ਵੱਖ ਵੱਖ ਪਿੰਡਾਂ ਵਿੱਚ ਜਾ ਕੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਸਮੱਸਿਆਵਾਂ ਸੁਣੀਆਂ
ਸੁਖਜਿੰਦਰ ਮਾਨ
ਬਠਿੰਡਾ, 2 ਅਪ੍ਰੈਲ: ਬਠਿੰਡਾ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਅਮਿਤ ਰਤਨ ਕੋਟਫੱਤਾ ਨੇ ਬਠਿੰਡਾ ਦਿਹਾਤੀ ਹਲਕੇ ਦੇ ਵੱਖ ਵੱਖ ਪਿੰਡਾਂ ਧੰਨ ਸਿੰਘ ਖਾਨਾ, ਗੁਲਾਬਗੜ, ਕਟਾਰ ਸਿੰਘ ਵਾਲਾ, ਭਾਗੂ, ਫੂਸ ਮੰਡੀ, ਜੱਸੀ ਪੌ ਵਾਲੀ ਅਤੇ ਜੋਧਪੁਰ ਰੋਮਾਣਾ ਵਿਖੇ ਪਹੁੰਚ ਕੇ ਹਲਕੇ ਦੇ ਵੋਟਰਾਂ ਦਾ ਭਾਰੀ ਗਿਣਤੀ ਵਿਚ ਵੋਟਾਂ ਪਾਉਣ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ । ਲੋਕਾਂ ਨੂੰ ਸੰਬੋਧਨ ਕਰਦਿਆਂ ਐਮਐਲਏ ਸ੍ਰੀ ਅਮਿਤ ਰਤਨ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਇਸ ਵਾਰ ਬਦਲਾਅ ਦੇ ਲਈ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਬੜੀ ਸੂਝਬੂਝ ਨਾਲ ਆਪਣਾ ਵੋਟ ਪਾ ਕੇ ਆਪਣਾ ਫਰਜ ਨਿਭਾਇਆ ਹੈ ਅਤੇ ਹੁਣ ਲੋਕਾਂ ਦੀਆਂ ਉਮੀਦਾਂ ਪੂਰੀਆਂ ਕਰਨ ਦੀ ਜਿੰਮੇਵਾਰੀ ਚੁਣੀ ਹੋਈ ਸਰਕਾਰ ਦੀ ਹੈ ਜਿਸ ਲਈ ਅਸੀਂ ਦਿਨ ਰਾਤ ਮਿਹਨਤ ਕਰਾਂਗੇ । ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਉਨ੍ਹਾਂ ਨੇ ਕਈ ਵਿਉਂਤਾਂ ਉਲੀਕੀਆਂ ਹਨ ਜਿਨ੍ਹਾਂ ਉੱਤੇ ਜਲਦੀ ਕੰਮ ਸ਼ੁਰੂ ਕੀਤਾ ਜਾਵੇਗਾ । ਸ੍ਰੀ ਕੋਟਫੱਤਾ ਨੇ ਕਿਹਾ ਕਿ ਨਸ਼ਿਆਂ ਦੇ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਉਹ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਅਤੇ ਆਉਂਦੇ ਛੇ ਮਹੀਨਿਆਂ ਵਿਚ ਇਸ ਬੁਰਾਈ ਨੂੰ ਖਤਮ ਕਰਨਾ ਉਹਨਾਂ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਸਲੇ ਤੋਂ ਇਲਾਵਾ ਹਲਕੇ ਵਿੱਚ ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ।
ਅਮਿਤ ਰਤਨ ਕੋਟਫੱਤਾ ਨੇ ਹਲਕੇ ਦੇ ਵੋਟਰਾਂ ਦਾ ਕੀਤਾ ਧੰਨਵਾਦ
12 Views