10 ਵਜੇਂ ਤੋਂ 5 ਵਜੇਂ ਤੱਕ ਰੱਖਿਆ ਵਿਜੀਲੈਂਸ ਦਫ਼ਤਰ, ਸਾਬਕਾ ਮੰਤਰੀ ਨੇ ਲਗਾਏ ਦੁਰਵਿਵਹਾਰ ਦੇ ਆਰੋਪ
ਅਗਲੇ ਹਫ਼ਤੇ ਮੁੜ ਬੁਲਾਇਆ
ਸੁਖਜਿੰਦਰ ਮਾਨ
ਬਠਿੰਡਾ, 20 ਮਾਰਚ : ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੀਆਂ ਚਰਚਾਵਾਂ ਦੇ ਤਹਿਤ ਅੱਜ ਵਿਜੀਲੈਂਸ ਬਿਊਰੋ ਦੇ ਬਠਿੰਡਾ ਦਫ਼ਤਰ ਵਲੋਂ ਸਾਬਕਾ ਮੰਤਰੀ ਤੇ ਭਾਜਪਾ ਆਗੂ ਗੁਰਪ੍ਰੀਤ ਸਿੰਘ ਕਾਂਗੜ੍ਹ ਕੋਲੋ ਅੱਜ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਕਰੀਬ ਸੱਤ ਘੰਟੇ ਪੁਛਗਿਛ ਕੀਤੀ ਗਈ। ਸਾਬਕਾ ਮੰਤਰੀ ਸਵੇਰੇ ਦਸ ਵਜੇਂ ਵਿਜੀਲੈਂਸ ਦਫ਼ਤਰ ਪੁੱਜੇ, ਜਿੱਥੇ ਸਾਮ ਪੰਜ ਵਜੇਂ ਉਨ੍ਹਾਂ ਨੂੰ ਦਫ਼ਤਰ ਤੋਂ ਬਾਹਰ ਆਉਣ ਦਿੱਤਾ ਗਿਆ। ਇਸ ਦੌਰਾਨ ਬਾਹਰ ਆਉਂਦਿਆਂ ਹੀ ਸ: ਕਾਂਗੜ੍ਹ ਨੇ ਵਿਜੀਲੈਂਸ ਅਧਿਕਾਰੀਆਂ ਉਪਰ ਦੁਰਵਿਵਹਾਰ ਕਰਨ ਦਾ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ‘‘ ਪਹਿਲੀ ਪੁਛਗਿਛ ਦੌਰਾਨ ਹੀ ਉਸਦੇ ਨਾਲ ਦੋਸ਼ੀਆਂ ਵਾਲਾ ਵਿਵਹਾਰ ਕੀਤਾ ਗਿਆ। ’’ ਉਧਰ ਵਿਜੀਲੈਂਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਨਿਯਮਾਂ ਤਹਿਤ ਹੀ ਸਾਬਕਾ ਮੰਤਰੀ ਤੋਂ ਸਵਾਲ-ਜਵਾਬ ਪੁੱੱਛੇ ਗਏ। ਪਤਾ ਲੱਗਿਆ ਹੈ ਕਿ ਵਿਜੀਲੈਂਸ ਨੇ ਮੁੜ ਅਗਲੇ ਹਫ਼ਤੇ ਪੁਛਗਿਛ ਲਈ ਬੁਲਾਇਆ ਹੈ। ਦਸਣਾ ਬਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਪਹਿਲਾਂ ਬਿਜਲੀ ਅਤੇ ਫ਼ਿਰ ਮਾਲ ਮੰਤਰੀ ਰਹੇ ਸ: ਕਾਂਗੜ੍ਹ ਵਿਰੁਧ ਪਿਛਲੇ ਸਮੇਂ ਦੌਰਾਨ ਜਾਇਦਾਦ ਦੇ ਸੋਮਿਆਂ ਨਾਲੋਂ ਕਿਤੇ ਵੱਧ ਜਾਇਦਾਦਾਂ ਬਣਾਉਣ ਦੀਆਂ ਵਿਜੀਲੈਂਸ ਨੂੰ ਸਿਕਾਇਤਾਂ ਮਿਲੀਆਂ ਸਨ। ਇੰਨ੍ਹਾਂ ਸਿਕਾਇਤਾਂ ਦੇ ਆਧਾਰ ’ਤੇ ਹੀ ਵਿਜੀਲੈਂਸ ਵਲੋਂ ਸਾਬਕਾ ਮੰਤਰੀ ਨੂੰ ਪਿਛਲੇ ਸੰਮਨ ਕਰਦਿਆਂ ਪੁਛਗਿਛ ਲਈ ਅੱਜ ਬੁਲਾਇਆ ਸੀ। ਸੂਤਰਾਂ ਮੁਤਾਬਕ ਵਿਜੀਲੈਂਸ ਵਲੋਂ ਦੋ ਦਰਜ਼ਨ ਦੇ ਕਰੀਬ ਸਵਾਲ ਤਿਆਰ ਕੀਤੇ ਗਏ ਸਨ, ਜਿੰਨ੍ਹਾਂ ਵਿਚ ਉਨ੍ਹਾਂ ਵਲੋਂ ਪਿਛਲੀ ਸਰਕਾਰ ਦੌਰਾਨ ਬਣਾਇਆ ਗਈਆਂ ਜਾਇਦਾਦਾਂ ਦੇ ਵੇਰਵੇ ਸਨ। ਪਤਾ ਲੱਗਿਆ ਹੈ ਕਿ ਇੰਨ੍ਹਾਂ ਜਾਇਦਾਦਾਂ ਵਿਚ ਹੰਡਿਆਇਆ ’ਚ ਬਾਦਲ ਪ੍ਰਵਾਰ ਦੇ ਇੱਕ ਨਜਦੀਕੀ ਮੰਨੇ ਜਾਂਦੇ ਵੱਡੇ ਆਗੂ ਦੇ ਸੋਅਰੂਮਾਂ ਵਿਚ ਹਿੱਸੇਦਾਰੀ ਤੋਂ ਇਲਾਵਾ ਮੋਹਾਲੀ ’ਚ ਫਲੈਟ, ਬਠਿੰਡਾ ਅਤੇ ਹੋਰਨਾਂ ਸ਼ਹਿਰਾਂ ਵਿਚ ਵਪਾਰਕ ਜਾਇਦਾਦਾਂ ਤੋਂ ਇਲਾਵਾ ਪਿੰਡ ਕਾਂਗੜ੍ਹ ਅਤੇ ਹੋਰਨਾਂ ਥਾਵਾਂ ’ਤੇ ਖੇਤੀਬਾੜੀ ਜਾਇਦਾਦ ਹੋਣ ਬਾਰੇ ਤੱਥ ਵਿਜੀਲੈਂਸ ਦੇ ਹੱਥ ਲੱਗੇ ਹਨ। ਹਾਲਾਂਕਿ ਇਹ ਵੀ ਸੂਚਨਾ ਮਿਲੀ ਹੈ ਕਿ ਇਸ ਸਮੇਂ ਦੌਰਾਨ ਸਾਬਕਾ ਮੰਤਰੀ ਵਲੋਂ ਕਾਫ਼ੀ ਸਾਰਾ ਕਰਜ਼ ਵੀ ਚੁੱਕਿਆ ਗਿਆ ਹੈ। ਸੂਚਨਾ ਮੁਤਾਬਕ ਵਿਜੀਲੈਂਸ ਅਧਿਕਾਰੀਆਂ ਨੇ ਸ: ਕਾਂਗੜ੍ਹ ਨੂੰ ਇੱਕ ਪ੍ਰਾਫ਼ਰਮਾਂ ਦਿੱਤਾ ਹੈ, ਜਿਸਨੂੰ ਅਗਲੇ ਹਫ਼ਤੇ ਭਰ ਕੇ ਵਾਪਸ ਲਿਆਉਣ ਲਈ ਕਿਹਾ ਹੈ ਤੇ ਨਾਲ ਹੀ ਜਾਇਦਾਦਾਂ ਸਬੰਧੀ ਕੁੱਝ ਦਸਤਾਵੇਜ ਅਤੇ ਖਾਤਿਆਂ ਬਾਰੇ ਜਾਣਕਾਰੀ ਮੰਗੀ ਗਈ ਹੈ। ਉਧਰ ਵਿਜੀਲੈਂਸ ਦੀ ਪੁਛਗਿਛ ਤੋਂ ਬਾਅਦ ਬਾਹਰ ਨਿਕਲੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਕਾਫ਼ੀ ਨਰਾਜ਼ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਉਸਨੂੰ ਵਿਜੀਲੈਂਸ ਵਲੋਂ ਪੁਛਗਿਛ ਤੋਂ ਪਹਿਲਾਂ ਹੀ ਦੋਸ਼ੀ ਮੰਨ ਲਿਆ ਲੱਗਦਾ ਹੈ। ਇਸ ਮੌਕੇ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 25 ਸਾਲਾਂ ਦੇ ਸਿਆਸੀ ਜੀਵਨ ਦੌਰਾਨ ਪ੍ਰਵਾਰ ਨੇ ਅਪਣਾ ਕੁੱਝ ਵੇਚਿਆ ਹੀ ਹੈ। ਸ: ਕਾਂਗੜ੍ਹ ਨੇ ਇਹ ਵੀ ਕਿਹਾ ਕਿ ਉਸਦੇ ਪਿਤਾ ਦਾ ਵੱਡਾ ਕਾਰੋਬਾਰ ਸੀ, ਜਿਸਨੂੰ ਬਾਅਦ ਵਿਚ ਉਹ ਸੰਭਾਲਦੇ ਰਹੇ ਤੇ ਟ੍ਰਾਂਸਪੋਰਟ ਵੀ ਵਿਕ ਗਈ।
Share the post "ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ੍ਹ ਤੋਂ ਵਿਜੀਲੈਂਸ ਨੇ ਕੀਤੀ ਪੁਛਗਿਛ"