ਹਲਕਾ ਵਿਧਾਇਕ ਤੇ ਈ.ਓ. ਮੌੜ ਦੇ ਵਿਰੋਧ ’ਚ ਲਿਆ ਫੈਸਲਾਂ
ਮਾਮਲਾ ਦਲਿਤ ਪਰਿਵਾਰ ਅਤੇ ਸਮਾਜਸੇਵੀ ਲੋਕਾਂ ’ਤੇ ਦਰਜ਼ ਕੀਤੇ ਮੁਕੱਦਮੇਂ ਦਾ
ਭੋਲਾ ਸਿੰਘ ਮਾਨ
ਮੌੜ ਮੰਡੀ, 28 ਜਨਵਰੀ : ਨਗਰ ਕੌਂਸਲ ਮੌੜ ਵੱਲੋਂ ਮਕਾਨ ਢਾਹੁਣ ਦਾ ਵਿਰੋਧ ਕਰਨ ਵਾਲੇ ਦਲਿਤ ਪਰਿਵਾਰ ਅਤੇ ਸਮਾਜਸੇਵੀ ਲੋਕਾਂ ’ਤੇ ਦਰਜ਼ ਕਰਵਾਏ ਗਏ ਮੁਕੱਦਮੇ ਨੂੰ ਲੈ ਕਿ ਜਥੇਬੰਦੀਆਂ ਅਤੇ ਸੰਘਰਸ਼ ਕਮੇਟੀ ਦਾ ਗੁੱਸਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਜਿਸ ਦੇ ਤਹਿਤ ਸੰਘਰਸ਼ ਕਮੇਟੀ ਵੱਲੋਂ ਇੱਕ ਮੀਟਿੰਗ ਦੌਰਾਨ ਧਰਨਾ ਲਗਾਉਣ ਅਤੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਮੌੜ ਕਲਾਂ ਦੇ ਪ੍ਰਧਾਨ ਗੁਰਚਰਨ ਸਿੰਘ, ਰੇਸ਼ਮ ਸਿੰਘ ਕੁੱਤੀਵਾਲ, ਕੌਂਸਲਰ ਪਾਲਾ ਸਿੰਘ, ਰਮਨਾ ਮੌੜ ਕਲਾਂ ਅਤੇ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨਸਾਫ ਪਸੰਦ ਲੋਕਾਂ ਦੀ ਮੱਦਦ ਨਾਲ ਨਗਰ ਕੌਂਸਲ ਮੌੜ ਦੇ ਕਾਰਜ ਸਾਧਕ ਅਫ਼ਸਰ ਅਤੇ ਵਿਧਾਨ ਸਭਾ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਖ਼ਿਲਾਫ਼ 30 ਜਨਵਰੀ ਨੂੰ ਨਗਰ ਕੌਂਸਲ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਉਹਨਾਂ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਜਿੰਨ੍ਹਾਂ ਸਮਾਂ ਦਲਿਤ ਪਰਿਵਾਰ ਨਾਲ ਸਬੰਧਿਤ ਮਹਿੰਗਾ ਸਿੰਘ ਅਤੇ ਸਮਾਜਸੇਵੀ ਲੋਕਾਂ ’ਤੇ ਦਰਜ਼ ਕੀਤਾ ਝੂਠਾ ਮੁਕੱਦਮਾਂ ਖ਼ਾਰਜ ਨਹੀ ਹੁੰਦਾ ਅਤੇ ਗਰੀਬ ਪਰਿਵਾਰ ਦੇ ਮਕਾਨ ਦਾ ਨਕਸ਼ਾ ਪਾਸ ਨਹੀ ਹੁੰਦਾ, ਉਨ੍ਹੀ ਦੇਰ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਧਰਮ ਸਿੰਘ,ਟਰੇਂਡ ਯੂਨੀਅਨ ਦੇ ਪ੍ਰਧਾਨ ਗੁਰਮੇਲ ਸਿੰਘ ਮੇਲਾ,ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਸੁਖਮੰਦਰ ਸਿੰਘ, ਦਿਹਾਤੀ ਮਜਦੂਰ ਸਭਾ ਦੇ ਮੇਜਰ ਸਿੰਘ ਦੁੱਲੋਵਾਲ, ਗੁਰਮੇਲ ਸਿੰਘ ਗੇਲਾ ਨੇ ਬੋਲਦੇ ਹੋਏ ਕਿਹਾ ਕਿ ਇੱਕ ਪਾਸੇ ਮੌੜ ਕਲਾਂ , ਮੌੜ ਖੁਰਦ ਅਤੇ ਸ਼ਹਿਰ ਅੰਦਰ ਸੈਕੜੇ ਮਕਾਨ ਵਗੈਰ ਨਕਸ਼ੇ ਪਾਸ ਤੋਂ ਬਣੇ ਹੋਏ ਹਨ, ਪਰ ਦਲਿਤ ਭਰਾਵਾਂ ਨੂੰ ਨਕਸ਼ੇ ਦੀ ਆੜ ਹੇਠ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ। ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਝੂਠਾ ਪਰਚਾ ਰੱਦ ਕੀਤਾ ਜਾਵੇ ਅਤੇ ਬਿਨ੍ਹਾਂ ਜੁਰਮਾਨੇ ਤੋਂ ਨਕਸ਼ਾ ਪਾਸ ਕੀਤਾ ਜਾਵੇ।
Share the post "ਸੰਘਰਸ਼ ਕਮੇਟੀ ਵੱਲੋਂ 30 ਜਨਵਰੀ ਨੂੰ ਨਗਰ ਕੌਂਸਲ ਮੌੜ ਅੱਗੇ ਲਗਾਇਆ ਜਾਵੇਗਾ ਧਰਨਾ"