ਸੁਖਜਿੰਦਰ ਮਾਨ
ਬਠਿੰਡਾ, 6 ਜਨਵਰੀ: ਮੈਡੀਕਲ ਪ੍ਰੈਕਟੀਸ਼ਨਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਹਿਮਾਇਤ ਦੇਣ ਦੀਆਂ ਖ਼ਬਰਾਂ ਨੂੰ ਗਲਤ ਕਰਾਰ ਦਿੰਦਿਆਂ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਜਥੇਬੰਦੀ ਗੈਰ ਸਿਆਸੀ ਹੈ ਤੇ ਅਕਾਲੀ ਦਲ ਨੇ ਦਸ ਸਾਲ ਸਰਕਾਰ ਹੁੰਦੇ ਹੋਏ ਵੀ ਉਨ੍ਹਾਂ ਦੀ ਇੱਕ ਵੀ ਮੰਗ ਨਹੀਂ ਮੰਨੀ। ਅੱਜ ਸਥਾਨਕ ਸ਼ਹਿਰ ਵਿਚ ਐਸੋਸੀਏਸਨ ਦੇ ਜ਼ਿਲ੍ਹਾ ਪ੍ਰਧਾਨ ਡਾ ਮੇਵਾ ਸਿੰਘ ਦੀ ਅਗਵਾਈ ਹੇਠ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਇੰਨ੍ਹਾਂ ਡਾਕਟਰਾਂ ਨੇ ਦਾਅਵਾ ਕੀਤਾ ਕਿ ਪਿਛਲੇ ਦਿਨੀਂ ਪਿੰਡ ਬਾਦਲ ਦੇ ਰਸਤੇ ਵਿਚ ਪੈਂਦੇ ਇੱਕ ਪੈਟਰੋਲ ਪੰਪ ’ਤੇ ਅਕਾਲੀ ਦਲ ਦੇ ਬਠਿੰਡਾ ਦਿਹਾਤੀ ਤੋਂ ਉਮੀਦਵਾਰ ਪ੍ਰਕਾਸ ਭੱਟੀ ਨੂੰ ਐਸੋਸੀਏਸਨ ਦੇ ਆਗੂ ਪੁਰਾਣੇ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਮਿਲੇ ਸਨ ਨਾ ਕਿ ਹਿਮਾਇਤ ਦੇਣ ਲਈ। ਐਸੋਸੀਏਸਨ ਦੇ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਵਲੋਂ ਸਾਲ 2007 ਦੇ ਚੋਣ ਮਨੋਰਥ ਪੱਤਰ ਵਿਚ ਮੈਡੀਕਲ ਪ੍ਰੈਕਟੀਸ਼ਨ ਦੀ ਮੰਗ ਨੂੰ ਮੰਨਣ ਦੇ ਕੀਤੇ ਹੋਏ ਵਾਅਦੇ ਨੂੰ ਯਾਦ ਕਰਵਾਉਣ ਲਈ ਇੱਕ ਮੌਕੇ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਸੀ। ਪ੍ਰੰਤੂ ਦੂਜੇ ਦਿਨ ਅਖ਼ਬਾਰਾਂ ਵਿਚ ਉਕਤ ਉਮੀਦਵਾਰ ਵਲੋਂ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸਨ ਵਲੋਂ ਅਕਾਲੀ ਬਸਪਾ ਗਠਜੋੜ ਨੂੰ ਸਮਰਥਨ ਦੇਣ ਦਾ ਦਾਅਵਾ ਕਰ ਦਿੱਤਾ, ਜਿਹੜਾ ਪੂਰੀ ਤਰ੍ਹਾਂ ਗਲਤ ਹੈ। ਇਸ ਮੌਕੇ ਸਟੇਟ ਕੈਸੀਅਰ ਐਚ. ਐਸ .ਰਾਣੂੰ , ਸਟੇਟ ਕਮੇਟੀ ਮੈਂਬਰ ਡਾਕਟਰ ਗੁਰਦੀਪ ਸਿਂਘ ਘੁੱਦਾ, ਵਾਈਸ ਚੇਅਰਮੈਨ ਡਾਕਟਰ ਹਰਬੰਸ ਕੋਸਲ , ਜਿਲ੍ਹਾ ਕੈਸ਼ੀਅਰ ਡਾਕਟਰ ਖੁਸਵਿੰਦਰ ਮਾਨ, ਬਲਾਕ ਤਲਵੰਡੀ ਦੇ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਘਈ, ਜਿਲਾ ਮੀਤ ਪ੍ਰਧਾਨ ਡਾਕਟਰ ਨਛੱਤਰ ਸਿੰਘ ਬਾਂਡੀ , ਡਾਕਟਰ ਗੁਰਮੇਲ ਸਿੰਘ ਮਹਿਣਾ, ਡਾਕਟਰ ਧਰਮਿੰਦਰ ਪਾਲ, ਡਾਕਟਰ ਸੁਖਵਿੰਦਰ ਸਿੰਘ ਸੰਗਤ, ਡਾਕਟਰ ਗੁਰਮੇਲ ਸਿੰਘ ਕਾਲੜਾ ਆਦਿ ਹਾਜ਼ਰ ਸਨ।
ਮੈਡੀਕਲ ਪ੍ਰੈਕਟੀਸ਼ਨਾਂ ਨੇ ਹਿਮਾਇਤ ਦੇਣ ਦਾ ਦਿੱਤਾ ਸੀ ਭਰੋਸਾ: ਭੱਟੀ
ਬਠਿੰਡਾ: ਉਧਰ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਨੇ ਦਾਅਵਾ ਕੀਤਾ ਕਿ ਮੀਟਿੰਗ ਦੌਰਾਨ ਮੈਡੀਕਲ ਪ੍ਰੈਕਟੀਸ਼ਨਾਂ ਨੇ ਹਿਮਾਇਤ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਹੁਣ ਉਹ ਅਜਿਹਾ ਕਿਉਂ ਕਹਿ ਰਹੇ ਹਨ, ਉਸ ਬਾਰੇ ਉਨ੍ਹਾਂ ਨੂੰ ਪਤਾ ਨਹੀਂ।
Share the post "ਅਕਾਲੀ ਉਮੀਦਵਾਰ ਦੀ ਹਿਮਾਇਤ ਦੇ ਐਲਾਨ ਤੋਂ ਮੈਡੀਕਲ ਪ੍ਰੈਕਟੀਸ਼ਨਾਂ ਨੇ ਕੀਤਾ ਕਿਨਾਰਾ"