ਕਿਸਾਨਾਂ ਨੇ ਚਾਰ-ਚੁਫ਼ੇਰਿਓ ਘੇਰਿਆ ਪੈਲੇਸ, ਬਾਅਦ ’ਚ ਚੁੱਪ ਚਪੀਤੇ ਕੀਤੀ ਸਮੂਲੀਅਤ
ਸੁਖਜਿੰਦਰ ਮਾਨ
ਬਠਿੰਡਾ, 14 ਨਵੰਬਰ : ਸਥਾਨਕ ਸ਼ਹਿਰ ਦੀ ਇੱਕ ਸਮਾਜ ਸੇਵੀ ਬੀਬੀ ਵੀਨੂੰ ਗੋਇਲ ਨੂੰ ਅੱਜ ਸੂਫ਼ੀ ਸੰਗੀਤ ਦੀ ਆੜ ’ਚ ਭਾਜਪਾ ਵਿਚ ਸਮੂਲੀਅਤ ਦਾ ਪ੍ਰੋਗਰਾਮ ਰੱਖਣਾ ਮਹਿੰਗਾ ਪਿਆ। ਸਮਾਗਮ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਿਸਾਨਾਂ ਨੇ ਸਥਾਨਕ ਬਰਨਾਲਾ ਬਾਈਪਾਸ ’ਤੇ ਸਥਿਤ ਪੈਲੇਸ ਨੂੰ ਘੇਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਦੇ ਜਬਰਦਸਤ ਵਿਰੋਧ ਸਦਕਾ ਭਾਜਪਾ ਵੱਲੋਂ ਕੀਤੇ ਗਏ ਵੱਡੇ ਪ੍ਰਬੰਧ ਧਰੇ ਧਰਾਏ ਰਹਿ ਗਏ ਅਤੇ ਪੈਲੇਸ ਵਿਚ ਖਾਲੀ ਪਈਆਂ ਕੁਰਸੀਆਂ ਮਹਿਮਾਨਾਂ ਨੂੰ ਉਡੀਕਦੀਆਂ ਰਹੀਆਂ। ਸਮਾਗਮ ਵਿਚ ਪੁੱਜਣ ਵਾਲੇ ਭਾਜਪਾ ਆਗੂ ਤਾਂ ਪਿੱਛਿਓ ਹੀ ਮੁੜ ਗਏ ਪ੍ਰੰਤੂ ਜੋ ਡੇਢ ਦਰਜ਼ਨ ਵਿਅਕਤੀ ਪੈਲੇਸ ਦੇ ਅੰਦਰ ਦਾਖ਼ਲ ਹੋਏ ਸਨ, ਉਨ੍ਹਾਂ ਵਿਚੋਂ ਵੀ ਕਈਆਂ ਨੂੰ ਕੰਧਾਂ ਟੱਪ ਕੇ ਜਾਣਾ ਪਿਆ। ਬਾਅਦ ਵਿਚ ਸੂਚਨਾ ਮਿਲੀ ਕਿ ਕਾਫ਼ੀ ਲੰਮੀ ਜਦੋ-ਜਹਿਦ ਦੇ ਬਾਅਦ ਪੈਲੇਸ ਵਿਚੋਂ ਨਿਕਲੀ ਉਕਤ ਬੀਬੀ ਨੇ ਸ਼ਹਿਰ ਵਿਚ ਚੁੱਪ ਚਪੀਤੇ ਇੱਕ ਘਰ ਵਿਚ ਰੱਖੇ ਪ੍ਰੋਗਰਾਮ ਦੌਰਾਨ ਅਪਣੀਆਂ ਸਾਥਣਾਂ ਸਹਿਤ ਭਾਜਪਾ ਵਿਚ ਸਮੂਲੀਅਤ ਕੀਤੀ। ਇਸਦੀ ਪੁਸ਼ਟੀ ਕਰਦਿਆਂ ਭਾਜਪਾ ਸ਼ਹਿਰੀ ਦੇ ਪ੍ਰਧਾਨ ਵਿਨੋਦ ਬਿੰਟਾ ਨੇ ਦਸਿਆ ਕਿ ਇਸ ਮੌਕੇ ਪਾਰਟੀ ਦੀ ਮਹਿਲਾ ਆਗੂ ਮੋਨਾ ਜੈਸਵਾਲ ਅਤੇ ਸੁਖਵੰਤ ਧਨੌਲਾ ਵੀ ਪੁੱਜੇ ਹੋਏ ਸਨ। ਉਧਰ ਕਿਸਾਨਾਂ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਹਰਜਿੰਦਰ ਸਿੰਘ ਬੱਗੀ ਨੇ ਐਲਾਨ ਕੀਤਾ ਕਿ ਜਿੰਨ੍ਹਾਂ ਸਮਾਂ ਮੋਦੀ ਸਰਕਾਰ ਖੇਤੀ ਬਿੱਲਾਂ ਨੂੰ ਵਾਪਸ ਨਹੀਂ ਲੈਂਦੀ, ਕਿਸਾਨ ਭਾਜਪਾ ਨੂੰ ਕੋਈ ਪ੍ਰੋਗਰਾਮ ਨਹੀਂ ਕਰਨ ਦੇਣਗੇ। ਇੱਥੇ ਦਸਣਾ ਬਣਦਾ ਹੈ ਕਿ ਵੀਨੂੰ ਗੋਇਲ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਨਾਮ ਉਪਰ ਭਾਜਪਾ ਨਾਲ ਜੁੜੀ ਹੋਈ ਹੈ ਪ੍ਰੰਤੂ ਹੁਣ ਉਨ੍ਹਾਂ ਵਲੋਂ ਪਾਰਟੀ ਵਿਚ ਸਿੱਧੀ ਸਮੂਲੀਅਤ ਕਰ ਲਈ ਗਈ ਹੈ। ਚਰਚਾ ਮੁਤਾਬਕ ਉਹ ਭਾਜਪਾ ਦੀ ਟਿਕਟ ਦੀ ਚਾਹਵਾਨ ਹੈ। ਹਾਲਾਂਕਿ ਸਥਾਨਕ ਸ਼ਹਿਰ ਨਾਲ ਸਬੰਧਤ ਭਾਜਪਾ ਆਗੂ ਅੰਦਰਖ਼ਾਤੇ ਉਸਦਾ ਵਿਰੋਧ ਕਰ ਰਹੇ ਹਨ। ਇਸ ਦੌਰਾਨ ਵੀਨੂੰ ਗੋਇਲ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ‘‘ ਉਨ੍ਹਾਂ ਵਲੋਂ ਅੱਜ ਵੱਡੀ ਗਿਣਤੀ ਵਿਚ ਪ੍ਰਵਾਰਾਂ ਦੀ ਭਾਜਪਾ ਵਿਚ ਸਮੂਲੀਅਤ ਕਰਵਾਈ ਜਾਣੀ ਸੀ। ’’ ਹਾਲਾਂਕਿ ਉਨ੍ਹਾਂ ਨਾਲ ਇਹ ਵੀ ਦਾਅਵਾ ਕੀਤਾ ਕਿ ਪੈਲੇਸ ’ਚ ਪ੍ਰੋਗਰਾਮ ਸੂਫ਼ੀ ਸੰਗੀਤ ਲਈ ਰੱਖਿਆ ਹੋਇਆ ਸੀ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਦਸਿਆ ਕਿ ਇਹ ਭਾਜਪਾ ਦਾ ਪ੍ਰੋਗਰਾਮ ਸੀ, ਜਿਸਨੂੰ ਸੰਗੀਤ ਦੀ ਆੜ ’ਚ ਕੀਤਾ ਜਾਣਾ ਸੀ। ਇਸ ਪ੍ਰੋਗਰਾਮ ਵਿਚ ਪਹੁੰਚਣ ਲਈ ਕਾਰਡ ਵੰਡੇ ਹੋਏ ਸਨ । ਇਸ ਮੌਕੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਗਦੇਵ ਸਿੰਘ ਜੋਗੇਵਾਲਾ ਅਤੇ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਕੇਂਦਰ ਵਲੋਂ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਵਿਰੁਧ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਦੇਸ਼ ਵਿੱਚ ਭਾਜਪਾ ਦਾ ਹਰ ਥਾਂ ਤੇ ਵਿਰੋਧ ਕਰਨ ਦਾ ਸੱਦਾ ਦਿੱਤਾ ਹੋਇਆ ਹੈ ਜਿਸ ਦੇ ਤਹਿਤ ਅੱਜ ਬਠਿੰਡਾ ਵਿੱਚ ਪਹੁੰਚ ਰਹੇ ਭਾਜਪਾ ਆਗੂਆਂ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿਰੋਧ ਕੀਤਾ ਗਿਆ। ਅੱਜ ਦੇ ਇਕੱਠ ਨੂੰ ਜਗਸੀਰ ਸਿੰਘ ਝੁੰਬਾ , ਬਲਜੀਤ ਸਿੰਘ ਪੂਹਲਾ ,ਜਸਪਾਲ ਸਿੰਘ ਕੋਠਾ ਗੁਰੂ ,ਕੁਲਵੰਤ ਸਰਮਾ ਰਾਏ ਕੇ ਕਲਾਂ ,ਬਲਦੇਵ ਸਿੰਘ ਚੌਕੇ,ਵਿੰਦਰ ਸਿੰਘ ਜੋਗੇਵਾਲਾ,ਰਣਜੋਧ ਸਿੰਘ ਮਾਹੀਂਨੰਗਲ ,ਕਾਲਾ ਸਿੰਘ ਚੱਠੇ ਵਾਲਾ ਨੇ ਵੀ ਸੰਬੋਧਨ ਕੀਤਾ।
Share the post "ਸਹਿਰ ਦੀ ਮਹਿਲਾ ਸਮਾਜ ਸੇਵੀ ਨੂੰ ਭਾਜਪਾ ’ਚ ਸਮੂਲੀਅਤ ਦਾ ਪ੍ਰੋਗਰਾਮ ਰੱਖਣਾ ਪਿਆ ਮਹਿੰਗਾ"