ਚੰਨੀ ਖੇਮੇ ’ਚ ਮਨਪ੍ਰੀਤ ਬਾਦਲ, ਸਿੰਗਲਾ, ਬ੍ਰਹਮ ਮਹਿੰਦਰਾ, ਰਾਣਾ ਗੁਰਜੀਤ ਤੇ ਰਣਦੀਪ ਨਾਭਾ ਦਿਖ਼ਾਈ ਦੇਣ ਲੱਗੇ
ਮਾਂਝਾ ਬਿ੍ਰਗੇਡ ਪਹਿਲਾਂ ਦੀ ਤਰ੍ਹਾਂ ਇਕਜੁਟ, ਸਿੱਧੂ ਧੜੇ ’ਚ ਪ੍ਰਗਟ ਸਿੰਘ, ਰਾਜਾ ਵੜਿੰਗ ਤੇ ਰਜੀਆ ਡਟੇ
ਸੁਖਜਿੰਦਰ ਮਾਨ
ਬਠਿੰਡਾ, 6 ਨਵੰਬਰ: ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਓ ਉਤਾਰਨ ਤੋਂ ਬਾਅਦ ਸੂਬੇ ਦੀ ਚੰਨੀ ਸਰਕਾਰ ’ਚ ਗੁੱਟਬੰਦੀ ਖ਼ਤਮ ਹੋਣ ਦੀ ਬਜ਼ਾਏ ਨਵੀਂ ਕਤਾਰਬੰਦੀ ਹੋਣ ਲੱਗੀ ਹੈ। ਪਹਿਲਾਂ ਜਿੱਥੇ ਕੈਪਟਨ ਅਤੇ ਵਿਰੋਧੀ ਧੜਾ ਹੀ ਪ੍ਰਮੁੱਖ ਸੀ, ਹੁਣ ਉਸ ਪੁਰਾਣੇ ਵਿਰੋਧੀ ਧੜੇ ਅੰਦਰ ਹੋਰ ਧੜੇ ਬਣ ਗਏ ਹਨ। ਜਦਂੋਂਕਿ ਕਾਂਗਰਸ ਛੱਡਣ ਦੇ ਬਾਵਜੂਦ ਸਾਬਕਾ ਮੁੱਖ ਮੰਤਰੀ ਦਾ ਧੜਾ ਬੇਸਕ ਸਿਮਟਿਆ ਜਰੂਰ ਹੈ ਪ੍ਰੰਤੂ ਹਾਲੇ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਵਾਲੀ ਨੀਤੀ ’ਤੇ ਚੱਲ ਰਿਹਾ ਹੈ। ਜਦੋਂਕਿ ਪ੍ਰਤੱਖ ਰੂਪ ਵਿਚ ਕੈਪਟਨ ਵਿਰੁਧ ਚਾਰ ਦਰਜ਼ਨ ਦੇ ਕਰੀਬ ਵਿਧਾਇਕਾਂ ਤੇ ਇੱਕ ਦਰਜ਼ਨ ਮੰਤਰੀਆਂ ਦੀ ਹਿਮਾਇਤ ਵਾਲਾ ਸਿੱਧੂ ਧੜਾ ਹੁਣ ਸਿਮਟਦਾ ਨਜ਼ਰ ਆ ਰਿਹਾ ਹੈ, ਕਿਉਂਕਿ ਕੈਪਟਨ ਨੂੰ ਗੱਦੀਓ ਉਤਾਰਨ ਤੱਕ ਸਿੱਧੂ ਨਾਲ ਚੱਲਣ ਵਾਲੇ ਮੰਤਰੀ ਤੇ ਬਹੁਤੇ ਵਿਧਾਇਕ ਹੁਣ ਪਾਲਾ ਬਦਲ ਗਏ ਹਨ। ਇਸਦੇ ਬਾਵਜੂਦ ਸਿੱਧੂ ਨਾਲ ਪੰਜਾਬ ਕੈਬਨਿਟ ਵਿਚੋਂ ਰਜੀਆ ਸੁਲਤਾਨਾ, ਰਾਜਾ ਵੜਿੰਗ ਤੇ ਪ੍ਰਗਟ ਸਿੰਘ ਮਜਬੂਤੀ ਨਾਲ ਦਿਖ਼ਾਈ ਦਿੰਦੇ ਹਨ। ਜਦੋਂਕਿ ਪਹਿਲਾਂ ਮਾਝਾ ਬਿ੍ਰਗੇਡ ਤੇ ਸਿੱਧੂ ਧੜੇ ਨਾਲ ਜੁੜ ਕੇ ਕੰਮ ਕਰਨ ਵਾਲੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੀ ਇੱਕ ਮਜਬੂਤ ਧੜਾ ਬਣ ਗਿਆ ਹੈ। ਇਸ ਧੜੇ ਵਿਚ ਸਭ ਤੋਂ ਪ੍ਰਮੁੱਖ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਨਾਮ ਬੋਲਦਾ ਹੈ। ਸੂਤਰਾਂ ਮੁਤਾਬਕ ਮਾਝਾ ਬਿ੍ਰਗੇਡ ਤੋਂ ਇਲਾਵਾ ਸਿੱਧੂ ਧੜੇ ਨੂੰ ਵੀ ਮੁੱਖ ਮੰਤਰੀ ਦੀ ਵਿਤ ਮੰਤਰੀ ਉਪਰ ਹੱਦੋ ਵੱਧ ਨਿਰਭਰਤਾ ਕਾਫ਼ੀ ਚੁਭਦੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਆਨੇ-ਬਹਾਨੇ ਖ਼ਾਲੀ ਖ਼ਜਾਨੇ ਨੂੰ ਲੈ ਕੇ ਵਿਤ ਮੰਤਰੀ ’ਤੇ ਨਿਸ਼ਾਨੇ ਬਿੰਨੇ ਹਨ ਤੇ ਮਨਪ੍ਰੀਤ ਧੜੇ ਵਲੋਂ ਬਠਿੰਡਾ ਸ਼ਹਿਰ ’ਚ ਲਗਾਏ ਪੋਸਟਰਾਂ ਤੇ ਫ਼ਲੈਕਸਾਂ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਗਾਇਬ ਹਨ। ਉਜ ਕੈਪਟਨ ਧੜੇ ਨਾਲ ਜੁੜੇ ਰਹੇ ਵਿਧਾਇਕ ਤੇ ਮੰਤਰੀ ਵੀ ਚੰਨੀ ਨਾਲ ਖੜਦੇ ਵਿਖਾਈ ਦਿੰਦੇ ਹਨ। ਦੂਜੇ ਪਾਸੇ ਮਿਲਦੀ-ਮਿਲਦੀ ਮੁੱਖ ਮੰਤਰੀ ਦੀ ਕੁਰਸੀ ਖੁੱਸਣ ਦਾ ਗਮ ਹੰਢਾ ਰਹੀ ਮਾਝਾ ਬਿ੍ਰਗੇਡ ਵੀ ਹਾਲੇ ਚੁੱਪ ਕਰਕੇ ਬੈਠੀ ਨਹੀਂ ਦਿਖ਼ਾਈ ਦਿੰਦੀ। ਇਸ ਧੜੇ ਵਿਚ ਤਿੰਨ ਪ੍ਰਭਾਵਸ਼ਾਲੀ ਮੰਤਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਧਾਇਕ ਵੀ ਹਨ। ਪਾਰਟੀ ਦੇ ਉਚ ਸੂਤਰਾਂ ਮੁਤਾਬਕ ਮੌਜੂਦਾ ਸਮੇਂ ਪੰਜਾਬ ਕਾਂਗਰਸ ਦੇ ਉਕਤ ਧੜਿਆਂ ਵਿਚ ਸਭ ਤੋਂ ਵੱਡੀ ਸਫ਼ਾਬੰਦੀ ਸਾਲ 2022 ਵਿਚ ਕਾਂਗਰਸ ਪਾਰਟੀ ਦੀ ਜਿੱਤ ਦੀ ਸੂਰਤ ਵਿਚ ਮੁੱਖ ਮੰਤਰੀ ਦੇ ਅਹੁੱਦੇ ਨੂੰ ਲੈ ਕੇ ਚੱਲਦੀ ਦਿਖ਼ਾਈ ਦਿੰਦੀ ਹੈ। ਚਰਨਜੀਤ ਸਿੰਘ ਚੰਨੀ ਅਪਣੀ ਆਮ ਵਿਅਕਤੀ ਵਾਲੀ ਕਾਰਜ਼ਸੈਲੀ ਅਤੇ ਅਪਣੇ ਇੱਕ ਵਿਸੇਸ ਵਰਗ ਨਾਲ ਜੁੜੇ ਹੋਣ ਕਾਰਨ ਅਗਲੇ ਸਾਲ ਵੀ ਮੁੱਖ ਮੰਤਰੀ ਦੇ ਅਹੁੱਦੇ ’ਤੇ ਪਕੜ ਬਣੀ ਰਹਿਣ ਪ੍ਰਤੀ ਪੂਰੀ ਤਰ੍ਹਾਂ ਆਸਵੰਦ ਹਨ। ਆਉਣ ਵਾਲੇ ਸਮੇਂ ਵਿਚ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਣ ਦੀ ਲਾਲਸਾ ਰੱਖ ਰਹੇ ਕਈ ਵੱਡੇ ਆਗੂਆਂ ਨੂੰ ਵੀ ਚੰਨੀ ਦੇ ਮੁੱਖ ਮੰਤਰੀ ਬਣੇ ਰਹਿਣ ’ਤੇ ਸਿਆਸੀ ਫ਼ਾਈਦਾ ਦਿਖ਼ਾਈ ਦੇ ਰਿਹਾ ਹੈ। ਪ੍ਰੰਤੂ ਨਵਜੋਤ ਸਿੱਧੂ ਵੀ ਹੁਣ ਇੱਕ ਵਾਰ ਮੌਕਾ ਹੱਥੋਂ ਗਵਾਉਣ ਤੋਂ ਬਾਅਦ ਅੰਦਰੋ-ਅੰਦਰੀ ਖੁਦ ਮੁੱਖ ਮੰਤਰੀ ਬਣਨ ਲਈ ਪੂਰੀ ਤਿਆਰੀ ਕਰੀ ਬੈਠੇ ਹਨ ਤੇ ਉਨ੍ਹਾਂ ਅਸਿੱਧੇ ਢੰਗ ਨਾਲ ਬੀਤੇ ਕੱਲ ਪੱਤਰਕਾਰ ਵਾਰਤਾ ਦੌਰਾਨ ਇਸ ਅਹੁੱਦੇ ਲਈ ਪੁੱਛੇ ਸਵਾਲ ਦੇ ਜਵਾਬ ਵਿਚ ਲੋਕਾਂ ਦੀ ਪਸੰਦ ਨੂੰ ਮੁੱਖ ਕਰਾਰ ਦਿੱਤਾ ਹੈ। ਇਸੇ ਤਰ੍ਹਾਂ ਮਾਝਾ ਬਿ੍ਰਗੇਡ ਵਿਚ ਸ਼ਾਮਲ ਦੋ ਪ੍ਰਮੁੱਖ ਵਜ਼ੀਰ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਕਾਫ਼ੀ ਹੱਦ ਤੱਕ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਵੀ ਇਸ ਕੁਰਸੀ ਲਈ ਅੰਦਰਖ਼ਾਤੇ ਜੋੜ ਤੋੜ ਕਰਦੇ ਵਿਖ਼ਾਈ ਦਿੰਦੇ ਹਨ। ਸ: ਰੰਧਾਵਾ ਜਿੱਥੇ ਸਾਬਕਾ ਮੁੱਖ ਮੰਤਰੀ ਵਿਰੁਧ ਕਾਫ਼ੀ ਹਮਲਾਵਾਰ ਦਿਖ਼ਾਈ ਦੇ ਰਹੇ ਹਨ, ਉਥੇ ਉਹ ਅਪਣੇ ਗੁੱਟ ਨੂੰ ਹੋਰ ਮਜਬੂਤ ਕਰਨ ਵਿਚ ਲੱਗੇ ਹੋਏ ਹਨ। ਸੂਬੇ ਦੇ ਸਿਆਸੀ ਮਾਹਰਾਂ ਮੁਤਾਬਕ ਕਾਂਗਰਸ ਵਿਚ ਚੱਲ ਰਹੀ ਅੰਦਰੂਨੀ ਕਸ਼ਮਕਸ਼ ਉਸ ਸਮੇਂ ਹੋਰ ਤੇਜ਼ ਹੁੰਦੀ ਵਿਖ਼ਾਈ ਦੇਵੇਗੀ, ਜਦ ਟਿਕਟਾਂ ਦੀ ਵੰਡ ਦਾ ਮਸਲਾ ਆਵੇਗਾ, ਕਿਉਂਕਿ ਜਿਸ ਧੜੇ ਕੋਲ ਵੱਧ ਵਿਧਾਇਕ ਹੋਣਗੇ, ਉਸਦੀ ਮੁੱਖ ਮੰਤਰੀ ਦੀ ਕੁਰਸੀ ਲਈ ਦਾਅਵੇਦਾਰੀ ਮਜਬੂਤ ਮੰਨੀ ਜਾਵੇਗੀ। ਅਜਿਹੀ ਹਾਲਾਤ ’ਚ ਪੰਜਾਬ ਦੇ ਸਿਆਸੀ ਹਾਲਾਤ ਆਉਣ ਵਾਲੇ ਦਿਨਾਂ ’ਚ ਕਾਫ਼ੀ ਬਦਲਦੇ ਹੋਏ ਨਜ਼ਰ ਆ ਸਕਦੇ ਹਨ।
Share the post "ਸਿੱਧੂ ਦੇ ਮੁੜ ਹਮਲਾਵਾਰ ਰੁੱਖ ਤੋਂ ਬਾਅਦ ਪੰਜਾਬ ਕਾਂਗਰਸ ’ਚ ਨਵੀਂ ਸਫ਼ਾਬੰਦੀ ਹੋਣ ਲੱਗੀ"