ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਰਾਈਡ ਲਗਾਉਣ ਵਾਲੀ ਅੱਠ ਸਾਲਾ ਰਾਵੀ ਬਦੇਸਾ ਦਾ ਕੀਤਾ ਸਨਮਾਨ ’ਤੇ ਹੌਂਸਲਾ-ਅਫ਼ਜਾਈ
ਸੁਖਜਿੰਦਰ ਮਾਨ
ਬਠਿੰਡਾ, 2 ਅਪ੍ਰੈਲ : ਸਾਈਕਲਿੰਗ ਜਿੱਥੇ ਸਰੀਰ ਨੂੰ ਤੰਦਰੁਸਤ ਤੇ ਸਿਹਤਮੰਦ ਰੱਖਦੀ ਹੈ, ਉੱਥੇ ਹੀ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਅਤੇ ਟਰੈਫ਼ਿਕ ਨੂੰ ਘੱਟ ਕਰਨ ਲਈ ਵੀ ਲਾਭਦਾਇਕ ਹੁੰਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਡਿਊਨਸ ਕਲੱਬ ਵਿਖੇ ਬਠਿੰਡਾ ਸਾਈਕਲਿੰਗ ਗਰੁੱਪ ਵਲੋਂ ਬੀਸੀਜੀ ਰੋਡ ਵਾਰੀਅਰ ਸੀਰੀਜ਼-2 ਪੂਰੀ ਹੋਣ ਤੇ ਰੋਡ ਵਾਰੀਅਰ ਦਾ ਖਿਤਾਬ ਹਾਸਲ ਕਰਨ ਵਾਲੇ ਰਾਈਡਰਾਂ ਦਾ ਸਨਮਾਨ ਕਰਨ ਉਪਰੰਤ ਕੀਤਾ। ਕਰਵਾਏ ਗਏ ਇਸ ਸਮਾਗਮ ਵਿੱਚ ਪੂਰੇ ਪੰਜਾਬ ਦੇ ਸਾਈਕਲਿੰਗ ਗਰੁੱਪਾਂ ਦੇ ਮੈਂਬਰ ਸ਼ਾਮਿਲ ਹੋਏ। ਡਿਪਟੀ ਕਮਿਸ਼ਨਰ ਨੇ ਰੋਡ ਵਾਰੀਅਰ ਦਾ ਟਾਈਟਲ ਹਾਸਲ ਕਰਨ ਵਾਲੇ ਰਾਈਡਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਬਠਿੰਡਾ ਸਾਈਕਲਿੰਗ ਗਰੁੱਪ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਰਾਈਡ ਲਗਾਉਣ ਵਾਲੀ ਅੱਠ ਸਾਲਾ ਦੀ ਬੱਚੀ ਰਾਵੀ ਬਦੇਸਾ ਦੀ ਹੌਂਸਲਾ-ਅਫ਼ਜਾਈ ਕੀਤੀ ਅਤੇ ਉਨ੍ਹਾਂ ਨੂੰ ਹੋਰ ਅੱਗੇ ਸਖ਼ਤ ਮਿਹਨਤ ਨਾਲ ਪੜ੍ਹਾਈ ਕਰਨ ਦੇ ਨਾਲ-ਨਾਲ ਸਾਈਕਲਿੰਗ ਵੱਲ ਪ੍ਰੇਰਿਤ ਵੀ ਕੀਤਾ। ਇਸ ਦੌਰਾਨ ਗਰੁੱਪ ਦੇ ਪ੍ਰਧਾਨ ਪ੍ਰੀਤ ਮਹਿੰਦਰ ਨੇ ਦੱਸਿਆ ਕਿ ਬੀਸੀਜੀ ਇਹੋ ਜਿਹੀਆਂ ਰਾਈਡਾਂ ਪਿਛਲੇ ਅੱਠ ਸਾਲਾਂ ਤੋਂ ਕਰਵਾ ਰਹੀ ਹੈ, ਜਿਸ ਵਿੱਚ ਸਾਰੇ ਪੰਜਾਬ ਦੇ ਰਾਈਡਰ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਸੀਰੀਜ਼-2 ਵਿੱਚ 100, 200, 300 ਤੇ 400 ਕਿਲੋਮੀਟਰ ਦੀਆਂ ਸਮਾਂਬਦ ਰਾਈਡਾਂ ਰੱਖਿਆਂ ਗਈਆਂ ਸਨ, ਜਿਸ ਨੂੰ 63 ਰਾਈਡਰਾਂ ਨੇ ਪੂਰਾ ਸੈਟ ਲਗਾ ਕੇ ਬੀਸੀਜੀ ਰੋਡ ਵਾਰੀਅਰਾਂ ਦਾ ਟਾਈਟਲ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਜਸਪਿੰਦਰ ਸਿੰਘ, ਕੌਰ ਸਿੰਘ, ਸੁਰੇਸ਼ ਹੰਸ, ਸੁਖਪਾਲ ਸਿੰਘ, ਭਰਪੂਰ ਸਿੰਘ, ਨਰਿੰਦਰ ਗੁਪਤਾ, ਸਸ਼ੀਕਾਂਤ ਗੁਪਤਾ, ਸ਼ਤੀਸ਼ ਸੋਨੀ ਆਦਿ ਸੀਨੀਅਰ ਰਾਈਡਰਾਂ ਤੋਂ ਇਲਾਵਾ ਦੋ ਮਹਿਲਾਵਾਂ ਸੋਨੀਆ ਤੇ ਸਿੰਮੀ ਸ਼ਰਮਾ ਨੇ ਖਿਤਾਬ ਹਾਸਲ ਕੀਤਾ। ਇਸ ਤੋਂ ਇਲਾਵਾ ਰਾਵੀ ਬਦੇਸਾ ਨਾਲ ਰਾਈਡ ਲਗਾਉਣ ਵਾਲੇ ਬਲਵਿੰਦਰ ਸਿੰਘ ਤੋਂ ਇਲਾਵਾ ਪੰਜ ਤਖਤਾ ਦੀ ਸਾਈਕਲ ਯਾਤਰਾ ਕਰਨ ਵਾਲੇ ਪਰਮਿੰਦਰ ਸਿੰਧੂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।
Share the post "ਸਾਈਕਲਿੰਗ ਸਰੀਰ ਨੂੰ ਤੰਦਰੁਸਤ, ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਤੇ ਟਰੈਫ਼ਿਕ ਤੋਂ ਦਿਵਾਉਂਦੀ ਹੈ ਨਿਯਾਤ : ਡਿਪਟੀ ਕਮਿਸ਼ਨਰ"