ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਿਸਾਨ ਆਗੂਆਂ ਨਾਲ ਹੋਈ ਲੰਮੀ ਮੀਟਿੰਗ ’ਚ ਹੋਇਆ ਫ਼ੈਸਲਾ
ਕਿਸਾਨਾਂ ਨੇ 29 ਨੂੰ ਉਲੀਕਿਆ ਸੀ ਵੱਡਾ ਸੰਘਰਸ਼
ਪੰਜਾਬੀ ਖ਼ਬਰਸਾਰ ਬਿਉਰੋ
ਸੰਗਰੂਰ, 28 ਅਕਤੂਬਰ: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਸ਼ੁਰੂ ਕੀਤੇ ਮੋਰਚੇ ਦੇ ਅੱਜ 20ਵੇਂ ਦਿਨ ਸਰਕਾਰ ਨੇ ਕਿਸਾਨਾਂ ਵੱਲ ਹੱਥ ਵਧਾਉਂਦਿਆਂ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ। ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦੀ ਅਗਵਾਈ ਹੇਠ ਪ੍ਰਸਾਸਨਿਕ ਅਧਿਕਾਰੀਆਂ, ਜਿਸ ਵਿਚ ਆਈ.ਜੀ ਜਤਿੰਦਰ ਸਿੰਘ ਔਲਖ, ਆਈ.ਜੀ ਮੁਖਵਿੰਦਰ ਸਿੰਘ ਛੀਨਾ, ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ ਅਤੇ ਸਿੰਗਾਰਾ ਸਿੰਘ ਮਾਨ ਸਹਿਤ ਟੀਮ ਨਾਲ ਹੋਈ ਲੰਮੀ ਮੀਟਿੰਗ ਤੋਂ ਬਾਅਦ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਬਾਰੇ 29 ਅਕਤੂਬਰ ਨੂੰ ਬਾਰਾਂ ਵੱਜਦੇ ਤਕ ਲਿਖਤੀ ਰੂਪ ਵਿੱਚ ਮੁੱਖ ਮੰਤਰੀ ਵੱਲੋਂ ਭੇਜਣ ਦਾ ਵਾਅਦਾ ਕੀਤਾ ਗਿਆ ਅਤੇ ਹਰੇਕ ਮੰਗ ਦੇ ਲਾਗੂ ਹੋਣ ਦਾ ਟਾਈਮ ਬਾਊਂਡ ਕੀਤਾ ਗਿਆ। ਜਿਸਤੋਂ ਬਾਅਦ ਕਿਸਾਨ ਆਗੂਆਂ ਵਲੋਂ ਮੋਰਚਾ ਚੁੱਕਣ ਦਾ ਭਰੋਸਾ ਦਿੱਤਾ ਗਿਆ ਹੈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬਕਾਇਆ ਇਸ ਸਬੰਧ ਵਿਚ ਬਿਆਨ ਜਾਰੀ ਕਰਕੇ ਕਿਸਾਨ ਆਗੂਆਂ ਨਾਲ ਸਾਰਥਿਕ ਮੀਟਿੰਗ ਹੋਣ ਦਾ ਐਲਾਨ ਕੀਤਾ ਹੈ। ਜਦੋਂਕਿ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਸਟੇਜ ਤੋਂ ਸਰਕਾਰ ਨਾਲ ਹੋਈ ਗੱਲਬਾਤ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਲਿਖਤੀ ਮੰਗਾਂ ਤੇ ਜੋ ਸਰਕਾਰ ਵੱਲੋਂ ਸਹਿਮਤੀ ਦਿੱਤੀ ਗਈ ਹੈ ਉਸ ਦਾ ਐਲਾਨ ਕੱਲ੍ਹ ਨੂੰ ਵੱਡੇ ਇਕੱਠ ਵਿੱਚ ਕੀਤਾ ਜਾਵੇਗਾ ਅਤੇ ਸਾਰੇ ਕਿਸਾਨਾਂ ਮਜਦੂਰਾਂ ਔਰਤਾਂ ਨੂੰ ਮੋਰਚੇ ਵਿੱਚ ਪਰਵਾਰਾਂ ਸਮੇਤ ਵੱਡਾ ਇਕੱਠ ਕਰਨ ਦਾ ਸੱਦਾ ਦਿੱਤਾ। ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਦਸ ਦਸ ਲੱਖ ਮੁਆਵਜਾ ਰਾਸ਼ੀ ਦੇ ਚੈੱਕ 29 ਤਰੀਕ ਨੂੰ ਹੀ ਦੇਣ ਦਾ ਵਾਅਦਾ ਕੀਤਾ। ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕੱਲ੍ਹ ਨੂੰ ਮੰਗਾਂ ਦਾ ਵਿਸਥਾਰ ਵੱਡੇ ਇਕੱਠ ਵਿੱਚ ਦੱਸ ਕੇ ਇੱਸ ਜਿੱਤ ਦੀ ਪਹਿਰੇਦਾਰੀ ਲਈ ਵੀ ਚੌਕਸ ਕੀਤਾ ਜਾਵੇਗਾ। ਮਾਨਸਾ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਅਤੇ ਬਠਿੰਡੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾਗੁਰੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੁਟੇਰੀਆਂ ਹਾਕਮ ਜਮਾਤਾਂ ਪਿਛਲੀਆਂ ਕਈ ਸਦੀਆਂ ਤੋਂ ਕਿਰਤ ਕਰਨ ਵਾਲੇ ਲੋਕਾਂ ਦੀ ਲੁੱਟ ਆਪੋ ਆਪਣੇ ਤਰੀਕੇ ਨਾਲ ਕਰਦੀਆਂ ਆ ਰਹੀਆਂ ਹਨ। ਉਹ ਭਾਵੇਂ ਮੁਗਲ ਸਾਮਰਾਜੀਏ ਹੋਣ, ਉਹ ਭਾਵੇਂ ਬਰਤਾਨਵੀ ਸਾਮਰਾਜੀਏ ਹੋਣ ਤੇ ਉਹ ਭਾਵੇਂ ਅੱਜ ਦੀਆਂ ਦੇਸੀ ਵਿਦੇਸ਼ੀ ਸਾਮਰਾਜੀ ਕੰਪਨੀਆਂ ਅਤੇ ਭਾਰਤੀ ਹਾਕਮ ਜਮਾਤਾਂ ਹੋਣ। ਇਨ੍ਹਾਂ ਦੀ ਲੁੱਟ ਨਾਲ ਨਪੀੜੇ ਜਾਂਦੇ ਲੋਕ ਉਦੋਂ ਤੋਂ ਹੀ ਲੋਕ-ਤਾਕਤ ਨਾਲ ਲੁਟੇਰੀਆਂ ਹਾਕਮ ਜਮਾਤਾਂ ਦਾ ਵਿਰੋਧ ਕਰਦੇ ਆਏ ਹਨ। ਉਹ ਭਾਵੇਂ ਸਾਡੇ ਗੁਰੂਆਂ ਦਾ ਇਤਿਹਾਸ ਹੋਵੇ, ਭਾਵੇਂ ਸਾਡੇ ਗ਼ਦਰੀ ਬਾਬਿਆਂ ਭਗਤ ਸਰਾਭਿਆਂ ਦਾ ਇਤਿਹਾਸ ਹੋਵੇ ਤੇ ਭਾਵੇਂ ਅੱਜ ਦੇ ਸੰਘਰਸ਼ੀ ਲੋਕਾਂ ਦਾ ਇਤਿਹਾਸ ਹੋਵੇ। ਅੱਜ ਸਟੇਜ ਸਕੱਤਰ ਦੀ ਭੂਮਿਕਾ ਲੁਧਿਆਣੇ ਜ਼ਿਲ੍ਹੇ ਦੇ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਕਲਾਂ ਨੇ ਨਿਭਾਈ ਅਤੇ ਸਟੇਜ ਤੋਂ ਮੋਗਾ ਜਿਲ੍ਹੇ ਦੇ ਆਗੂ ਗੁਰਦੇਵ ਸਿੰਘ ਕਿਸ਼ਨਪੁਰਾ, ਮੁਕਤਸਰ ਜ਼ਿਲ੍ਹੇ ਦੇ ਆਗੂ ਬਿੱਟੂ ਮੱਲਣ ਅਤੇ ਮੂਨਕ ਬਲਾਕ ਦੇ ਪ੍ਰਧਾਨ ਰਿੰਕੂ ਮੂਨਕ ਨੇ ਵੀ ਸੰਬੋਧਨ ਕੀਤਾ।
Share the post "ਸੰਗਰੂਰ ਮੋਰਚਾ: ਸਰਕਾਰ ਤੇ ਕਿਸਾਨ ਆਗੂਆਂ ਵਿਚਕਾਰ ਮੰਗਾਂ ਨੂੰ ਲੈ ਕੇ ਬਣੀ ਸਹਿਮਤੀ, ਭਲਕੇ ਖ਼ਤਮ ਹੋਵੇਗਾ ਮੋਰਚਾ"