ਇੱਕ ਸਰਿੰਜ ਨਾਲ ਨਸ਼ੇ ਕਰਨ ਨਾਲ ਹੋ ਸਕਦਾ ਹੈ ਜਾਨਲੇਵਾ ਕਾਲਾ ਪੀਲੀਆ : ਡਾ. ਸੁਰਿੰਦਰ ਸਿੰਘ ਝੱਮਟ
ਪੰਜਾਬੀ ਖ਼ਬਰਸਾਰ ਬਿਉਰੋ
ਅਜੀਤਵਾਲ/ ਢੁੱੱਡੀਕੇ 28 ਜੁਲਾਈ : ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਢੁੱੱਡੀਕੇ ਡਾ. ਸੁਰਿੰਦਰ ਸਿੰਘ ਝੱਮਟ ਦੀ ਅਗਵਾਈ ਹੇਠ ਸਿਵਲ ਹਸਪਤਾਲ ਢੁੱੱਡੀਕੇ ਅਤੇ ਸਮੂਹ ਹੈਲਥ ਵੈਲਨੈਸ ਸੈਂਟਰਾਂ ਵਿਖੇ ਵਿਸ਼ਵ ਹੈਪਾਟਾਈਟਸ ਦਿਵਸ ‘ਇਕ ਜਿੰਦਗੀ ਇੱਕ ਲਿਵਰ’ ਸਲੋਗਨ ਹੇਠ ਮਨਾਇਆ ਗਿਆ । ਇਸ ਮੌਕੇ ਡਾ. ਸੁਰਿੰਦਰ ਸਿੰਘ ਝੱਮਟ, ਡਾ. ਗਜਲਪ੍ਰੀਤ ਕੌਰ, ਲਖਵਿੰਦਰ ਸਿੰਘ ਬਲਾਕ ਐਜੂਕੇਟਰ, ਕੁਲਬੀਰ ਸਿੰਘ ਢਿੱਲੋਂ ਹੈਲਥ ਸੁਪਰਵਾਈਜਰ ਅਤੇ ਫਾਰਮੇਸੀ ਅਫਸਰ ਗੁਰਮੀਤ ਸਿੰਘ ਨੇ ਕਾਲਾ ਪੀਲੀਆ ਹੋਣ ਦੇ ਕਾਰਣ, ਲੱਛਣ, ਬਚਾਅ ਅਤੇ ਪੰਜਾਬ ਸਰਕਾਰ ਵੱਲੋਂ ਜਿਲਾ ਸਰਕਾਰੀ ਹਸਪਤਾਲਾ ਵਿੱਚ ਮੁਫਤ ਕੀਤੇ ਜਾਣ ਵਾਲੇ ਇਲਾਜ ਸਬੰਧੀ ਵਿਸਥਾਰਪੂਰਕ ਜਾਣਕਾਰੀ ਦਿੱਤੀ । ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਝੱਮਟ ਅਤੇ ਫਾਰਮੇਸੀ ਅਫਸਰ ਗੁਰਮੀਤ ਸਿੰਘ ਨੇ ਕਾਲਾ ਪੀਲੀਆ ਸਬੰਧੀ ਆਮ ਜਨਤਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਪਾਟਾਈਟਸ ਜਿਗਰ ਦੀ ਬਿਮਾਰੀ ਹੈ ਜਿਸਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ, ਜਿਹੜੀ ਕਿ ਵਾਇਰਸ ਕਾਰਨ ਫੈਲਦੀ ਹੈ । ਇਹ ਬਿਮਾਰੀ ਬਹੁਤ ਖਤਰਨਾਕ ਅਤੇ ਜਾਨਲੇਵਾ ਹੋ ਸਕਦੀ ਹੈ । ਉਹਨਾਂ ਦਸਿਆ ਕਿ ਹੈਪਾਟਾਈਟਸ ਦਾ ਇਲਾਜ ਪ੍ਰਾਈਵੇਟ ਤੌਰ ਤੇ ਬਹੁਤ ਮਹਿੰਗਾ ਹੁੰਦਾ ਹੈ ਪਰੰਤੂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਵਲੋਂ ਕਾਲਾ ਪੀਲੀਆ ਦਾ ਇਲਾਜ ਪੰਜਾਬ ਦੇ ਸਾਰੇ ਜਿਲਾ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ । ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਹੈਪਾਟਾਈਟਸ ਦੀਆਂ ਪੰਜ ਕਿਸਮਾਂ ਹਨ, ਜਿਹਨਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ –ਹੈਪਾਟਾਈਟਸ ਏ ਅਤੇ ਈ ਅਤੇ ਹੈਪਾਟਾਈਸਟ ਬੀ ਸੀ ਅਤੇ ਡੀ, ਉਹਨਾਂ ਹੈਪਾਟਾਈਸਟ ਬੀ, ਸੀ ਅਤੇ ਡੀ ਬਾਰੇ ਦੱਸਦਿਆਂ ਕਿਹਾ ਕਿ ਇਹ ਨਸ਼ਿਆਂ ਦੇ ਟੀਕੇ ਲਗਾਉਣ ਨਾਲ, ਦੂਸ਼ਿਤ ਖੂਨ ਚੜਾਉਣ ਨਾਲ, ਦੂਸ਼ਿਤ ਸੂਈਆਂ ਦੇ ਸਾਂਝੇ ਇਸਤੇਮਾਲ ਨਾਲ, ਗ੍ਰਸਤ ਮਰੀਜ ਦੇ ਖੂਨ ਦੇ ਸੰਪਰਕ ਵਿੱਚ ਆਉਣ ਜਾਂ ਸੰਭੋਗ ਕਰਨ ਨਾਲ, ਟੁਥ ਬਰਸ਼ ਅਤੇ ਰੇਜ਼ਰ ਸਾਂਝੇ ਕਰਨ ਨਾਲ, ਲੰਮੇ ਸਮੇਂ ਤੱਕ ਗੁਰਦਿਆਂ ਦਾ ਡਾਇਲੇਸਿਸ ਹੋਣ ਨਾਲ ਅਤੇ ਗ੍ਰਸਤ ਮਾਂ ਤੋਂ ਨਵਜੰਮੇ ਬੱਚੇ ਨੂੰ ਹੋ ਸਕਦਾ ਹੈ ਜਦਕਿ ਹੈਪਾਟਾਈਟਸ ਏ ਅਤੇ ਈ ਦੂਸ਼ਿਤ ਪਾਣੀ ਪੀਣ ਅਤੇ ਮੱਖੀਆਂ ਦੁਆਰਾ ਦੂਸ਼ਿਤ ਗਲੇ ਸੜੇ ਫਲ ਖਾਣ ਨਾਲ ਅਤੇ ਬਿਨਾ ਹੱਥ ਧੋਏ ਖਾਣਾ ਖਾਣ ਨਾਲ ਹੋ ਸਕਦਾ ਹੈ । ਉਹਨਾਂ ਦੱਸਿਆ ਕਿ ਹੈਪਾਟਾਈਟਸ ਬੀ ਜਾਂ ਸੀ ਹੋਣ ਤੇ ਬੁਖਾਰ ਅਤੇ ਕਮਜੋਰੀ ਮਹਿਸੂਸ ਹੁੰਦੀ ਹੈ, ਭੁੱਖ ਨਹੀਂ ਲੱਗਦੀ ਅਤੇ ਪਿਸ਼ਾਬ ਪੀਲਾ ਹੋ ਜਾਂਦਾ ਹੈ । ਜਿਗਰ ਖਰਾਬ ਜਾਂ ਜਿਗਰ ਦਾ ਕੈਂਸਰ ਵੀ ਹੋ ਸਕਦਾ ਹੈ । ਹੈਪਾਟਾਈਟਸ ਏ ਜਾਂ ਈ ਹੋਣ ਤੇ ਹਲਕਾ ਬੁਖਾਰ ਅਤੇ ਮਾਸਪੇਸ਼ੀਆਂ ਵਿੱਚ ਦਰਦ, ਭੁੱਖ ਨਾ ਲੱਗਣਾ, ਅਵਤ ਆਉਣਾ ਅਤੇ ਪਿਸ਼ਾਬ ਗੂੜਾ ਪੀਲਾ ਹੋ ਸਕਦਾ ਹੈ ।ਇਸ ਮੌਕੇ ਡਾ. ਗਜਲਪ੍ਰੀਤ ਕੌਰ ਅਤੇ ਲਖਵਿੰਦਰ ਸਿੰਘ ਬਲਾਕ ਐਜੂਕੇਟਰ ਨੇ ਇਸ ਜਾਨਲੇਵਾ ਬਿਮਾਰੀ ਤੋਂ ਬਚਾਅ ਬਾਰੇ ਦੱਸਦਿਆਂ ਕਿਹਾ ਕਿ ਨੋਜਵਾਨ ਪੀੜੀ ਨੂੰ ਨਸ਼ੇ ਦੇ ਟੀਕਿਆਂ ਅਤੇ ਸੂਈਆਂ ਦਾ ਸਾਂਝਾ ਇਸਤੇਮਾਲ ਨਹੀਂ ਕਰਨਾ ਚਾਹੀਦਾ । ਸੁਰੱਖਿਅਤ ਸੰਭੋਗ ਅਤੇ ਕੰਡੋਮ ਦਾ ਇਸਤੇਮਾਲ ਕਰੋ। ਜਖਮਾਂ ਨੂੰ ਖੁਲਾ ਨਹੀਂ ਛੱਡਣਾ ਚਾਹੀਦਾ । ਸਰਕਾਰ ਤੋਂ ਮੰਨਜੂਰ ਸੁਦਾ ਬਲੱਡ ਬੈਂਕ ਤੋਂ ਹੀ ਟੈਸਟ ਕੀਤਾ ਹੋਇਆ ਖੂਨ ਲਵੋ । ਸੈਲੂਨ ਤੋਂ ਸੇਵ ਕਰਵਾਉਣ ਸਮੇਂ ਹਮੇਸ਼ਾ ਨਵੇਂ ਬਲੇਡ ਦੀ ਵਰਤੋਂ ਕਰੋ ਅਤੇ ਮੇਲਿਆਂ ਵਿੱਚ ਸਰੀਰ ਤੇ ਟੈਟੂ ਨਾ ਬਣਵਾਉ। ਇਸ ਮੌਕੇ ਫਾਰਮੇਸੀ ਅਫਸਰ ਸੁਖਪਾਲ ਕੌਰ, ਵਿਸ਼ਵ ਪ੍ਰਭਜੋਤ ਕੌਰ, ਸਟਾਫ ਨਰਸ ਸੀਮਾ, ਐਲ.ਟੀ. ਜਸਵਿੰਦਰ ਕੌਰ, ੳਟ ਸੈਂਟਰ ਤੋਂ ਸਿਮਰਜੋਤ ਸਿੰਘ, ਚੰਨਪ੍ਰੀਤ ਸਿੰਘ, ਸਿਹਤ ਕਰਮਚਾਰੀ ਕੁਲਦੀਪ ਸਿੰਘ ਵਿਰਕ, ਤੀਰਥਪਾਲ ਸਿੰਘ ਅਤੇ ਦਵਿੰਦਰ ਸਿੰਘ ਵੀ ਮੌਜੂਦ ਸਨ ।
ਸਿਵਲ ਹਸਪਤਾਲ ਢੁੱੱਡੀਕੇ ਵਿਖੇੇ ਵਿਸ਼ਵ ਹੈਪਾਟਾਈਟਸ ਦਿਵਸ ਮਨਾਇਆ
9 Views