ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ : ਸਥਾਨਕ 100 ਫੁੱਟੀ ਰੋਡ ਨਜਦੀਕ ਸਥਿਤ ਇੱਕ ਇੰਮੀਗਰੇਸ਼ਨ ਕੰਪਨੀ ਦੇ ਦਫ਼ਤਰ ਵਿਰੁਧ ਪਿਛਲੇ ਦੋ ਦਿਨਾਂ ਤੋਂ ਕਿਸਾਨਾਂ ਦਾ ਲੱਗਿਆ ਧਰਨਾ ਅੱਜ ਤੀਜ਼ੇੇ ਦਿਨ ਵੀ ਜਾਰੀ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਅਗਵਾਈ ਹੇਠ ਚੱਲ ਰਹੇ ਇਸ ਧਰਨੇ ਨੂੰ ਲਗਾਤਾਰ ਜਾਰੀ ਰੱਖਣ ਦੇ ਐਲਾਨ ਤੋਂ ਬਾਅਦ ਦੇਰ ਸ਼ਾਮ ਪ੍ਰਬੰਧਕਾਂ ਅਤੇ ਕਿਸਾਨ ਆਗੂਆਂ ਵਿਚਕਾਰ ਸਮਝੋਤਾ ਹੋ ਗਿਆ। ਜਿਸਦੇ ਤਹਿਤ ਪ੍ਰਬੰਧਕਾਂ ਵਲੋਂ ਦਸ ਲੱਖ ਨਗਦ ਅਤੇ ਬਾਕੀ ਰਾਸ਼ੀ ਦੇ ਚੈਕ ਪੀੜਤ ਪ੍ਰਵਾਰ ਨੂੰ ਸੋਂਪ ਦਿੱਤੇ। ਜਿਸਤੋਂ ਬਾਅਦ ਕਿਸਾਨ ਆਗੂਆਂ ਨੇ ਧਰਨੇ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਉਕਤ ਇੰਮੀਗਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਵਲੋਂ ਪਿੰਡ ਜਵੰਦਾ ਪਿੰਡੀ ਜ਼ਿਲ੍ਹਾ ਬਰਨਾਲਾ ਦੇ ਕਿਸਾਨ ਅਵਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਦੀ ਲੜਕੀ ਨੂੰ ਬਾਹਰ ਭੇਜਣ ਲਈ ਸਟੱਡੀ ਵੀਜਾ ਦਿਵਾਉਣ ਦੇ ਬਦਲੇ ਉਸ ਕੋਲੋ 20 ਲੱਖ 58 ਹਜ਼ਾਰ ਲਏ ਸਨ ਪ੍ਰੰਤੂ ਨਾਂ ਤਾਂ ਵੀਜਾ ਲੈ ਕੇ ਦਿੱਤਾ ਅਤੇ ਨਾ ਹੀ ਪੈਸੇ ਵਾਪਸ ਦਿੱਤੇ। ਜਿਸਦੇ ਚੱਲਦੇ ਕਿਸਾਨ ਯੂਨੀਅਨ ਧਰਨਾ ਲਗਾਉਣ ਲਈ ਮਜਬੂਰ ਹੋਏ ਸਨ। ਧਰਨੇ ਨੂੰ ਦੀਨਾ ਸਿੰਘ ਸਿਵੀਆ ,ਮੱਖਣ ਸਿੰਘ ਫੌਜੀ, ਜਗਸੀਰ ਸਿੰਘ ਝੁੰਬਾ, ਜਰਨੈਲ ਸਿੰਘ ਜਵੰਧਾ ਪਿੰਡੀ, ਸਮਿੰਦਰ ਸਿਘ ਮੌੜ ਕਲਾ, ਅਮਨਦੀਪ ਸਿੰਘ ਮੌੜ, ਸੁਖਪਾਲ ਸਿੰਘ ਗੱਗੀ ਭੁਪਿੰਦਰ ਸਿੰਘ ਨੇ ਸੰਬੋਧਨ ਕੀਤਾ।
Share the post "ਇੰਮੀਗਰੇਸ਼ਨ ਦਫ਼ਤਰ ਅੱਗੇ ਕਿਸਾਨਾਂ ਵਲੋਂ ਲਗਾਏ ਧਰਨੇ ਤੋਂ ਬਾਅਦ ਵਪਾਸ ਕੀਤੇ ਪੈਸੇ"