੍ਹਾ ਕਮੇਟੀ ਮੈਬਰ ਜਗਜੀਰ ਸਿੰਘ ਝੁੰਬਾ ਦੀ ਮਾਤਾ ਦੇ ਭੋਗ ਸਮਾਗਮ ਤੇ ਸਾਰੇ ਆਗੂਆਂ ਨੇ ਸਮੂਲੀਅਤ ਕੀਤੀ।
Share the post "ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦੇ ਮੁੱਦੇ ’ਤੇ ਕਿਸਾਨ ਜਥੇਬੰਦੀ ਵਲੋਂ ਕਨਵੈਨਸ਼ਨ ਭਲਕੇ"