ਸਕੂਲ ਕਮੇਟੀ ’ਚ ਮੈਂਬਰ ਨਾ ਲੈਣ ’ਤੇ ਭਾਗੂ ਰੋਡ, ਸਿਵਲ ਸਟੇਸ਼ਨ ਤੇ ਸ਼ਾਂਤ ਨਗਰ ਦੇ ਲੋਕਾਂ ’ਚ ਰੋਸ਼
ਸੁਖਜਿੰਦਰ ਮਾਨ
ਬਠਿੰਡਾ, 17 ਅਗਸਤ –ਸਥਾਨਕ 100 ਫੁੱਟੀ ਰੋਡ ’ਤੇ ਸਥਿਤ ਸ਼ਹਿਰ ਦੇ ਸਿੱਖਾਂ ਦੀ ਵੱਡੀ ਧਾਰਮਿਕ ਤੇ ਵਿਦਿਅਕ ਸੰਸਥਾ ਗੁਰਦੂਆਰਾ ਸੰਗਤ ਸਿਵਲ ਸਟੇਸ਼ਨ ਦੀ ਪ੍ਰਬੰਧਕੀ ਕਮੇਟੀ ਸਿਆਸੀ ਦਖਲਅੰਦਾਜ਼ੀ ਦੇ ਚੱਲਦਿਆਂ ਚੋਣ ਤੋਂ ਥੋੜੇ ਸਮੇਂ ਬਾਅਦ ਹੀ ਦੋਫ਼ਾੜ ਹੋ ਗਈ ਹੈ। ਨਰਾਜ਼ ਅਹੁੱਦੇਦਾਰਾਂ ਮੁਤਾਬਕ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਨਾਮਵਾਰ ਗੁਰੂ ਨਾਨਕ ਦੇਵ ਸਕੂਲ ਕਮਲਾ ਨਹਿਰੂ ਕਲੌਨੀ ਦੀ ਕਮੇਟੀ ਦੀ ਚੋਣ ’ਚ ਕਥਿਤ ਤੌਰ ’ਤੇ ਇੱਕ ਕਾਂਗਰਸੀ ਕੋਂਸਲਰ ਵਲੋਂ ਨਿਭਾਈ ਪੱਖਪਾਤੀ ਭੂਮਿਕਾ ਦੇ ਚੱਲਦੇ ਸ਼ਹਿਰ ਦੇ ਭਾਗੂ ਰੋਡ, ਸਿਵਲ ਲਾਈਨ ਤੇ ਸ਼ਾਂਤ ਨਗਰ ਦੇ ਇਸ ਸੰਸਥਾ ਨਾਲ ਜੁੜੇ ਸਿੱਖ ਭਾਈਚਾਰੇ ਦੇ ਲੋਕਾਂ ਵਿਚ ਰੋਸ਼ ਦੇਖਣ ਨੂੰ ਮਿਲ ਰਿਹਾ ਹੈ। ਇਹ ਮਸਲਾ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਵੀ ਉਭਰ ਸਕਦਾ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਸਕੂਲ ਕਮੇਟੀ ਦੀ ਚੋਣ ’ਚ ਹੋਈ ਮਨਮਾਨੀ ਦਾ ਮੁੱਦਾ ਇੱਕ ਹੋਰ ਕਾਂਗਰਸੀ ਕੋਂਸਲਰ ਨੇ ਵਿਤ ਮੰਤਰੀ ਕੋਲ ਚੁੱਕਿਆ ਸੀ ਪ੍ਰੰਤੂ ਸੁਣਵਾਈ ਨਾ ਹੋਣ ਕਾਰਨ ਉਹ ਵੀ ਨਿਰਾਸ ਦੱਸਿਆ ਜਾ ਰਿਹਾ ਹੈ। ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਗੁਰਕੀਰਤ ਸਿੰਘ ਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਚਹਿਲ ਨੇ ਇੱਥੇ ਜਾਰੀ ਬਿਆਨ ਵਿਚ ਦਾਅਵਾ ਕੀਤਾ ਕਿ ਵਾਰਡ ਨੰਬਰ 10 ਦੇ ਕਾਂਗਰਸੀ ਕੋਂਸਲਰ ਬਲਜੀਤ ਸਿੰਘ ਰਾਜੂ ਸਰਾਂ ਦੀ ਪ੍ਰਭਾਵ ਦੇ ਚੱਲਦਿਆਂ ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ਗੁਰਬਖਸ ਸਿੰਘ ਬਰਾੜ ਨੇ ਗੁਰੂ ਨਾਨਕ ਸਕੂਲ ਕਮਲਾ ਨਹਿਰੂ ਦੀ ਪ੍ਰਬੰਧਕੀ ਕਮੇਟੀ ਦੀ ਚੋਣ ’ਚ ਮਨਮਰਜ਼ੀ ਕਰਦਿਆਂ ਸਿਰਫ਼ ਪਾਵਰ ਹਾਊਸ ਰੋਡ ’ਚ ਰਹਿਣ ਵਾਲੇ ਉਕਤ ਕੋਂਸਲਰ ਦੇ ਨਜਦੀਕੀਆਂ ਨੂੰ ਸ਼ਾਮਲ ਕੀਤਾ ਹੈ। ਜਦੋਂਕਿ ਭਾਗੂ ਰੋਡ, ਸ਼ਾਂਤ ਨਗਰ ਤੇ ਸਿਵਲ ਲਾਈਨ ਖੇਤਰ ਵਿਚ 4 ਸਾਬਕਾ ਸਿੱਖਿਆ ਅਧਿਕਾਰੀ, 13 ਪਿ੍ਰੰਸੀਪਲ, ਇੱਕ ਦਰਜ਼ਨ ਦੇ ਕਰੀਬ ਪ੍ਰੋਫੈਸਰ ਅਤੇ ਦਰਜ਼ਨਾਂ ਹੋਰ ਅਧਿਆਪਕਾਂ ਦੇ ਰਹਿਣ ਦੇ ਬਾਵਜੂਦ ਉਨ੍ਹਾਂ ਵਿਚੋਂ ਕਿਸੇ ਨੂੰ ਕਮੇਟੀ ਵਿਚ ਸ਼ਾਮਲ ਨਹੀਂ ਕੀਤਾ ਗਿਆ। ਉਲਟਾ ਗੁਰੂਦਆਰਾ ਕਮੇਟੀ ਦੇ ਪ੍ਰਧਾਨ ਦੇ ਭਰਾ ਨੂੰ ਵੀ ਇਸ ਕਮੇਟੀ ਵਿਚ ਰੱਖਿਆ ਗਿਆ ਹੈ। ਗੁਰਦੂਆਰਾ ਕਮੇਟੀ ਦੇ ਉਪ ਪ੍ਰਧਾਨ ਗੁਰਕੀਰਤ ਸਿੰਘ ਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਚਹਿਲ ਨੇ ਦੋਸ਼ ਲਗਾਇਆ ਕਿ ਕਮੇਟੀ ਦੀ ਚੋਣ ਸਮੇਂ ਇਹ ਫੈਸਲਾ ਲਿਆ ਗਿਆ ਸੀ ਕਿ ਇਸ ਵਿਚ ਕੋਈ ਸਿਆਸੀ ਵਿਅਕਤੀ ਦਖਲਅੰਦਾਜ਼ੀ ਨਹੀਂ ਕਰੇਗਾ ਪ੍ਰੰਤੂ ਕੋਂਸਲਰ ਰਾਜੂ ਸਰਾਂ ਇਸਨੂੰ ਪ੍ਰਾਈਵੇਟ ਲਿਮਟਿਡ ਦੇ ਤੌਰ ‘ਤੇ ਚਲਾ ਰਿਹਾ ਹੈ। ਭਾਗੂ ਰੋਡ ਇਲਾਕੇ ਨਾਲ ਸਬੰਧਤ ਇੱਕ ਹੋਰ ਕਾਂਗਰਸੀ ਕੋਂਸਲਰ ਟਹਿਲ ਸਿੰਘ ਬੁੱਟਰ ਵਲੋਂ ਇਹ ਮਾਮਲਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਉਨ੍ਹਾਂ ਦੇ ਰਿਸ਼ਤੇਦਾਰ ਸਾਹਮਣੇ ਚੁੱਕਿਆ ਹੈ। ਇਸਦੀ ਪੁਸ਼ਟੀ ਕਰਦਿਆਂ ਕੋਂਸਲਰ ਬੁੱਟਰ ਨੇ ਦਾਅਵਾ ਕੀਤਾ ਕਿ ਇਹ ਸੰਸਥਾ ਇਸ ਸਾਰੇ ਇਲਾਕੇ ਨਾਲ ਸਬੰਧਤ ਹੈ ਤੇ ਜਿਸਦੇ ਚੱਲਦੇ ਇਸ ਵਿਚ ਸਾਰੇ ਹਿੱਸਿਆਂ ਤੋਂ ਮੈਂਬਰ ਸ਼ਾਮਲ ਕੀਤੇ ਜਾਣੇ ਬਣਦੇ ਸਨ।
ਬਾਕਸ
ਮੇਰਾ ਇਸ ਕਮੇਟੀ ਵਿਚ ਕੋਈ ਦਖਲਅੰਦਾਜੀ ਨਹੀਂ: ਰਾਜੂ ਸਰਾਂ
ਬਠਿੰਡਾ: ਦੂਜੇ ਪਾਸੇ ਕੋਂਸਲਰ ਰਾਜੂ ਸਰਾਂ ਨੇ ਦਾਅਵਾ ਕੀਤਾ ਕਿ ਉਸਦਾ ਇਸ ਕਮੇਟੀ ਦੇ ਮਾਮਲਿਆਂ ਵਿਚ ਕੋਈ ਲੈਣਾ-ਦੇਣਾ ਨਹੀਂ ਹੈ ਤੇ ਨਾ ਹੀ ਮੈਂ ਇਸ ਕਮੇਟੀ ਵਿਚ ਕੋਈ ਅਹੁੱਦੇਦਾਰ ਨਹੀਂ ਤੇ ਗੁਰਦੂਆਰਾ ਕਮੇਟੀ ਅਪਣੇ ਫੈਸਲੇ ਖ਼ੁਦ ਕਰਦੀ ਹੈ। ਇਸੇ ਤਰ੍ਹਾਂ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਬਖਸ ਸਿੰਘ ਬਰਾੜ ਨੇ ਸਾਥੀਆਂ ਵਲੋਂ ਲਗਾਏ ਦੋਸ਼ਾਂ ਨੂੰ ਝੂਠ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ‘‘ ਇਨ੍ਹਾਂ ਦਾ ਮਕਸਦ ਅਪਣੀ ਮਨਮਰਜੀ ਤੇ ਗਲਤ ਕੰਮ ਕਰਨੇ ਹਨ ਪੰ੍ਰਤੂ ਉਹ ਇਸਦੇ ਲਈ ਇਜ਼ਾਜਤ ਨਹੀਂ ਦੇਣਗੇ। ’’ ਪ੍ਰਧਾਨ ਬਰਾੜ ਨੇ ਸਕੂਲ ਕਮੇਟੀ ਦੀ ਚੋਣ ਦੇ ਮਾਮਲੇ ਵਿਚ ਕੋਂਸਲਰ ਦੇ ਨਜਦੀਕੀਆਂ ਨੂੰ ਸ਼ਾਮਲ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਸ ਕਮੇਟੀ ਵਿਚ ਇਕੱਲੇ ਪਾਵਰ ਹਾਊਸ ਰੋਡ ਹੀ ਨਹੀਂ, ਦੂਜੇ ਖੇਤਰਾਂ ਤੋਂ ਵੀ ਮੈਂਬਰ ਸ਼ਾਮਲ ਹਨ ਪ੍ਰੰਤੂ ਉਹ ਚਾਹੁੰਦੇ ਸਨ ਕਿ ਪੰਜਾਬੀ ਮੀਡੀਅਮ ਵਾਲੇ ਗੁਰੂ ਨਾਨਕ ਸਕੂਲ ਦੀ ਕਮੇਟੀ ਵਿਚ ਇੰਨ੍ਹਾਂ ਖੇਤਰਾਂ ਤੋਂ ਜਿਆਦਾਤਰ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਪ੍ਰੰਤੂ ਉਸ ਕਮੇਟੀ ਦੀ ਹਾਲੇ ਤੱਕ ਚੋਣ ਨਹੀਂ ਹੋ ਸਕੀ।