5 Views
👉ਅਫ਼ਸਰ ਤੇ ਮੁਲਾਜ਼ਮ ਹਫ਼ਤਾਭਰ ਰਹਿਣਗੇ ਸਮੂਹਿਕ ਛੁੱਟੀ ‘ਤੇ
👉ਪੀ.ਸੀ.ਐਸ. ਐਸੋਸੀਏਸ਼ਨ ਤੋਂ ਬਾਅਦ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਵਲੋਂ ਵੀ ਸਮੂਹਿਕ ਛੁੱਟੀ ‘ਤੇ ਜਾਣ ਦਾ ਐਲਾਨ
👉ਆਰ ਟੀ ਏ ਨਰਿੰਦਰ ਸਿੰਘ ਧਾਲੀਵਾਲ ਅਤੇ ਮੈਡਮ ਨੀਲਿਮਾ ਆਈ. ਏ.ਐਸ. ਦੀ ਗਿਰਫਤਾਰੀ ਦੇ ਵਿਰੋਧ ਵਿਚ ਲਿਆ ਫੈਸਲਾ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ/ਫਰੀਦਕੋਟ, 8 ਜਨਵਰੀ: ਸੋਮਵਾਰ ਤੋਂ ਲੈਕੇ ਸ਼ੁਕਰਵਾਰ ਤੱਕ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ, ਐਸ.ਡੀ.ਐਮਜ਼ ਅਤੇ ਤਹਿਸੀਲਦਾਰਾਂ ਦੇ ਦਫ਼ਤਰਾਂ ਵਿੱਚ ਕੰਮਕਾਜ ਠੱਪ ਰਹਿਣ ਜਾ ਰਿਹਾ ਹੈ। ਪਿਛਲੇ ਦਿਨੀਂ ਵਿਜੀਲੈਂਸ ਬਿਊਰੋ ਵੱਲੋਂ ਲੁਧਿਆਣਾ ਦੇ ਆਰ ਟੀ ਏ ਨਰਿੰਦਰ ਸਿੰਘ ਧਾਲੀਵਾਲ ਅਤੇ ਇਕ ਮਹਿਲਾ ਆਈ ਏ ਐਸ ਅਧਿਕਾਰੀ ਨੀਲਿਮਾ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਕਾਰਵਾਈ ਕਰਨ ਦੀ ਪ੍ਰੀਕ੍ਰਿਆ ਤੋਂ ਭੜਕੇ ਜਿੱਥੇ ਪੀਸੀਐਸ ਅਧਿਕਾਰੀਆਂ ਨੇ ਲੁਧਿਆਣਾ ਵਿੱਚ ਇੱਕ ਮੀਟਿੰਗ ਕਰਕੇ ਇੱਕ ਹਫ਼ਤੇ ਲਈ ਸਮੂਹਿਕ ਛੁੱਟੀ ‘ਤੇ ਜਾਣ ਦਾ ਐਲਾਨ ਕੀਤਾ ਹੈ, ਉਥੇ ਫਰੀਦਕੋਟ ਵਿਖੇ ਪੰਜਾਬ ਰਾਜ ਜਿਲ੍ਹਾ (ਡੀ ਸੀ) ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ, ਸੂਬਾ ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ ਅਤੇ ਸੂਬਾ ਚੈਅਰਮੈਨ ਓਮ ਪ੍ਰਕਾਸ਼ ਸਿੰਘ ਵੱਲੋਂ ਜਥੇਬੰਦੀ ਨਾਲ ਮਿਲਕੇ ਲਏ ਫੈਸਲੇ ਵਿਚ ਪੀਸੀਐਸ ਅਧਿਕਾਰੀਆਂ ਨਾਲ ਖੜਦਿਆਂ 9 ਜਨਵਰੀ ਤੋਂ 13 ਜਨਵਰੀ 2023 ਤੱਕ ਸਮੂਹਿਕ ਛੁੱਟੀ ‘ਤੇ ਜਾਣ ਦਾ ਐਲਾਨ ਕੀਤਾ ਹੈ। ਗੌਰਤਲਬ ਹੈ ਕਿ ਵਿਜੀਲੈਂਸ ਵੱਲੋਂ ਪੀਸੀਐਸ ਅਧਿਕਾਰੀ ਨਰਿੰਦਰ ਸਿੰਘ ਧਾਲੀਵਾਲ ਨੂੰ ਇਕ ਵਿਅਕਤੀ ਦੀ ਸਿਕਾਇਤ ‘ਤੇ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਇਸ ਤਰ੍ਹਾਂ ਦੀ ਇਕ ਹੋਰ ਮਾਮਲੇ ਵਿਚ ਆਈ ਏ ਐਸ ਅਧਿਕਾਰੀ ਨੀਲਿਮਾ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਪੀਸੀਐਸ ਅਧਿਕਾਰੀਆਂ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਦੌਰਾਨ ਨਰਿੰਦਰ ਸਿੰਘ ਧਾਲੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਰੋਸ ਜਤਾਉਂਦਿਆਂ ਵਿਜੀਲੈਂਸ ਉੱਪਰ ਦੋਸ਼ ਲਗਾਏ ਗਏ ਕਿ ਉਹ ਆਪਣੇ ਅਧਿਕਾਰ-ਖੇਤਰ ਤੋਂ ਬਾਹਰ ਜਾ ਕੇ ਆਪਹੁਦਰੇਪਣ ਤੇ ਉਤਰ ਆਇਆ ਹੈ। ਹਰਾ ਕੇ ਪੀਸੀਐਸ ਅਤੇ ਡੀ ਸੀ ਦਫ਼ਤਰ ਦੇ ਮੁਲਾਜ਼ਮਾਂ ਨੇ ਦਾਅਵਾ ਕੀਤਾ ਕਿ ਉਹ ਕੁਰੱਪਸ਼ਨ ਦੇ ਬਿਲਕੁੱਲ ਖਿਲਾਫ ਹਨ ਅਤੇ ਸਰਕਾਰ ਨਾਲ ਇਸ ਮੁੱਦੇ ਤੇ ਪੂਰਾ ਸਮਰਥਨ ਦੇ ਰਹੇ ਹਨ ਪਰੰਤੂ ਇਸ ਦੀ ਆੜ੍ਹ ਵਿੱਚ ਕਿਸੇ ਜਾਇਜ ਨਾਲ ਨਜਾਇਜ਼ ਬਿਲਕੁੱਲ ਨਹੀਂ ਹੋਣ ਦਿਆਂਗੇ ਅਤੇ ਨਾ ਹੀ ਸਿਆਸੀ ਬਦਲਾਖੋਰੀ ਦਾ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੂੰ ਇਸ ਦਾ ਸ਼ਿਕਾਰ ਹੋਣ ਦਿਆਂਗੇ। ਉਨ੍ਹਾਂ ਦੋਸ਼ ਲਗਾਇਆ ਕਿ ਮੈਡਮ ਨੀਲਿਮਾ ਆਈ ਏ ਐਸ ਅਧਿਕਾਰੀ ਅਤੇ ਪੀ ਸੀ ਐਸ ਅਧਿਕਾਰੀ ਨਰਿੰਦਰ ਸਿੰਘ ਧਾਲੀਵਾਲ ਦੇ ਮਾਮਲੇ ਵਿੱਚ ਵਿਜੀਲੈਂਸ ਵਲੋਂ ਅਨਿਯਮਤਾ ਜ਼ਿਆਦਾ ਦਿਖਾਈ ਜਾ ਰਹੀ ਹੈ। ਇਸ ਮੁੱਦੇ ਨੂੰ ਲੈ ਕੇ ਪੀਸੀਐਸ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਸਕੱਤਰ ਅਤੇ ਸਕੱਤਰ ਟਰਾਂਸਪੋਰਟ ਨੂੰ ਵੀ ਮਿਲਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਇਲਾਵਾ ਡੀ ਸੀ ਦਫ਼ਤਰ ਦੇ ਕਾਮਿਆਂ ਨੇ ਉਕਤ ਮਾਮਲੇ ਦੇ ਨਾਲ ਆਪਣੀਆਂ ਮੰਗਾਂ ਵਿੱਚ ਸ਼ਾਮਿਲ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਮੁਕੰਮਲ ਨੋਟੀਫਿਕੇਸ਼ਨ ਜਾਰੀ ਕਰਾਉਣ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਪੁਨਰਗਠਨ ਨੂੰ ਰਿਵਿਊ ਕਰਕੇ ਖਤਮ ਕੀਤੀਆਂ ਸ਼ਾਖਾਵਾਂ /ਅਸਾਮੀਆਂ ਨੂੰ ਰੀਵੀਊ ਕਰਕੇ ਬਹਾਲ ਕਰਨ, ਕੋਟਾ ਵਧਾਉਣ ਅਤੇ ਸਟੇਨੋ ਕਾਡ੍ਰ ਦੀਆਂ ਮੰਗਾਂ ਨੂੰ ਸਰਕਾਰ ਤੇ ਮਾਲ ਵਿਭਾਗ ਵਲੋਂ ਅਣਗੌਲਿਆ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਜਿਸਦੇ ਚਲਦੇ ਯੂਨੀਅਨ ਵੱਲੋਂ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਡੀ ਸੀ ਦਫਤਰ ਕਾਮੇ ਆਪਣੀਆਂ ਮੰਗਾਂ ਦੇ ਨਾਲ ਨਾਲ ਪੀ ਸੀ ਐਸ ਅਫ਼ਸਰ ਐਸੋਸੀਏਸ਼ਨ ਪੰਜਾਬ ਵੱਲੋਂ ਲਏ ਗਏ ਸਮੂਹਿਕ ਛੁੱਟੀ ਤੇ ਜਾਣ ਦੀ ਹੜਤਾਲ ਦਾ ਪੂਰਨ ਸਮਰਥਨ ਕਰਦਿਆਂ ਇਸ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕਰਦੀ ਹੈ ਭਾਵ ਡੀ ਸੀ ਦਫਤਰ ਕਾਮੇ ਮਿਤੀ ਰਹਿਣਗੇ। ਇਹ ਸਮੂਹਿਕ ਛੁੱਟੀ ਦਾ ਨੋਟਿਸ ਡੀ ਸੀ ਸਾਹਿਬਾਨਾਂ ਨੂੰ ਮਿਲਕੇ ਦਿੱਤਾ ਜਾਵੇਗਾ ਅਤੇ ਉਹਨਾਂ ਦੇ ਸਰਕਾਰ ਅਤੇ ਜਨਤਕ ਮਾਮਲੇ ਨਾਲ ਜੁੜੇ ਹਰ ਤਰ੍ਹਾਂ ਦੇ ਕੰਮ ਕਾਰ ਨੂੰ ਮੁਕੰਮਲ ਬੰਦ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਡੀ ਸੀ ਦਫਤਰ ਕਾਮਿਆਂ ਦੀਆਂ ਮੰਗਾਂ ਮਨਵਾਉਣ ਲਈ 16 ਤੋਂ 20 ਜਨਵਰੀ 2023 ਤੱਕ ਪੰਜਾਬ ਦੇ ਸਮੂਹ ਮੰਡਲ ਕਮਿਸ਼ਨਰ ਸਾਹਿਬਾਨਾਂ ਨੂੰ ਲੜੀਵਾਰ ਪਟਿਆਲਾ, ਰੂਪਨਗਰ, ਜਲੰਧਰ, ਫਰੀਦਕੋਟ ਅਤੇ ਫਿਰੋਜ਼ਪੁਰ ਨੂੰ ਸੂਬਾ ਬਾਡੀ ਵੱਲੋਂ ਸਬੰਧਿਤ ਮੰਡਲ ਦੇ ਜ਼ਿਲਿਆਂ ਦੀ ਜਿਲ੍ਹਾ ਲੀਡਰਸ਼ਿਪ ਅਤੇ ਸਾਥੀਆਂ ਨਾਲ ਮਿਲ ਕੇ ਯਾਦ ਪੱਤਰ ਦਿੱਤੇ ਜਾਣਗੇ। ਜੇਕਰ ਸਰਕਾਰ ਨੇ ਫਿਰ ਵੀ ਕੋਈ ਸਕਰਾਤਮਿਕ ਰੁੱਖ ਨਾ ਅਪਨਾਇਆ ਤਾਂ 30 ਅਤੇ 31 ਜਨਵਰੀ ਨੂੰ ਰੋਸ ਵਜੋਂ ਅੱਧੇ ਦਿਨ ਲਈ ਕੰਮ ਬੰਦ ਰੱਖ ਕੇ ਡੀਸੀ ਦਫਤਰ ਕਾਮੇ ਰੋਸ ਪ੍ਰਦਰਸ਼ਨ ਕਰਨਗੇ।