ਕਾਰਪੋਰੇਟਾਂ ਵਾਂਗ ਕਿਸਾਨਾਂ ਦਾ ਵੀ ਕਰਜਾ ਮੁਆਫ ਹੋਵੇ- ਸੰਤ ਸੀਚੇਵਾਲ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ,19 ਦਸੰਬਰ: ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਕਿਸਾਨਾਂ ਦੀਆਂ ਖੁਦਕਸ਼ੀਆਂ ਦਾ ਮਾਮਲਾ ਚੁੱਕਿਆ। ਉਹਨਾਂ ਸਦਨ ਵਿਚ ਇਕ ਰਿਪੋਰਟ ਦਾ ਹਵਾਲਾ ਦਿੰਦਿਆ ਦੱਸਿਆ ਕਿ 2017 ਤੋਂ 2021 ਤੱਕ ਲਗਭਗ 53000 ਕਿਸਾਨਾਂ ਤੇ ਮਜ਼ਦੂਰਾਂ ਨੇ ਖੁਦਕਸ਼ੀਆਂ ਕੀਤੀਆਂ ਹਨ, ਕਿਉਂਕਿ ਉਨ੍ਹਾਂ ਨੂੰ ਫਸਲਾਂ ਦੀ ਸਹੀ ਕੀਮਤ ਨਹੀਂ ਮਿਲੀ। ਉਹਨਾਂ ਕਿਹਾ ਕਿ ਦੇਸ਼ ਦੇ ਕਿਸਾਨ ਦੀ ਹਾਲਤ ਬਹੁਤ ਤਰਸਯੋਗ ਹੈ, ਜਿਹੜੇ ਕਿਸਾਨ ਅੱਜ ਤੱਕ ਸਾਰੇ ਦੇਸ਼ ਵਾਸੀਆਂ ਦਾ ਢਿੱਡ ਭਰਦੇ ਆ ਰਹੇ ਹਨ ਅੱਜ ਉਹ ਆਪ ਭੁੱਖੇ ਸੌਂ ਰਹੇ ਹਨ। ਇਹ ਬੇਹੱਦ ਦੁੱਖ ਵਾਲੀ ਗੱਲ ਹੈ ਕਿ ਅਜੇ ਤੱਕ ਕਿਸਾਨਾਂ ਨੂੰ ਹਰ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ) ਵੀ ਨਹੀਂ ਮਿਲ ਰਿਹਾ ਹੈ। ਅਜਿਹੇ ਹਲਾਤਾਂ ਵਿੱਚ ਦੇਸ਼ ਦੇ ਅੰਨਦਾਤੇ ਨੂੰ ਆਪਣੀਆਂ ਫਸਲਾਂ ਦਾ ਸਹੀ ਮੁੱਲ ਕਦੋਂ ਮਿਲੇਗਾ ਅਤੇ ਕਦੋਂ ਖੇਤੀ ਲਾਹੇਵੰਦ ਕਿੱਤਾ ਬਣੇਗੀ? ਸੰਤ ਸੀਚੇਵਾਲ ਨੇ ਕਿਹਾ ਕਿ ਇਹ ਉਹ ਵੱਡੇ ਸਵਾਲ ਹਨ ਜੋ ਅੱਜ ਖੇਤੀ ਖੇਤਰ ਅੱਗੇ ਖੜੇ ਹਨ। ਸੰਤ ਸੀਚੇਵਾਲ ਨੇ 2021 ਦੌਰਾਨ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਦਾ ਜ਼ਿਕਰ ਕਰਦਿਆ ਕਿਹਾ ਕਿ ਕਿਸਾਨ ਅੰਦੋਲਨ ਸਮੇਂ ਜੋ ਮੰਗਾਂ ਕੇਂਦਰ ਸਰਕਾਰ ਨੇ ਮੰਨੀਆਂ ਸਨ ਉਨ੍ਹਾਂ ਨੂੰ ਵੀ ਅਜੇ ਤੱਕ ਵੀ ਪੂਰਾ ਨਹੀਂ ਕੀਤਾ ਗਿਆ। ਉਹਨਾਂ ਮੰਗ ਕੀਤੀ ਕਿ ਉਹ ਸਾਰੀਆਂ ਮੰਗਾਂ ਪੂਰੀਆ ਕੀਤੀਆਂ ਜਾਣ। ਪੰਜਾਬ ਦਾ ਜ਼ਿਕਰ ਕਰਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਜੋ ਦੇਸ਼ ਦਾ ਅੰਨ ਭੰਡਾਰ ਹੈ ਉਹ ਹਰ ਸਾਲ ਲਗਭਗ ਦੇਸ਼ ਦੇ ਅਨਾਜ ਭੰਡਾਰ ਵਿੱਚ 40 ਪ੍ਰਤੀਸ਼ਤ ਯੋਗਦਾਨ ਪਾ ਰਿਹਾ ਹੈ। ਉਨ੍ਹਾ ਕਿਹਾ ਕਿ ਪੰਜਾਬ ਕੋਲ ਖੇਤੀ ਯੋਗ ਰਕਬਾ ਸਿਰਫ 1.5 ਫੀਸਦੀ ਹੈ ਪਰ ਦੇਸ਼ ਵਿੱਚ ਵਰਤੀਆਂ ਜਾਂਦੀਆਂ ਖਾਦਾਂ ਅਤੇ ਕੀਟਨਾਸ਼ਕ ਦਾ ਕੁੱਲ 9 ਫੀਸਦੀ ਹਿੱਸਾ ਸਿਰਫ ਪੰਜਾਬ ਹੀ ਵਰਤ ਰਿਹਾ। ਜਿਸ ਨਾਲ ਸਾਡੀ ਹਵਾ, ਪਾਣੀ ਤੇ ਧਰਤੀ ਪ੍ਰਦੂਸ਼ਿਤ ਹੋ ਰਹੀ ਹੈ। ਇਸ ਲਈ ਸਮੇਂ ਦੀ ਲੋੜ ਹੈ ਕਿ ਕੁਦਰਤੀ ਖੇਤੀ ਵੱਲ ਮੁੜਿਆ ਜਾਵੇ ਅਤੇ ਖੇਤੀ ਵਿਭਿੰਨਤਾ ਨੂੰ ਅਪਣਾਇਆ ਜਾਵੇ। ਇਸ ਵਾਸਤੇ ਕੇਂਦਰ ਸਰਕਾਰ ਠੋਸ ਨੀਤੀ ਲੈ ਕੇ ਆਵੇ। ਮੁਲਕ ਵਿਚ ਜਦੋਂ ਵੀ ਖੇਤੀਬਾੜੀ ਖੇਤਰ ‘ਤੇ ਕੁਦਰਤੀ ਆਫ਼ਤਾਂ ਦੀ ਮਾਰ ਪੈਂਦੀ ਹੈ ਤਾਂ ਉਸ ਸਮੇਂ ਵੀ ਮੁਲਕ ਦੇ ਕੇਂਦਰੀ ਅਨਾਜ ਭੰਡਾਰ ਵਿੱਚ ਪੰਜਾਬ ਦਾ ਯੋਗਦਾਨ ਸਭ ਤੋਂ ਵਧ ਜਾਂਦਾ ਹੈ। ਉਨਾ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਲਾਗੂ ਕਰੇ। ਸੰਤ ਸੀਚੇਵਾਲ ਨੇ ਕਿਹਾ ਕਿ ਹੜ੍ਹ, ਸੋਕੇ ਜਾਂ ਹੋਰ ਕੁਦਰਤੀ ਆਫਤ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ ਅਤੇ ਡੂੰਘੇ ਕਰਜ਼ੇ ਦੇ ਜਾਲ ਵਿੱਚ ਫਸੀ ਕਿਸਾਨੀ ਨੂੰ ਕੱਢਣ ਲਈ ਕਾਰਪੋਰੇਟਾਂ ਦੀ ਤਰਜ਼ ਤੇ ਕਿਸਾਨੀ ਦੇ ਕਰਜ਼ਿਆਂ ‘ਤੇ ਵੀ ਲੀਕ ਫੇਰੀ ਜਾਵੇ ਤਾਂ ਜੋ ਸਾਡੇੇ ਦੇਸ਼ ਦਾ ਅੰਨਦਾਤਾ ਰਾਤ ਨੂੰ ਢਿੱਡ ਭਰ ਕੇ ਚੈਨ ਦੀ ਨੀਂਦ ਸੌਂ ਸਕੇ।
ਸੰਤ ਸੀਚੇਵਾਲ ਨੇ ਕਿਸਾਨਾਂ ਦੇ ਕਰਜੇ ’ਤੇ ਲੀਕ ਮਾਰਨ ਦੀ ਕੀਤੀ ਮੰਗ
80 Views