ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੇ ਵੀ ਟਾਲਾ ਵੱਟਿਆ
ਕੌਂਸਲਰ ਹਰਪਾਲ ਢਿੱਲੋਂ ਨੇ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਮੁਹਿੰਮ ਨੂੰ ਕੀਤਾ ਕਾਮਯਾਬ
ਸੁਖਜਿੰਦਰ ਮਾਨ
ਬਠਿੰਡਾ, 4 ਨਵੰਬਰ: ਪੰਜਾਬ ਸਰਕਾਰ ਦੀਆਂ ਹਿਦਾਇਤਾਂ ’ਤੇ ਨਗਰ ਨਿਗਮ ਵਲੋਂ ਕਮਿਸ਼ਨਰ ਪੱਲਵੀ ਚੌਧਰੀ ਦੀ ਅਗਵਾਈ ਹੇਠ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਦੇ ਤਹਿਤ ਦੇ ਬੈਨਰ ਹੇਠ ਸ਼ੁਰੂ ਕੀਤੀ ਸਫ਼ਾਈ ਮੁਹਿੰਮ ਤਹਿਤ ਅੱਜ ਅਕਾਲੀ ਕੋਂਸਲਰ ਦੇ ਵਾਰਡ ਨੰਬਰ 8 ’ਚ ਉਸ ਸਮੇਂ ਸਿਆਸਤ ਨਜ਼ਰ ਆਈ ਜਦ ਨਿਗਮ ਅਧਿਕਾਰੀਆਂ ਸਹਿਤ ਨਿਗਮ ਦੇ ਚੁਣੇ ਹੋਏ ਅਹੁੱਦੇਦਾਰਾਂ ਨੇ ਵੀ ਮੁਹਿੰਮ ਵਿਚ ਸ਼ਾਮਲ ਹੋਣ ਤੋਂ ਟਾਲਾ ਵੱਟ ਲਿਆ। ਜਦੋਂਕਿ ਇਸਤੋਂ ਪਹਿਲਾਂ ਹੁਣ ਤੱਕ ਨਿਗਮ ਅਧਿਕਾਰੀ ਤੇ ਚੁਣੇ ਹੋਏ ਅਹੁੱਦੇਦਾਰਾਂ ਵਿਚੋਂ ਕੋਈ ਨਾ ਕੋਈ ਜਰੂਰ ਇਸ ਮੁਹਿੰਮ ਵਿਚ ਸ਼ਾਮਲ ਹੁੰਦਾ ਰਿਹਾ ਹੈ। ਵੱਡੀ ਗੱਲ ਇਹ ਵੀ ਹੈ ਕਿ ਅਕਾਲੀ ਤੋਂ ਕਾਂਗਰਸੀ ਬਣੇ ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੰਘ ਦੇ ਵਾਰਡ ਨਾਲ ਹੀ ਇਹ ਵਾਰਡ ਲੱਗਦਾ ਹੈ, ਜਿੱਥੇ ਅੱਜ ਇਸ ਮੁਹਿੰਮ ਤਹਿਤ ਸਫ਼ਾਈ ਕੀਤੀ ਗਈ। ਉਧਰ ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਸਿਆਸਤ ਤੋਂ ਉਪਰ ਉਠਦਿਆਂ ਜਿੱਥੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਵਧ ਚੜ੍ਹ ਕੇ ਇਸ ਮੁਹਿੰਮ ਵਿਚ ਪੁੱਜੇ, ਉਥੇ ਪਾਰਟੀ ਆਗੂ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮਿ੍ਰਤ ਲਾਲ ਅਗਰਵਾਲ ਨੇ ਵੀ ਇਸ ਮੁਹਿੰਮ ਵਿਚ ਸਮੂਲੀਅਤ ਕਰਕੇ ਹੋਸਲਾ ਵਧਾਇਆ। ਨਿਗਮ ’ਤੇ ਕਾਬਜ਼ ਕਾਂਗਰਸੀਆਂ ਵਲੋਂ ਕੀਤੇ ਜਾ ਰਹੇ ਇਸ ਪੱਖਪਾਤ ਦੀ ਨਿੰਦਾ ਕਰਦਿਆਂ ਵਾਰਡ ਨੰਬਰ ਅੱਠ ਦੇ ਕੋਂਸਲਰ ਤੇ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੀ ਭਲਾਈ ਲਈ ਵਿੱਢੀ ਇਸ ਮੁਹਿੰਮ ਵਿਚ ਸਿਆਸਤ ਕਰਕੇ ਕਾਂਗਰਸੀ ਪੱਖਪਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਜਦ ਇਹ ਮੁਹਿੰਮ ਵਾਰਡ ਨੰਬਰ 1 ਤੋਂ ਸੁਰੂ ਹੋਈ ਸੀ ਤਾਂ 6 ਨੰਬਰ ਵਾਰਡ ਤੱਕ ਲਗਾਤਾਰ ਚੱਲਦੀ ਰਹੀ ਪ੍ਰੰਤੂ ਬਾਅਦ ਵਿਚ 7 ਅਤੇ 8 ਨੰਬਰ ਵਾਰਡ ਜਿੱਥੇ ਅਕਾਲੀ ਦਲ ਦੇ ਚੁਣੇ ਹੋਏ ਕੋਂਸਲਰ ਹਨ, ਨੂੰ ਛੱਡ ਕੇ ਸਿੱਧੀ 9 ਵਿਚ ਇਹ ਮੁਹਿੰਮ ਚਲਾ ਦਿੱਤੀ, ਜਿਸਦਾ ਉਨ੍ਹਾਂ ਵਿਰੋਧ ਕੀਤਾ ਜਿਸਦੇ ਚੱਲਦੇ ਅੱਜ ਉਨ੍ਹਾਂ ਦੇ ਵਾਰਡ ਵਿਚ ਇਹ ਮੁਹਿੰਮ ਚਲਾਈ ਗਈ ਪ੍ਰੰਤੂ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਪਲਵੀ ਚੌਧਰੀ , ਐਸਈ ਸੰਦੀਪ ਗੁਪਤਾ ਅਤੇ ਐਕਸੀਅਨ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਦਿ ਤੋਂ ਨਗਰ ਨਿਗਮ ਦੇ ਮੇਅਰ ਮੈਡਮ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਅਤੇ ਡਿਪਟੀ ਮੇਅਰ ਹਰਮੰਦਰ ਸਿੰਘ ਸਿੱਧੂ ਵੀ ਇਸ ਵਿਚ ਸ਼ਾਮਲ ਨਹੀਂ ਹੋਏ। ਇਸ ਮੌਕੇ ਕੁਲਦੀਪ ਸਿੰਘ ਗਿੱਲ, ਸੁਖਮੰਦਰ ਸਿੰਘ ਸੰਧੂ , ਬਲਦੇਵ ਸਿੰਘ , ਬਲਤੇਜ ਸਿੰਘ, ਨਰੇਸ਼ ਮਿੱਤਲ, ਜਗਜੀਤ ਸਿੰਘ ਗਰੇਵਾਲ ,ਰਣਜੀਤ ਸਿੰਘ, ਹਰਚਰਨ ਸਿੰਘ, ਜਸਜੀਤ ਸਿੰਘ, ਸੋਹਨ ਲਾਲ ਸ਼ਰਮਾ , ਜੋਗਿੰਦਰ ਸਿੰਘ ਰੰਧਾਵਾ, ਜਰਨੈਲ ਸਿੰਘ ਫੌਜੀ , ਮੱਖਣ ਲਾਲ, ਸੁਰਜਨ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਵਾਸੀ ਮੌਜੂਦ ਸਨ। ਉਧਰ ਦੂਜੇ ਪਾਸੇ ਕਮਿਸ਼ਨਰ ਪੱਲਵੀ ਚੌਧਰੀ ਨੇ ਦਾਅਵਾ ਕੀਤਾ ਕਿ ਉਹ ਛੁੱਟੀ ’ਤੇ ਚੱਲ ਰਹੇ ਹਨ ਤੇ ਐਸ.ਈ ਕੋਲ ਅਬੋਹਰ ਦਾ ਚਾਰਜ਼ ਹੈ ਜਦੋਂਕਿ ਦੂਜੇ ਅਧਿਕਾਰੀ ਮੁਹਿੰਮ ਵਿਚ ਸ਼ਾਮਲ ਹੋਏ ਸਨ।
Share the post "ਅਕਾਲੀ ਕੋਂਸਲਰ ਦੇ ਵਾਰਡ ’ਚ ਨਗਰ ਨਿਗਮ ਵਲੋਂ ਚਲਾਈ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਵਿਚ ਨਹੀਂ ਪਹੁੰਚੇ ਅਧਿਕਾਰੀ"