ਵਿਸਾਖੀ ਮੌਕੇ ਕਿਹਾ ਕਿ ਪੰਜਾਬ ਨੂੰ ਜਾਣਬੁੱਝ ਕੇ ਗੜਬੜੀ ਵਾਲਾ ਸੂਬਾ ਕਰਾਰ ਦਿੱਤਾ ਜਾ ਰਿਹਾ
ਸੁਖਜਿੰਦਰ ਮਾਨ
ਦਮਦਮਾ ਸਾਹਿਬ, (ਬਠਿੰਡਾ) 14 ਅਪ੍ਰੈਲ : ਖ਼ਾਲਸੇ ਦੇ ਸਾਜਨਾ ਦਿਵਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਧਰਮ ਵਿਚ ਸ਼ਾਸਤਰਾਂ ਦੀ ਮਹੱਤਤਾ ਦਾ ਖ਼ੁਲਾਸਾ ਕਰਦਿਆਂ ਕੌਮ ਨੂੰ ਸ਼ਸਤਰਧਾਰੀ ਹੋਣ ਦੀ ਅਪੀਲ ਕੀਤੀ। ਅੱਜ ਵਿਸਾਖ਼ੀ ਮੌਕੇ ਤਖ਼ਤ ਸਾਹਿਬ ਉਪਰੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਕੌਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਇਹ ਸਾਸਤਰ ਸਿੱਖਾਂ ਨੂੰ ਹੱਕ ਸੱਚ ਦੀ ਰਾਖੀ ਲਈ ਦਿੱਤੇ ਸਨ। ਉਨ੍ਹਾਂ ਅਸਿੱਧੇ ਢੰਗ ਨਾਲ ਸਰਕਾਰਾਂ ’ਤੇ ਹਮਲੇ ਕਰਦਿਆਂ ਕਿਹਾ ਕਿ ‘‘ ਅੱਜ ਸਿੱਖ ਉਪਰਾਂ ਸ਼੍ਰੀ ਸਾਹਿਬ ਰੱਖਣ ’ਤੇ ਪਰਚੇ ਦਰਜ਼ ਕੀਤੇ ਜਾ ਰਹੇ ਹਨ। ’’ ਉਨ੍ਹਾਂ ਸ਼੍ਰੀ ਸਾਹਿਬ ਅਤੇ ਸ਼ਾਸਤਰਾਂ ਨੂੰ ਸਿੱਖੀ ਦੀ ਮਹਾਨ ਪਰੰਪਰਾ ਦਸਦਿਆਂ ਕਿਹਾ ਕਿ ਅੱਜ ਜਿਸ ਕੌਮ ਕੋਲ ਸਭ ਤੋਂ ਵੱਧ ਸ਼ਾਸਤਰ ਤੇ ਤਾਕਤਵਰ ਫ਼ੌਜ ਹੈ, ਉਹ ਹੀ ਕਾਮਯਾਬ ਹੈ। ਉਨ੍ਹਾਂ ਪੁਰਾਤਨ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਕਿਰਪਾਨ ਦਾ ਹੀ ‘ਬਲ’ ਸੀ ਕਿ ਦੇਸ ਦੇ ਧਨ-ਦੌਲਤ ਤੇ ਇੱਜਤਾਂ ਨੂੰ ਲੱੂਟਣ ਆਏ ਬਾਹਰਲੇ ਹਮਲਾਵਾਰਾਂ ਨੂੰ ਵਾਪਸ ਮੋੜਿਆ ਸੀ। ਇਸਤੋਂ ਇਲਾਵਾ ਜਥੇਦਾਰ ਹਰਪ੍ਰੀਤ ਸਿੰਘ ਨੇ ਵਿਸਾਖੀ ਦੇ ਪਵਿੱਤਰ ਤਿਊਹਾਰ ਮੌਕੇ ਤਖ਼ਤ ਸਾਹਿਬ ਦੇ ਆਸਪਾਸ ਹਜ਼ਾਰਾਂ ਦੀ ਗਿਣਤੀ ਵਿਚ ਪੁਲਿਸ ਤੇ ਕੇਂਦਰੀ ਬਲ ਤੈਨਾਤ ਕਰਨ ਦੀ ਨਿੰਦਿਆਂ ਕਰਦਿਆਂ ਕਿਹਾ ਕਿ ‘‘ ਅੱਜ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਤੇ ਅਜਿਹਾ ਦਰਸਾਇਆ ਜਾ ਰਿਹਾ ਹੈ ਕਿ ਪੰਜਾਬ ਸਭ ਤੋਂ ਵੱਡੀ ਗੜਬੜੀ ਵਾਲਾ ਸੂਬਾ ਹੈ ਜਦੋਂਕਿ ਇੱਥੇ ਹਰ ਕੋਈ ਅਮਨ ਤੇ ਸ਼ਾਂਤੀ ਨਾਲ ਰਹਿ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇੰਨਾਂ ਪਾਬੰਦੀਆਂ ਦੇ ਬਾਵਜੂਦ ਵੱਡੀ ਗਿਣਤੀ ਵਿਚ ਸਿੱਖ ਕੌਮ ਇੱਥੇ ਪੁੱਜੀ ਹੈ, ਜਿਸਦਾ ਉਹ ਧੰਨਵਾਦ ਕਰਦੇ ਹਨ।
Share the post "ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਵਲੋਂ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਸੱਦਾ"