ਹੰਗਾਮੇ ਤੋਂ ਬਾਅਦ 24 ਦਸੰਬਰ ਨੂੰ ਕੱਢੇ ਡਰਾਅ ਦਾ ਨਤੀਜ਼ਾ ਕੀਤਾ ਕੈਂਸਲ, ਹੁਣ 10 ਜਨਵਰੀ ਨੂੰ ਕੱਢਿਆ ਜਾਵੇਗਾ ਡਰਾਅ
ਸੁਖਜਿੰਦਰ ਮਾਨ
ਬਠਿੰਡਾ, 26 ਦਸੰਬਰ: ਪਿਛਲੇ ਕੁੱਝ ਸਾਲਾਂ ਤੋਂ ਕਿਸਾਨਾਂ ਨੂੰ ਸੋਲਰ ਸਿਸਟਮ ਦੇ ਆਧਾਰ ’ਤੇ ਮੋਟਰਾਂ ਲਗਾਉਣ ਦਾ ਕੰਮ ਕਰ ਰਹੀ ਆਦੇਸ਼ ਸੋਲਰ ਨਾਂ ਦੀ ਕੰਪਨੀ ਦੇ ਬਠਿੰਡਾ ਸ਼ਹਿਰ ਦੇ ਨਾਮਦੇਵ ਰੋਡ ’ਤੇ ਸਥਿਤ ਦਫ਼ਤਰ ਅੱਗੇ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਹੰਗਾਮਾ ਕਰਨ ਦੀ ਸੂਚਨਾ ਹੈ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਕੰਪਨੀ ਦੇ ਪ੍ਰਬੰਧਕਾਂ ਉਪਰ ਦੋਸ਼ ਲਗਾਇਆ ਕਿ ਉਨ੍ਹਾਂ ਹਜ਼ਾਰਾਂ ਕਿਸਾਨਾਂ ਤੇ ਆਮ ਲੋਕਾਂ ਨਾਲ ਠੱਗੀ ਮਾਰਦਿਆਂ ਚੁੱਪ-ਚਪੀਤੇ ਅਪਣੇ ਰਿਸ਼ਤੇਦਾਰਾਂ ਤੇ ਚਹੇਤਿਆਂ ਨੂੰ ਲੱਕੀ ਡਰਾਅ ਕੱਢ ਦਿੱਤਾ। ਇਸਤੋਂ ਇਲਾਵਾ ਕੁੱਝ ਵਿਅਕਤੀਆਂ ਨੇ ਇਸ ਲੱਕੀ ਡਰਾਅ ਕੱਢੇ ਜਾਣ ਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੜਤਾਲ ਦੀ ਵੀ ਮੰਗ ਕੀਤੀ ਕਿ ਇਸ ਤਰ੍ਹਾਂ ਲੋਕਾਂ ਕੋਲੋ ਪੈਸੇ ਇਕੱਠੇ ਕਰਕੇ ਬਿਨ੍ਹਾਂ ਮੰਨਜੂਰੀ ਡਰਾਅ ਕੱਢਿਆ ਜਾ ਸਕਦਾ ਹੈ ਜਾਂ ਨਹੀਂ। ਮੌਕੇ ਦੀ ਸਥਿਤੀ ਨੂੰ ਦੇਖਦਿਆਂ ਸਿਟੀ ਪੁਲਿਸ ਵੀ ਉੱਥੇ ਪੁੱਜ ਗਈ ਤੇ ਕਾਫ਼ੀ ਮੁਸੱਕਤ ਬਾਅਦ ਮਾਮਲੇ ਨੂੰ ਹੱਲ ਕੀਤਾ ਗਿਆ। ਪਤਾ ਲੱਗਿਆ ਹੈ ਕਿ ਹੁਣ ਉਕਤ ਕੰਪਨੀ ਦੇ ਪ੍ਰਬੰਧਕਾਂ ਨੇ ਲੋਕਾਂ ਦੇ ਦਬਾਅ ਅੱਗੇ ਝੁਕਦਿਆਂ 24 ਦਸੰਬਰ ਨੂੰ ਕੱਢੇ ਡਰਾਅ ਨੂੰ ਕੈਂਸਲ ਕਰਦਿਆਂ 10 ਜਨਵਰੀ ਨੂੰ ਜਨਤਕ ਤੌਰ ’ਤੇ ਡਰਾਅ ਕੱਢਣ ਦਾ ਵਿਸਵਾਸ ਦਿਵਾਇਆ ਹੈ। ਪਤਾ ਲੱਗਿਆ ਹੈ ਕਿ ਇਸ ਡਰਾਅ ਵਿਚ 50 ਮੋਟਰਾਂ, 6 ਟਰੈਕਟਰ, 30 ਗੀਜ਼ਰ, 30 ਫਰਿੱਜ, 30 ਆਰ.ਓਜ਼, 27 ਐਲ.ਈ.ਡੀਜ਼, ਬੁਲੇਟ ਮੋਟਰਸਾਈਕਲ ਅਤੇ ਕਾਰਾਂ ਆਦਿ ਦੇ ਇਨਾਮ ਕੱਢੇ ਜਾਣੇ ਹੁੰਦੇ ਹਨ। ਇਸਦੇ ਬਦਲੇ ਡਰਾਅ ਵਿਚ ਹਿੱਸਾ ਲੈਣ ਦੇ ਚਾਹਵਾਨਾਂ ਵਲੋਂ 3100-3100 ਰੁਪਏ ਭਰੇ ਗਏ ਹਨ ਤੇ ਪਤਾ ਲੱਗਿਆ ਹੈ ਕਿ ਕਰੀਬ 56 ਲੋਕਾਂ ਨੇ ਇਹ ਪੈਸੇ ਉਕਤ ਕੰਪਨੀ ਕੋਲ ਭਰੇ ਸਨ। ਕੰਪਨੀ ਦੇ ਦਫ਼ਤਰ ਅੱਗੇ ਹੰਗਾਮਾ ਕਰਦੇ ਲੋਕਾਂ ਨੇ ਦੋਸ਼ ਲਗਾਇਆ ਕਿ ਇਹ ਸਕੀਮ ਪਿਛਲੇ ਤਿੰਨ ਮਹੀਨਿਆਂ ਤੋਂ ਚਲਾਈ ਜਾ ਰਹੀ ਹੈ ਜਿਸ ਵਿਚ ਲੋਕਾਂ ਨੂੰ ਸੋਸਲ ਮੀਡੀਆ ਤੇ ਪੋਸਟਰਾਂ ਰਾਹੀਂ ਪ੍ਰਚਾਰ ਕਰਕੇ ਹਿੱਸਾ ਲੈਣ ਲਈ ਪੇ੍ਰਰਿਆ ਜਾ ਰਿਹਾ ਸੀ, ਜਿਸਦੇ ਚੱਲਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਸਕੀਮ ਤਹਿਤ ਪੈਸੇ ਭਰੇ ਸੜਨ। ਇਸ ਡਰਾਅ ਨੂੰ 25 ਦਸੰਬਰ ਵਾਲੇ ਦਿਨ ਸਥਾਨਕ ਇੱਕ ਪੈਲੇਸ ’ਚ ਸਮੂਹ ਮੈਂਬਰਾਂ ਦੀ ਹਾਜ਼ਰੀ ਵਿਚ ਕੱਢਣ ਦਾ ਐਲਾਨ ਕੀਤਾ ਗਿਆ ਸੀ। ਇਸ ਮੌਕੇ ਹਾਜ਼ਰ ਪਿੰਡ ਸੇਖੋ ਦੇ ਸਰਪੰਚ ਨੇ ਦੋਸ਼ ਲਗਾਇਆ ਕਿ ਹੁਣ ਕੰਪਨੀ ਦੇ ਪ੍ਰਬੰਧਕਾਂ ਨੇ ਜਨਤਕ ਕੀਤੀ ਤਰੀਕ ਤੋਂ ਇੱਕ ਦਿਨ ਪਹਿਲਾਂ ਹੀ ਅਪਣੇ ਚਹੇਤਿਆਂ ਦੀ ਹਾਜ਼ਰੀ ਵਿਚ ਲਾਈਵ ਡਰਾਅ ਕੱਢਣ ਦਾ ਡਰਾਮਾ ਰਚਿਆ ਹੈ, ਜਿਸਦੇ ਚੱਲਦੇ ਇਸ ਸਕੀਮ ਤਹਿਤ ਪੈਸੇ ਭਰਨ ਵਾਲੇ ਲੋਕ ਨਰਾਜ਼ ਹਨ। ਇੱਥੇ ਹਾਜ਼ਰ ਕੁਲਵੰਤ ਸਿੰਘ ਨਾਂ ਦੇ ਇੱਕ ਹੋਰ ਵਿਅਕਤੀ ਨੇ ਵੀ ਪ੍ਰਬੰਧਕਾਂ ਨੂੰ ਘੇਰਦਿਆਂ ਦੋਸ਼ ਲਗਾਇਆ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਸੱਚ ਸਾਹਮਣੇ ਆ ਸਕੇ।
ਲੋਕਾਂ ਨੂੰ ਸੰਤੁਸ਼ਟ ਕਰਨ ਲਈ ਪਹਿਲਾਂ ਕੱਢਿਆ ਡਰਾਅ ਕੀਤਾ ਕੈਂਸਲ: ਐਮ.ਡੀ
ਬਠਿੰਡਾ: ਉਧਰ ਆਦੇਸ਼ ਸੋਲਰ ਕੰਪਨੀ ਦੇ ਐਮ.ਡੀ ਪ੍ਰਦਮਣ ਸਿੰਘ ਮਾਨ ਨੇ ਸੰਪਰਕ ਕਰਨ ’ਤੇ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ ਸਭ ਨੂੰ ਸੰਤੁਸ਼ਟ ਕਰਨ ਲਈ 24 ਦਸੰਬਰ ਨੂੰ ਕੱਢਿਆ ਪਹਿਲਾਂ ਡਰਾਅ ਕੈਂਸਲ ਕਰਕੇ 1 ਜਨਵਰੀ ਨੂੰ ਦੁਬਾਰਾ ਡਰਾਅ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਰਾਅ ਪਾਰਦਰਸ਼ੀ ਤਰੀਕੇ ਨਾਲ ਲਾਈਵ ਕੱਢਿਆ ਗਿਆ ਸੀੇ। ਇਸਤੋਂ ਇਲਾਵਾ ਲੱਕੀ ਡਰਾਅ ਕੱਢਣ ਸਬੰਧੀ ਸਰਕਾਰੀ ਮੰਨਜੂਰੀ ਲੈਣ ਸਬੰਧੀ ਪੁੱਛੇ ਜਾਣ ’ਤੇ ਕਿਹਾ ਕਿ ਇਸਦੇ ਲਈ ਕੋਈ ਮੰਨਜੂਰੀ ਦੀ ਜਰੂਰਤ ਨਹੀਂ ਹੁੰਦੀ ਹੈ।
Share the post "ਆਦੇਸ਼ ਸੋਲਰ ਦੇ ਲੱਕੀ ਡਰਾਅ ਨੂੰ ਲੈ ਕੇ ਹੋਇਆ ਹੰਗਾਮਾ, ਕਿਸਾਨਾਂ ਨੇ ਲਗਾਇਆ ਠੱਗੀ ਦਾ ਦੋਸ਼"