ਸੁਖਜਿੰਦਰ ਮਾਨ
ਬਠਿੰਡਾ, 04 ਜਨਵਰੀ: ਸਥਾਨਕ ਸੀਆਈਏ ਟੀਮ ਨੇ ਅੰਗਹੀਣਤਾਂ ਦੀ ਆੜ ’ਚ ਨਸ਼ਾ ਤਸਕਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋ ਇੱਕ ਕਿਲੋ ਅਫ਼ੀਮ ਬਰਾਮਦ ਕੀਤੀ ਹੈ। ਕਾਬੂ ਕੀਤਾ ਗਿਆ ਵਿਅਕਤੀ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਉਸਦੇ ਵਿਰੁਧ ਪਹਿਲਾਂ ਵੀ ਨਸ਼ਾ ਤਸਕਰੀ ਦਾ ਪਰਚਾ ਦਰਜ਼ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸੀਆਈਏ ਸਟਾਫ਼ ਵਲੋਂ ਸਬ ਇੰਸਪੈਕਟਰ ਹਰਜੀਵਨ ਸਿੰਘ ਦੀ ਅਗਵਾਈ ਹੇਠ ਗਣਪਤੀ ਇਨਕਲੇਵ ਕੋਲ ਨਾਕਾਬੰਦੀ ਕੀਤੀ ਹੋਈ ਸੀ ਤੇ ਇਸ ਦੌਰਾਨ ਉਕਤ ਵਿਅਕਤੀ ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਸ ਕੋਲੋ ਮੌਕੇ ’ਤੇ ਹੀ ਇੱਕ ਕਿੱਲੋ ਅਫੀਮ ਬਰਾਮਦ ਕੀਤੀ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਦੀ ਪਹਿਚਾਣ ਰਾਧੇ ਸ਼ਾਮ ਵਾਸੀ ਲਸੂੜੀਆਂ ਜ਼ਿਲ੍ਹਾ ਝਾਲਾਵਾੜ ਰਾਜਸਥਾਨ ਵਜੋਂ ਹੋਈ ਹੈ। ਸੀਆਈਏ ਦੇ ਇੰਚਾਰਜ਼ ਤਰਜਿੰਦਰ ਸਿੰਘ ਨੇ ਦਸਿਆ ਕਿ ਪੁੱਛਗਿੱਛ ਦੌਰਾਨ ਕਥਿਤ ਦੋਸ਼ੀ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਤੋਂ ਅਫੀਮ ਲੈ ਕੇ ਆਉਂਦਾ ਸੀ। ਜਿਸਤੋਂ ਬਾਅਦ ਅੱਗੇ ਪੰਜਾਬ ਵਿਚ ਸਪਲਾਈ ਕਰਦਾ ਸੀ। ਅਪੰਗ ਹੋਣ ਕਾਰਨ ਉਸ ਉਪਰ ਕੋਈ ਜਿਆਦਾ ਸ਼ੱਕ ਨਹੀਂ ਕਰਦਾ ਸੀ, ਜਿਸਦੇ ਚੱਲਦੇ ਉਹ ਇਹ ਧੰਦਾ ਕਰਦਾ ਆ ਰਿਹਾ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਅਫ਼ੀਮ ਨੂੰ ਭੇਜਣ ਵਾਲਾ ਅਤੇ ਅੱਗੇ ਸਪਲਾਈ ਲੈਣ ਵਾਲਿਆਂ ਦਾ ਪਤਾ ਕੀਤਾ ਜਾ ਰਿਹਾ ਹੈ।
ਅਪੰਗਤਾਂ ਦੀ ਆੜ ਹੇਠ ਨਸ਼ਾ ਤਸਕਰੀ ਕਰਨ ਵਾਲਾ ਕਾਬੂ
13 Views