ਪਤਨੀਆਂ, ਪੁੱਤਰ ਤੇ ਧੀਆਂ ਨੇ ਭਖਾਇਆ ਚੋਣ ਪ੍ਰਚਾਰ
ਸੁਖਜਿੰਦਰ ਮਾਨ
ਬਠਿੰਡਾ, 9 ਫ਼ਰਵਰੀ: ਆਗਾਮੀ 20 ਫ਼ਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਵੱਖ ਵੱਖ ਹਲਕਿਆਂ ਤੋਂ ਖੜ੍ਹੇ ਉਮੀਦਵਾਰਾਂ ਦੀ ਚੋਣ ਮੁਹਿੰਮ ਵਿਚ ਹੁਣ ਉਨ੍ਹਾਂ ਦੇ ਪ੍ਰਵਾਰਕ ਮੈਂਬਰ ਵੀ ਜੁਟ ਗਏ ਹਨ। ਚੋਣ ਪ੍ਰਚਾਰ ਦੌਰਾਨ ਉਮੀਦਵਾਰ ਦੇ ਕਿਸੇ ਪ੍ਰਵਾਰਕ ਮੈਂਬਰ ਦੀ ਜਿਆਦਾ ਮੰਗ ਰਹਿਣ ਕਾਰਨ ਹੁਣ ਹਰ ਉਮੀਦਵਾਰ ਨੇ ਅਪਣੇ ਧੀਆਂ-ਪੁੱਤਰਾਂ ਤੇ ਪਤਨੀਆਂ ਤੋਂ ਇਲਾਵਾ ਬਾਕੀ ਰਿਸ਼ਤੇਦਾਰਾਂ ਨੂੰ ਵੀ ਚੋਣ ਮੁਹਿੰਮ ਵਿਚ ਝੋਕ ਦਿੱਤਾ ਹੈ। ਹਾਲਾਂਕਿ ਚੋਣਾਂ ਦੌਰਾਨ ਇਹ ਰਿਸ਼ਤੇਦਾਰ ਤੇ ਪ੍ਰਵਾਰਕ ਮੈਂਬਰ ਵੋਟਰਾਂ ਨੂੰ ਹਰ ਕੰਮ ਅੱਗੇ ਹੋ ਕੇ ਕਰਵਾਉਣ ਦੀ ਜਿੰਮੇਵਾਰੀ ਲੈਂਦੇ ਹਨ ਪ੍ਰੰਤੂ ਚੋਣਾਂ ਬਾਅਦ ਜਿਆਦਾਤਰ ਵੋਟਰ ਉਮੀਦਵਾਰ ਜੋਗੇ ਹੀ ਰਹਿ ਜਾਂਦੇ ਹਨ। ਬਠਿੰਡਾ ਸ਼ਹਿਰੀ ਹਲਕੇ ਤੋਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਉਨ੍ਹਾਂ ਦੀ ਪਤਨੀ ਵੀਨੂੰ ਬਾਦਲ, ਸਾਲਾ ਜੈਜੀਤ ਜੌਹਲ, ਪੁੱਤਰ ਅਰੁਜਨ ਬਾਦਲ, ਪੁੱਤਰੀ ਰੀਆ ਬਾਦਲ ਤੋਂ ਇਲਾਵਾ ਭਤੀਜੀ ਮੰਨਤ ਜੌਹਲ ਘਰ ਘਰ ਜਾ ਰਹੇ ਹਨ। ਰੀਆ ਬਾਦਲ ਡੋਰ-ਟੂ-ਡੋਰ ਦੇ ਨਾਲ ਸੋਸਲ ਮੀਡੀਆ ਦਾ ਵੀ ਕੰਮ ਦੇਖ ਰਹੀ ਹੈ। ਅਕਾਲੀ ਉਮੀਦਵਾਰ ਸਰੂਪ ਸਿੰਗਲਾ ਦਾ ਪੁੱਤਰ ਦੀਨਵ ਸਿੰਗਲਾ, ਭਤੀਜ਼ਾ ਰਾਕੇਸ਼ ਸਿੰਗਲਾ ਤੋਂ ਇਲਾਵਾ ਉਨ੍ਹਾਂ ਨੂੰ ਨੂੰਹ ਰਾਣੀ ਗੁਰਨੀਤ ਸਿੰਗਲਾ ਦੀ ਵੀ ਸਮਰਥਕਾਂ ਵਿਚ ਭਾਰੀ ਮੰਗ ਬਣੀ ਹੋਈ ਹੈ। ਇਸੇ ਤਰ੍ਹਾਂ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਦੇ ਪ੍ਰਵਾਰਕ ਮੈਂਬਰਾਂ ਤੋਂ ਇਲਾਵਾ ਉਨ੍ਹਾਂ ਦਾ ਭਾਣਜ਼ਾ ਕੋਂਸਲਰ ਸੁਖਦੀਪ ਢਿੱਲੋਂ ਤੇ ਭਰਾ ਅਤੇ ਭਤੀਜਿਆਂ ਨੇ ਵੀ ਵੱਖ ਵੱਖ ਥਾਵਾਂ ‘ਤੇ ਮੋਰਚੇ ਸੰਭਾਲੇ ਹੋਏ ਹਨ। ਬਠਿੰਡਾ ਦਿਹਾਤੀ ਤੋਂ ਕਾਂਗਰਸੀ ਉਮੀਦਵਾਰ ਹਰਵਿੰਦਰ ਲਾਡੀ ਦੀ ਪਤਨੀ ਅੰੰਮਿ੍ਰਤ ਕੌਰ ਤੋਂ ਇਲਾਵਾ ਪੁੱਤਰੀ ਪ੍ਰਭਲੀਨ ਤੇ ਪੁੱਤਰ ਗੁਰਜੌਤ ਸਿੰਘ ਵੀ ਅਪਣੀ ਪੜਾਈ ਦੇ ਨਾਲ-ਨਾਲ ਪਿਤਾ ਦੇ ਚੋਣ ਪ੍ਰਚਾਰ ਵਿਚ ਡਟੇ ਹੋਏ ਹਨ। ਤਲਵੰਡੀ ਸਾਬੋ ਹਲਕੇ ਤੋਂ ਭਾਜਪਾ ਉਮੀਦਵਾਰ ਰਵੀਪ੍ਰੀਤ ਸਿੱਧੂ ਦੀ ਪਤਨੀ ਨਿਕਿਤਾ ਸਿੱਧੂੁ ਨੇ ਵੀ ਪਤੀ ਦੇ ਚੋਣ ਪ੍ਰਚਾਰ ਵਿਚ ਦਿਨ-ਰਾਤ ਇੱਕ ਕੀਤਾ ਹੋਇਆ ਹੈ। ਇੱਥੋਂ ਅਜਾਦ ਚੋਣ ਲੜਣ ਵਾਲੇ ਹਰਮਿੰਦਰ ਸਿੰਘ ਜੱਸੀ ਦੀ ਪਤਨੀ, ਭਰਾ-ਭਰਜਾਈ ਤੇ ਭਤੀਜ਼ਾ ਜੈਦੀਪ ਸ਼੍ਰੀ ਜੱਸੀ ਦੀ ਲੀਹੋਂ ਉਤਰੀ ਗੱਡੀ ਨੂੰ ਮੁੜ ਪਟੜੀ ’ਤੇ ਚੜਾਉਣ ਲਈ ਭੱਜਦੋੜ ਕਰ ਰਹੇ ਹਨ। ਰਾਮਪੁਰਾ ਫ਼ੂਲ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ੍ਹ ਦੇ ਪੁੱਤਰ ਹਰਮਨਵੀਰ ਕਾਂਗੜ੍ਹ ਤੋਂ ਇਲਾਵਾ ਨੂੰਹ ਰਾਣੀ ਅਨੁਰੀਤ ਕੌਰ ਕਾਂਗੜ੍ਹ ਅਪਣੇ ਸਹੁਰੇ ਦੀ ਜਿੱਤ ਲਈ ਪਹਿਲੀ ਵਾਰ ਘਰ ਘਰ ਜਾ ਰਹੀ ਹੈ। ਬਠਿੰਡਾ ਦਿਹਾਤੀ ਤੋਂ ਆਪ ਉਮੀਦਵਾਰ ਅਮਿਤ ਰਤਨ ਦੀ ਪਤਨੀ ਸਰਕਾਰੀ ਅਫ਼ਸਰ ਹੋਣ ਕਾਰਨ ਚੋਣ ਮੈਦਾਨ ਵਿਚੋਂ ਬਾਹਰ ਹਨ ਪ੍ਰੰਤੂ ਉਨ੍ਹਾਂ ਦੀ ਮਾਤਾ ਸੰਗਤ ਕੌਰ, ਭੈਣ ਰਵਨੀਤ ਕੌਰ, ਭਰਜਾਈ ਸ਼ਰਨਜੀਤ ਕੌਰ ਤੋਂ ਇਲਾਵਾ ਪਿਤਾ ਬੀ.ਐਸ.ਰਤਨ ਜਿੱਤ ਲਈ ਘਰ-ਘਰ ਜਾ ਰਹੇ ਹਨ। ਭੁੱਚੋਂ ਮੰਡੀ ਤੋਂ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਪਤਨੀ ਪਰਮਜੀਤ ਕੌਰ, ਪੁੱਤਰ ਰੁਪਿੰਦਰ ਸਿੰਘ, ਜਵਾਈ ਗੌਰਵ ਵੀ ਚੋਣ ਪ੍ਰਚਾਰ ਵਿਚ ਡਟੇ ਹੋਏ ਹਨ। ਮੋੜ ਹਲਕੇ ਤੋਂ ਅਕਾਲੀ ਉਮੀਦਵਾਰ ਜਗਮੀਤ ਸਿੰਘ ਬਰਾੜ ਦਾ ਭਰਾ ਰਿਪਜੀਤ ਬਰਾੜ ਤੇ ਪੁੱਤਰ ਅਕਾਲ ਅਰਪਣ ਬਰਾੜ ਮੈਦਾਨ ਵਿਚ ਡਟੇ ਹੋਏ ਹਨ।
ਉਮੀਦਵਾਰਾਂ ਦੇ ਪ੍ਰਵਾਰਕ ਮੈਂਬਰ ਵੀ ਕੁੱਦੇ ਚੋਣ ਮੁਹਿੰਮ ’ਚ
12 Views