ਸੁਖਜਿੰਦਰ ਮਾਨ
ਬਠਿੰਡਾ, 23 ਅਕਤੂਬਰ: ਪਹਿਲਾਂ ਕਰੋਨਾ ਮਹਾਂਮਾਰੀ ਦੀ ਮਾਰ ਝੱਲ ਚੁੱਕੇ ਬਠਿੰਡਾ ਵਾਸੀਆਂ ’ਚ ਫੈਲੀ ਡੇਂਗੂ ਦੀ ਬੀਮਾਰੀ ਦੌਰਾਨ ਅੱਜ ਸੂਬੇ ਦੇ ਸਿਹਤ ਵਿਭਾਗ ਦੀ ਡਿਪਟੀ ਡਾਇਰੈਕਟਰ ਡਾ ਨਿਸ਼ਾ ਸਾਹੀ ਵੱਲੋਂ ਸਥਾਨਕ ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਹਸਪਤਾਲ ਦੇ ਡੇਂਗੂ ਵਾਰਡ ਦਾ ਦੌਰਾ ਕੀਤਾ ਅਤੇ ਡੇਂਗੂ ਵਾਰਡ ਸਮੇਤ ਹੋਰ ਯੂਨਿਟਾਂ ਵਿਚ ਕਮੀਆਂ ਪਾਈਆਂ ਜਾਣ ਤੇ ਬਠਿੰਡਾ ਹਸਪਤਾਲ ਨੰੂ ਸਖ਼ਤ ਨਿਰਦੇਸ਼ ਦਿੱਤੇ । ਦਸਣਾ ਬਣਦਾ ਹੈ ਕਿ ਤਾਜਾ ਰਿਪੋਰਟ ਮੁਤਾਬਿਕ ਜ਼ਿਲ੍ਹੇ ਵਿਚ ਡੇਂਗੂ ਮਰੀਜਾਂ ਦੀ ਗਿਣਤੀ 1700 ਤੋਂ ਪਾਰ ਪੁੱਜ ਗਈ ਹੈ। ਜਿਕਰਯੋਗ ਹੈ ਕਿ ਬਠਿੰਡਾ ਵਿਚ ਵਿਚ ਲਗਤਾਰ ਪਈ ਬਾਰਸ਼ ਤੇ ਚਲਦਿਆਂ ਬਠਿੰਡਾ ਅੰਦਰ ਕਰੋਨਾ ਕਹਿਰ ਤੋਂ ਬਾਅਦ ਡੇਂਗੂ ਨੇ ਐਸੇ ਪੈਰ ਪਸਾਰੇ ਕਿ ਸਰਕਾਰੀ ਹਸਪਤਾਲ ਤੋਂ ਇਲਾਵਾ ਨਿਜੀ ਹਸਪਤਾਲ ਵਿਚ ਡੇਂਗੂ ਦੇ ਮਰੀਜਾਂ ਨੰੂ ਬੈੱਡ ਨਹੀਂ ਮਿਲੇ । ਡੇਂਗੂ ਕਾਰਨ ਮਰੀਜ਼ਾਂ ਦੀ ਮੌਤ ਦੀ ਖ਼ਬਰ ਵੀ ਸਾਹਮਣੇ ਆਈ । ਡਿਪਟੀ ਡਾਇਰਕੈਟਰ ਨਿਸ਼ਾ ਸਾਹੀ ਨੇ ਦੌਰੇ ਦੌਰਾਨ ਹਸਪਤਾਲ ਦੇ ਡੇਂਗੂ ਵਾਰਡ ਤੋਂ ਇਲਾਵਾ ਵੱਖ ਵੱਖ ਮਹੱਲਿਆਂ ਅੰਦਰ ਵੀ ਖ਼ੁਦ ਜਾ ਕੇ ਡੇਂਗੂ ਮਰੀਜਾਂ ਦਾ ਹਾਲ ਚਾਲ ਜਾਣਿਆ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਸਿਵਲ ਸਰਜਨ ਡਾ ਅਨੁਪਮਾ ਸ਼ਰਮਾ ਅਤੇ ਐਸ.ਐਮ ਓ ਡਾ ਮਨਿੰਦਰਪਾਲ ਸਿੰਘ ਆਦਿ ਮੌਜੂਦ ਸਨ।
ਸਿਹਤ ਵਿਭਾਗ ਦੇ ਡਾਇਰੈਕਟਰ ਨੇ ਕੀਤਾ ਹਸਪਤਾਲ ਦਾ ਦੌਰਾ
9 Views