ਦਸ ਸਾਲਾਂ ’ਚ ਪੰਜਾਬੀ ਇੰਗਲੈਂਡ ਦੀ ਦੂਜੀ ਤੋਂ ਤੀਜ਼ੀ ਵੱਧ ਬੋਲਣ ਵਾਲੀ ਭਾਸ਼ਾ ਬਣੀ
ਦੂਜੇ ਪਾਸੇ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਸਵਾ ਚਾਰ ਤੋਂ ਸਵਾ ਪੰਜ ਲੱਖ ਹੋਈ
20 ਸਾਲ ਪਹਿਲਾਂ ਅੰਗਰੇਜ਼ੀ ਤੋਂ ਬਾਅਦ ਪੰਜਾਬੀ ਸੀ ਇੰਗਲੈਂਡ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ
ਪੰਜਾਬੀ ਬੋਲਣ ਵਾਲੇ ਹਿੰਦੂ ਤੇ ਮੁਸਲਿਮ ਦੀ ਵੀ ਵੱਡੀ ਆਬਾਦੀ ਵਸਦੀ ਹੈ ਗੋਰਿਆ ਦੇ ਦੇਸ਼ ’ਚ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 30 ਨਵੰਬਰ: ਗੋਰਿਆ ਦੇ ਦੇਸ ਇੰਗਲੈਂਡ ’ਚ ਸਿੱਖਾਂ ਦੀ ਵਸੋਂ ਲਗਾਤਾਰ ਵਧ ਰਹੀ ਹੈ ਪ੍ਰੰਤੂ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਦਾ ਗ੍ਰਾਫ਼ ਡਿੱਗ ਰਿਹਾ ਹੈ। ਬੀਤੇ ਦਿਨੀਂ ਇੰਗਲੈਂਡ ਦੇ ਅੰਕੜਾ ਵਿਭਾਗ ਵਲੋਂ ਸਾਲ 2021 ਵਿਚ ਹੋਈ ਜਨਗਣਨਾ ਦੇ ਜਾਰੀ ਅੰਕੜਿਆਂ ਮੁਤਾਬਕ ਪੰਜਾਬੀ ਭਾਸ਼ਾ ਦਸ ਸਾਲਾਂ ਪਹਿਲਾਂ ਦੇ ਮੁਕਾਬਲੇ ਦੂਜੇ ਦਰਜ਼ੇ ਤੋਂ ਥੱਲੇ ਆ ਕੇ ਤੀਜ਼ੇ ’ਤੇ ਆ ਗਈ ਹੈ। ਅਜਿਹਾ ਨਹੀਂ ਹੈ ਕਿ ਇਸ ਦੇਸ ਵਿਚ ਇਕੱਲੇ ਸਿੱਖ ਹੀ ਪੰਜਾਬੀ ਭਾਸ਼ਾ ਬੋਲਦੇ ਹਨ, ਬਲਕਿ ਇੱਥੇ ਰਹਿਣ ਵਾਲੇ ਪੰਜਾਬੀ ਹਿੰਦੂਆਂ ਤੇ ਮੁਸਲਮਾਨਾਂ(ਚੜਦੇ ਤੇ ਲਹਿੰਦੇ ਪੰਜਾਬ ਨਾਲ ਸਬੰਧਤ) ਦੀ ਗਿਣਤੀ ਵੀ ਵੱਡੀ ਤਾਦਾਦ ਵਿਚ ਰਹਿੰਦੀ ਹੈ ਪ੍ਰੰਤੂ ਇੱਥੋਂ ਰਹਿਣ ਵਾਲੇ ਸਵਾ ਪੰਜ ਲੱਖ ਸਿੱਖਾਂ ਦੀ ਵਸੋਂ ਵਿਚੋਂ ਵੀ ਕਰੀਬ 2 ਲੱਖ 90 ਹਜ਼ਾਰ ਲੋਕਾਂ ਨੇ ਅਪਣੀ ਮਾਂ ਭਾਸ਼ਾ ਵਜੋਂ ਪੰਜਾਬੀ ਨੂੰ ਦਰਜ਼ਾ ਦਿੱਤਾ ਹੈ।
ਜਾਰੀ ਅੰਕੜਿਆਂ ਮੁਤਾਬਕ ਸਾਲ 2001 ਦੀ ਜਨਗਣਨਾ ਮੁਤਾਬਕ ਇੰਗਲੈਂਡ ਵਿਚ ਅੰਗਰੇਜ਼ੀ ਤੋਂ ਬਾਅਦ ਸਭ ਤੋਂ ਵੱਧ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਸੀ ਪ੍ਰੰਤੂ ਦਸ ਸਾਲ ਬਾਅਦ 2011 ਦੀ ਜਨਗਣਨਾ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਘਟ ਕੇ 2,73,231 ਰਹਿ ਗਈ ਤੇ ਇਸਦਾ ਦਰਜ਼ਾ ਵੀ ਦੂਜੇ ਦੀ ਥਾਂ ਤੀਜ਼ਾ ਹੋ ਗਿਆ। ਇਸੇ ਤਰ੍ਹਾਂ 2021 ਦੀ ਜਨਗਣਨਾ ਮੁਤਾਬਕ ਇੰਗਲੈਂਡ ਵਿਚ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਗਿਣਤੀ ਵਿਚ ਸਿਰਫ਼ 17 ਹਜ਼ਾਰ ਦਾ ਵਾਧਾ ਹੋ ਕੇ ਇਹ ਗਿਣਤੀ 2,90,514 ਹੋ ਗਈ ਹੈ। ਜੇਕਰ ਦੂਜੇ ਪਾਸੇ ਇਕੱਲੇ ਸਿੱਖਾਂ ਦੀ ਗੱਲ ਕੀਤੀ ਜਾਵੇ ਤਾਂ ਇੰਗਲੈਂਡ ਵਿਚ 2011 ਦੀ ਜਨਗਣਨਾ ਮੁਤਾਬਕ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ 4 ਲੱਖ 23 ਹਜ਼ਾਰ ਸੀ, ਜਿਹੜੀ 2021 ਵਿਚ ਵਧ ਕੇ 5 ਲੱਖ 24 ਹਜ਼ਾਰ ਹੋ ਗਈ। ਉਂਜ ਅੰਕੜਿਆਂ ਮੁਤਾਬਕ ਇੰਗਲੈਂਡ ਵਿਚ ਹਿੰਦੂਆਂ ਦੀ ਗਿਣਤੀ 8 ਲੱਖ 18 ਅਤੇ ਮੁਸਲਮਾਨਾਂ ਦੀ ਗਿਣਤੀ 39 ਲੱਖ ਤੱਕ ਪਹੁੰਚ ਗਈ ਹੈ, ਜਿੰਨ੍ਹਾਂ ਵਿਚੋਂ ਕਾਫ਼ੀ ਸਾਰੇ ਚੜਦੇ ਅਤੇ ਲਹਿੰਦੇ ਪੰਜਾਬ ਨਾਲ ਸਬੰਧਤ ਹਨ। ਇੰਨ੍ਹਾਂ ਵਿਚੋਂ ਕਰੀਬ ਪੰਜਵਾਂ ਹਿੱਸਾ ਆਬਾਦੀ ਅਪਣੇ ਘਰਾਂ ਵਿਚ ਅਕਸਰ ਹੀ ਪੰਜਾਬੀ ਬੋਲਦੇ ਦੱਸੇ ਜਾਂਦੇ ਹਨ ਪ੍ਰੰਤੂ ਇੰਨ੍ਹਾਂ ਦੋਨਾਂ ਭਾਈਚਾਰਿਆਂ ਦੇ ਨਾਲ-ਨਾਲ ਸਿੱਖਾਂ ਵਿਚ ਵੀ ਪੰਜਾਬੀ ਨੂੰ ਅਪਣੀ ਮਾਤ ਭਾਸ਼ਾ ਮੰਨਣ ਦਾ ਰਿਵਾਜ਼ ਘਟਦਾ ਜਾ ਰਿਹਾ ਹੈ।
ਬਹੁਤ ਸਾਰੇ ਪੰਜਾਬੀ ਅੰਗਰੇਜ਼ਾਂ ਦੇ ਰਾਜ਼ ਤੋਂ ਹੀ ਵਸੇ ਹਨ ਇੰਗਲੈਂਡ ਵਿਚ
ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਕੈਨੇਡਾ ਤੇ ਅਮਰੀਕਾ ਦੇ ਮੁਕਾਬਲੇ ਇੰਗਲੈਂਡ ਵਿਚ ਪੰਜਾਬੀਆਂ ਦੇ ਜਾਣ ਦੀ ਗਿਣਤੀ ਕਾਫ਼ੀ ਘੱਟ ਹੈ ਕਿਉਂਕਿ ਇੱਥੇ ਦੀ ਨਾਗਰਿਕਤਾ ਤੇ ਵਰਕ ਪਰਮਿਟ ਦੇ ਰੂਲ ਕਾਫ਼ੀ ਸਖ਼ਤ ਹੋਣ ਕਾਰਨ ਜਿਆਦਾਤਰ ਪੰਜਾਬੀ ਕੈਨੇਡਾ ਜਾਂ ਯੂਰਪੀ ਤੇ ਗਲਫ਼ ਦੇਸ਼ਾਂ ਵੱਲ ਜਾਣ ਨੂੰ ਤਰਜ਼ੀਹ ਦਿੰਦੇ ਹਨ। ਪ੍ਰੰਤੂ ਇੱਥੇ ਵਸਣ ਵਾਲੇ ਅਜਿਹੇ ਪੰਜਾਬੀਆਂ ਦੀ ਗਿਣਤੀ ਵੀ ਕਾਫ਼ੀ ਦੱਸੀ ਜਾ ਰਹੀਹੈ, ਜਿਹੜੇ ਅੰਗਰੇਜ਼ਾਂ ਦੇ ਰਾਜ਼ ਤੋਂ ਹੀ ਇੰਗਲੈਂਡ ਚਲੇ ਗਏ ਸਨ। ਬੇਸ਼ੱਕ ਗੋਰੇ ਉਨ੍ਹਾਂ ਨੂੰ ਅੰਗਰੇਜ਼ੀ ਫ਼ੌਜ ਵਿਚ ਭਰਤੀ ਕਰਕੇ ਲੈ ਕੇ ਗਏ ਸਨ ਜਾਂ ਫ਼ਿਰ ਮਜਦੂਰ ਦੇ ਤੌਰ ’ਤੇ, ਪ੍ਰੰਤੂ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜੀਆਂ ਵਿਚੋਂ ਕਾਫ਼ੀ ਸਾਰੇ ਹਾਲੇ ਤੱਕ ਅਪਣੇ ਪੰਜਾਬੀ ਸੱਭਿਆਚਾਰ ਨੂੰ ਬਚਾਅ ਕੇ ਰੱਖਣ ਦੀ ਕੋਸ਼ਿਸ਼ ਕਰਦੇ ਦੱਸੇ ਜਾ ਰਹੇ ਹਨ।
ਕੈਨੇਡਾ ਵਿਚ ਪੰਜਾਬੀ ਭਾਸ਼ਾ ਦੀ ਸਰਦਾਰੀ ਦਿਨੋਂ-ਦਿਨ ਵਧਣ ਲੱਗੀ
ਉਧਰ ਜੇਕਰ ਪੰਜਾਬੀਆਂ ਦੇ ਪ੍ਰਵਾਸ ਵਾਲੇ ਸਭ ਤੋਂ ਵੱਧ ਤਰਜੀਹੀ ਮੁਲਕ ਕੈਨੇਡਾ ਦੀ ਗਲ ਕੀਤੀ ਜਾਵੇ ਤਾਂ ਇੱਥੇ ਲਗਾਤਾਰ ਪੰਜਾਬੀਆਂ ਦੀ ਗਿਣਤੀ ਵਧ ਰਹੀ ਹੈ। ਇਸ ਦੇਸ ਵਿਚ ਵੀ 2021 ਵਿਚ ਹੋਈ ਜਨਗਣਨਾ ਵਿਚ ਪੰਜਾਬੀ ਕੈਨੇਡਾ ਵਿਚ ਬੋਲੀ ਜਾਣ ਵਾਲੀ ਤੀਜ਼ੀ ਸਭ ਤੋਂ ਵੱਡੀ ਬੋਲੀ ਕਰਾਰ ਦਿੱਤੀ ਗਈ ਸੀ। ਕੈਨੇਡਾ ਦੇ ਵੱਡੇ ਸ਼ਹਿਰ ਵੈਨਕੁਵਰ ਵਿਚ ਕਰੀਬ 19 ਫ਼ੀਸਦੀ ਅਤੇ ਟਰਾਂਟੋ ਵਿਚ 10 ਫ਼ੀਸਦੀ ਲੋਕਾਂ ਦੀ ਆਮ ਬੋਲ-ਚਾਲ ਭਾਸ਼ਾ ਪੰਜਾਬੀ ਹੀ ਹੈ। ਕੈਨੇਡਾ ਵਿਚ ਪਹਿਲੇ ਨੰਬਰ ’ਤੇ ਅੰਗਰੇਜ਼ੀ ਅਤੇ ਦੂਜੇ ਨੰਬਰ ਉਪਰ ਫਰਂੈਚ ਭਾਸ਼ਾ ਹੈ। ਵੱਡੀ ਗੱਲ ਇਹ ਵੀ ਹੈ ਕਿ ਇੱਥੇ 2016 ਵਿਚ ਹੋਈ ਜਨਗਣਨਾ ਦੇ ਮੁਕਾਬਲੇ 2021 ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਿਚ ਸਾਰੀਆਂ ਭਾਸ਼ਾਵਾਂ ਦੇ ਮੁਕਾਬਲੇ ਰਿਕਾਰਡ ਤੋੜ 49 ਫ਼ੀਸਦੀ ਦਾ ਵਾਧਾ ਦਰਜ਼ ਕੀਤਾ ਗਿਆ ਸੀ।
Share the post "ਇੰਗਲੈਂਡ ’ਚ ਸਿੱਖਾਂ ਦੀ ਆਬਾਦੀ ਵਧੀ ਪਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਘਟੀ"