ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ: ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਸਿਵਲ ਸਰਜ਼ਨ ਦਫ਼ਤਰ ਅੱਗੇ ਧਰਨਾ ਲਗਾ ਰਹੀਆਂ ਨਰਸਾਂ ਨੇ ਅੱਜ ਸਰਕਾਰ ਦੇ ਰੁੱਖੇ ਵਤੀਰੇ ਤੋਂ ਦੁੱਖੀ ਹੋ ਕੇ ਸ਼ਹਿਰ ਵਿਚ ਰੋਸ਼ ਮਾਰਚ ਕੱਢਿਆ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵਿਰੁਧ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਗੌਰਤਲਬ ਹੈ ਕਿ ਇਹ ਨਰਸਾਂ ਅਣਮਿਥੇ ਸਮੇਂ ਲਈ ਹੜਤਾਲ ’ਤੇ ਚੱਲ ਰਹੀਆਂ ਹਨ। ਉਧਰ ਹਸਪਤਾਲ ਤੋਂ ਸ਼ੁਰੂ ਹੋ ਕੇ ਡੀਸੀ ਦਫ਼ਤਰ ਤੱਕ ਪੁੱਜੇ ਇਸ ਮਾਰਚ ਦੌਰਾਨ ਰਾਸਤੇ ਵਿਚ ਰਜਿੰਦਰਾ ਕਾਲਜ਼ ਅੱਗੇ ਗੈਸਟ ਫੈਕਲਟੀ ਟੀਚਰਾਂ ਦੇ ਲੱਗੇ ਧਰਨੇ ਨਾਲ ਵੀ ਇਕਜੁਟਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਨਰਸਿੰਗ ਸਟਾਫ਼ ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਕਿ ਮੰਗਾਂ ਪੂਰੀਆਂ ਹੋਣ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਉਧਰ ਨਰਸਾਂ ਦੀ ਹੜਤਾਲ ਕਾਰਨ ਇਕੱਲਾ ਸਿਵਲ ਹਸਪਤਾਲ ਹੀ ਨਹੀਂ, ਬਲਕਿ ਐਮਰਜੈਂਸੀ ਵਾਰਡ, ਜੱਚਾ ਬੱਚਾ ਵਾਰਡ ਤੇ ਹੋਰਨਾਂ ਥਾਵਾਂ ’ਤੇ ਵੀ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਹਸਪਤਾਲ ਦੇ ਅਧਿਕਾਰੀ ਬਦਲਵਾਂ ਪ੍ਰਬੰਧ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਸਰਕਾਰ ਦੇ ਵਤੀਰੇ ਤੋਂ ਦੁਖੀ ਨਰਸਾਂ ਨੇ ਸ਼ਹਿਰ ’ਚ ਕੱਢਿਆ ਮਾਰਚ
12 Views