ਲਗਾਇਆ ਦੋਸ਼, ਭਾਜਪਾ ਵਲੋਂ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਹੋਣ ਲਈ ਗੁੰਦੀਆਂ ਜਾ ਰਹੀਆਂ ਹਨ ਗੋਂਦਾਂ
ਪੰਜਾਬੀ ਖ਼ਬਰਸਾਰ ਬਿਉਰੋ
ਅੰਮਿ੍ਰਤਸਰ, 4 ਨਵੰਬਰ: ਲੰਮਾ ਸਮਾਂ ਭਾਜਪਾ ਦੇ ਭਾਈਵਾਲ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦੋ ਦਿਨ ਪਹਿਲਾਂ ਭਾਜਪਾ ਆਗੂ ਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ’ਤੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਰਤਸਰ ਦੀਆਂ ਚੋਣਾਂ ‘ਚ ਦਖ਼ਲਅੰਦਾਜ਼ੀ ਕਰਨ ਦੇ ਦੋਸ਼ ਲਗਾਉਣ ਤੋਂ ਬਾਅਦ ਅੱਜ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਭਾਜਪਾ ਤੇ ਆਰਐਸਐਸ ਨੂੰ ਨਿਸ਼ਾਨੇ ’ਤੇ ਲਿਆ। ਅਕਾਲੀ ਦਲ ਵਲੋਂ ਆਗਾਮੀ 9 ਨਵੰਬਰ ਨੂੰ ਹੋਣ ਵਾਲੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਪ੍ਰਧਾਨ ਦਾ ਉਮੀਦਵਾਰ ਬਣਾਉਣ ਤੋਂ ਬਾਅਦ ਇੱਥੇ ਕੀਤੀ ਪਲੇਠੀ ਕਾਨਫਰੰਸ ਵਿਚ ਸ: ਧਾਮੀ ਨੇ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਅਤੇ ਆਰਐਸਐਸ ਸਿੱਧੇ ਤੌਰ ’ਤੇ ਕਮੇਟੀ ਚੋਣਾਂ ਵਿਚ ਦਖਲਅੰਦਾਜੀ ਕਰ ਰਹੇ ਹਨ। ਉਨ੍ਹਾਂ ਇਕਬਾਲ ਸਿੰਘ ਲਾਲਪੁਰਾ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ‘‘ ਘੱਟ ਗਿਣਤੀਆਂ ਦੇ ਹਿੱਤਾਂ ਦੀ ਰੱਖਿਆ ਦੀ ਜਿੰਮੇਵਾਰੀ ਸੰਭਾਲਣ ਵਾਲੇ ਚੇਅਰਮੈਨ ਹੀ ਘੱਟ ਗਿਣਤੀਆਂ ਦੇ ਮਾਮਲਿਆਂ ’ਚ ਦਖਲਅੰਦਾਜ਼ੀ ਕਰਕੇ ਉਸਨੂੰ ਕਮਜੋਰ ਕਰ ਰਹੇ ਹਨ। ’’ ਪ੍ਰਧਾਨ ਧਾਮੀ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਇਕੱਲੇ ਲਾਲਪੁਰਾ ਹੀ ਨਹੀਂ, ਬਲਕਿ ਪਿਛਲੇ ਸਮਿਆਂ ਦੌਰਾਨ ਕਾਂਗਰਸ ਛੱਡ ਕੇ ਭਾਜਪਾ ਵਿੱਚ ਸਾਮਲ ਹੋਣ ਵਾਲੇ ਆਗੂ ਵੀ ਐੱਸਜੀਪੀਸੀ ਮੈਂਬਰਾਂ ਨਾਲ ਸੰਪਰਕ ਸਾਧ ਰਹੇ ਹਨ। ਜਿਸ ਨੂੰ ਖਾਲਸਾ ਪੰਥ ਕਦੇ ਵੀ ਬਰਦਾਸਤ ਨਹੀਂ ਕਰੇਗਾ।ਉਨ੍ਹਾਂ ਕਿਹਾ ਕਿ ਇਹ ਸਿੱਖਾਂ ਦਾ ਅੰਦਰੂਨੀ ਮਾਮਲਾ ਹੈ। ਪ੍ਰਧਾਨ ਧਾਮੀ ਨੇ ਬੀਬੀ ਜੰਗੀਰ ਕੌਰ ਨੂੰ ਵੀ ਅਪੀਲ ਕਰਦਿਆਂ ਮਿਲ ਬੈਠ ਕੇ ਮਸਲੇ ਹੱਲ ਕਰਨ ਲਈ ਕਿਹਾ ਹੈ ਤਾਂ ਕਿ ਸਿੱਖਾਂ ਦੀ ਸਰਬਉੱਚ ਸੰਸਥਾ ਦਾ ਨੁਕਸਾਨ ਨਾ ਹੋਵੇ।
Share the post "ਸੁਖਬੀਰ ਬਾਦਲ ਤੋਂ ਬਾਅਦ ਪ੍ਰਧਾਨ ਧਾਮੀ ਨੇ ਭਾਜਪਾ ਤੇ ਆਰਐਸਐਸ ਨੂੰ ਨਿਸ਼ਾਨੇ ’ਤੇ ਲਿਆ"