ਸੁਖਜਿੰਦਰ ਮਾਨ
ਬਠਿੰਡਾ, 13 ਜੁਲਾਈ : ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼(ਏਮਜ਼) ਦੇ ਚਮੜੀ ਵਿਗਿਆਨ ਵਿਭਾਗ ਨੇ ਰੋਗਾਂ ਬਾਰੇ ਮਰੀਜ਼ਾਂ ਅਤੇ ਆਮ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਪਹਿਲਕਦਮੀ ਕਰਦੇ ਹੋਏ ਵਿਟਿਲਿਗੋ ਰੋਗ ਨਾਲ ਰਹਿਣ ਲਈ ਸਿੱਖਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਇਸ ਪ੍ਰੋਗਰਾਮ ਦਾ ਆਗਾਜ਼ ਡਾਇਰੈਕਟਰ ਏਮਜ਼ ਡਾ. ਡੀ. ਕੇ. ਸਿੰਘ ਨੇ ਕੀਤਾ। ਇਸ ਮੌਕੇ ਡੀਨ ਡਾ: ਅਖਿਲੇਸ਼ ਪਾਠਕ, ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਲੈਫਟੀਨੈਂਟ ਕਰਨਲ ਰਾਜੀਵ ਸੇਨ ਰਾਏ, ਡਰਮਾਟੋਲੋਜੀ ਫੈਕਲਟੀਜ਼ ਡਾ: ਸ਼ਿਵਾਨੀ ਬਾਂਸਲ (ਸਹਾਇਕ ਪ੍ਰੋਫੈਸਰ), ਡਾ: ਕਵਿਤਾ ਪੂਨੀਆ (ਸਹਾਇਕ ਪ੍ਰੋਫੈਸਰ) ਅਤੇ ਏਮਜ਼ ਦੇ ਹੋਰ ਸੀਨੀਅਰ ਫੈਕਲਟੀ ਮੈਂਬਰ ਮੌਜੂਦ ਸਨ । ਇਸ ਮੌਕੇ ਬੁਲਾਰਿਆਂ ਨੇ ਦਸਿਆ ਕਿ ਵਿਟਿਲਿਗੋ ਇੱਕ ਸਵੈ-ਪ੍ਰਤੀਰੋਧਕ ਬਿਮਾਰੀ ਹੈ ਜੋ ਚਮੜੀ ਉੱਤੇ ਚਿੱਟੇ ਧੱਬੇ ਦੁਆਰਾ ਦਰਸਾਈ ਜਾਂਦੀ ਹੈ। ਇਸਦੇ ਨਾਲ ਜਿੱਥੇ ਚਮੜੀ ਤੋਂ ਰੰਗ ਦਾ ਨੁਕਸਾਨ ਹੁੰਦਾ ਹੈ ਅਤੇ ਇਹ ਬਿਮਾਰੀ ਆਪਣੇ ਆਪ ਵਿੱਚ ਚਿੰਤਾ ਅਤੇ ਘੱਟ ਸਵੈ-ਮਾਣ ਪੈਦਾ ਕਰਦੀ ਹੈ। ਡਾ: ਸ਼ਿਵਾਨੀ ਬਾਂਸਲ ਨੇ ਆਪਣੇ ਜਾਣਕਾਰੀ ਭਰਪੂਰ ਭਾਸ਼ਣ ਰਾਹੀਂ ਮਰੀਜ਼ਾਂ ਦੇ ਆਮ ਪੁੱਛੇ ਜਾਣ ਵਾਲੇ ਸਾਰੇ ਸ਼ੰਕਿਆਂ ਨੂੰ ਦੂਰ ਕੀਤਾ। ਉਨ੍ਹਾਂ ਮਰੀਜ਼ਾਂ ਨੂੰ ਏਮਜ਼ ਵਿਖੇ ਉਪਲਬਧ ਮੈਡੀਕਲ ਅਤੇ ਸਰਜੀਕਲ ਇਲਾਜ ਸਹੂਲਤਾਂ ਬਾਰੇ ਵੀ ਜਾਗਰੂਕ ਕੀਤਾ। ਮਰੀਜ਼ਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ। ਅੰਤ ਵਿੱਚ ਡਾ: ਕਵਿਤਾ ਪੂਨੀਆ ਨੇ ਸਮੂਹ ਅਧਿਕਾਰੀਆਂ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ।
ਏਮਜ਼ ਬਠਿੰਡਾ ’ਚ ਚਮੜੀ ਵਿਭਾਗ ਵਲੋਂ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ
22 Views