ਸੁਖਜਿੰਦਰ ਮਾਨ
ਬਠਿੰਡਾ, 20 ਜੂਨ : ਬਾਗਬਾਨੀ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਤੇ ਡਾਇਰੈਕਟਰ ਬਾਗਬਾਨੀ-ਕਮ-ਸਟੇਟ ਨੋਡਲ ਅਫਸਰ ਏ.ਆਈ.ਐਫ ਸ੍ਰੀਮਤੀ ਸਲਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ ਬਾਰੇ ਜ਼ਿਲ੍ਹਾ ਪੱਧਰੀ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਜ਼ਿਲ੍ਹੇ ਭਰ ਵਿੱਚੋਂ ਉਦਮੀ ਕਿਸਾਨਾਂ ਤੇ ਲਾਭਪਾਤਰੀਆਂ ਨੇ ਭਾਗ ਲਿਆ।
ਸੈਮੀਨਾਰ ਵਿੱਚ ਕੇ.ਪੀ.ਐਮ.ਜੀ ਅਡਵਾਈਜਰੀ ਸਰਵਿਸ ਵਲੋਂ ਮੈਡਮ ਮਨੀ ਮਿੱਤਲ ਤੇ ਮੈਡਮ ਨਿਤਿਆ ਨੇ ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ ਬਾਰੇ ਹਾਜ਼ਰ ਵੱਖ-ਵੱਖ ਬਾਗਬਾਨੀ ਖੇਤਰ ਨਾਲ ਸਬੰਧਿਤ ਕੋਲਡ ਸਟੋਰ ਮਾਲਿਕਾਂ, ਬੈਕਾਂ ਅਤੇ ਹੋਰ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਫਲਾਂ ਅਤੇ ਹੋਰ ਫ਼ਸਲਾਂ ਦੀ ਤੁੜਾਈ ਉਪਰੰਤ ਸਾਂਭ-ਸੰਭਾਲ ਵਾਸਤੇ ਪੈਕ ਹਾਊਸ, ਕੋਲਡ ਸਟੋਰ, ਰਾਈਪਨਿੰਗ ਚੈਬਰ, ਵੇਅਰ ਹਾਊਸ, ਸੀਲੋਜ, ਈ-ਮਾਰਕੀਟਿੰਗ ਆਦਿ ਲਈ ਬੈਕਾਂ ਤੋ ਲਏ ਜਾਂਦੇ 2 ਕਰੋੜ ਤੱਕ ਦੇ ਕਰਜ਼ੇ ਦੇ ਵਿਆਜ ਤੇ 3 ਪ੍ਰਤੀਸ਼ਤ ਛੋਟ ਦਿੱਤੀ ਜਾਂਦੀ ਹੈ ਅਤੇ 7 ਸਾਲ ਦੇ ਸਮੇ ਤੱਕ ਲਾਗੂ ਹੁੰਦੀ ਹੈ।
ਇਸ ਮੌਕੇ ਸਕੀਮ ਨਾਲ ਜੁੜਨ ਲਈ ਬੈਕਾਂ ਤੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਬੈਕਾਂ ਨੂੰ ਇੰਨ੍ਹਾਂ ਸਕੀਮਾਂ ਦੀ ਜਾਣਕਾਰੀ ਨਹੀਂ ਹੁੰਦੀ ਤਾਂ ਬੈਕ ਕਿਸਾਨਾਂ ਦੀਆਂ ਫਾਇਲਾਂ ਦਾ ਨਿਪਟਾਰਾ ਨਹੀਂ ਕਰਦੇ, ਜਿਸ ਕਰਕੇ ਭਾਰਤ ਸਰਕਾਰ ਵੱਲੋਂ ਇਹ ਸਕੀਮ ਲਾਗੂ ਹੋਣ ਵਿੱਚ ਅਧੂਰੀ ਹੋ ਰਹੀ ਹੈ। ਇਸ ਦੌਰਾਨ ਕਿਸਾਨ ਤੇ ਬੈਕਾਂ ਨੂੰ ਲਾਗੂ ਕਰਨ ਲਈ ਬੜੇ ਸੰਖੇਪ ਵਿੱਚ ਦੱਸਿਆ ਗਿਆ ਕਿ ਕਿਸਾਨ ਕਰਜਾ ਲੈਣ ਉਪਰੰਤ ਬੈਂਕ ਵੱਲੋਂ ਜਾਰੀ ਕਰਜ਼ਾ ਦਸਤਾਵੇਜ਼ ਅਤੇ ਡੀ.ਪੀ.ਆਰ ਦੀ ਪੀ.ਡੀ.ਐਫ ਨੂੰ ਏ.ਆਈ.ਐਫ ਦੇ ਪੋਰਟਲ ਤੇ ਜਾ ਕੇ ਆਨ-ਲਾਇਨ ਕਰ ਦਿੱਤਾ ਜਾਵੇ ਤਾਂ ਆਪਣੇ-ਆਪ ਹੀ 3 ਫੀਸਦੀ ਲੋਨ ਤੇ ਵਿਆਜ ਨੂੰ ਘੱਟ ਕਰਨ ਲਈ ਲੋੜੀਂਦੀ ਕਾਰਵਾਈ ਚਾਲੂ ਹੋ ਜਾਵੇਗੀ।
ਇਸ ਦੌਰਾਨ ਬਾਗਬਾਨੀ ਵਿਕਾਸ ਅਫਸਰ ਸ੍ਰੀਮਤੀ ਰੀਨਾ ਰਾਣੀ ਨੇ ਕਿਸਾਨਾਂ ਨੂੰ ਬਾਗਬਾਨੀ ਦੀਆਂ ਸਕੀਮਾਂ ਅਪਣਾਉਣ ਲਈ ਜ਼ੋਰ ਦਿੰਦੇ ਹੋਏ ਕਿਹਾ ਕਿ ਪੰਜਾਬ ਅਤੇ ਕੇਦਰ ਸਰਕਾਰ ਵੱਲੋ ਕਿਸਾਨੀ ਨੂੰ ਲਾਹੇਵੰਦ ਧੰਦਾਂ ਬਣਾਉਣ ਲਈ ਦਿੱਤੀਆਂ ਜਾ ਰਹੀਆਂ ਵਿੱਤੀ ਸਹਾਇਤਾ ਦਾ ਵੱਧ ਤੋ ਵੱਧ ਲਾਭ ਲੈਣਾ ਚਾਹੀਦਾ ਹੈ, ਤਾਂ ਜੋ ਨਵੀਆਂ ਤਕਨੀਕਾਂ ਅਤੇ ਬੈਕਾਂ ਨਾਲ ਜੁੜੇ ਹੋਏ ਲਾਭਾਂ ਦਾ ਫਾਇਦਾ ਉਠਾ ਕੇ ਆਪਣੀ ਆਮਦਨ ਵਧਾ ਸਕਣ।
ਇਸ ਮੌਕੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗਿਕ ਕੇਂਦਰ ਸ੍ਰੀ ਪ੍ਰੀਤਮਹਿੰਦਰ ਸਿੰਘ ਬਰਾੜ, ਜ਼ਿਲ੍ਹਾ ਵਿਕਾਸ ਮੈਨੇਜਰ ਨਾਬਾਰਡ ਸ੍ਰੀ ਅਮਿਤ ਗਰਗ, ਖੇਤੀਬਾੜੀ ਵਿਕਾਸ ਅਫਸਰ ਸ੍ਰੀ ਵਕੀਲ ਸਿੰਘ ਵੱਲੋ ਆਪਣੇ-ਆਪਣੇ ਵਿਭਾਗ ਨਾਲ ਸਬੰਧਤ ਸਕੀਮਾਂ/ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਪ ਡਾਇਰੈਕਟਰ ਬਾਗਬਾਨੀ ਸ੍ਰੀ ਗੁਰਸ਼ਰਨ ਸਿੰਘ, ਸ੍ਰੀ ਸੁਖਦੇਵ ਸਿੰਘ, ਸ੍ਰੀ ਇੰਦਰਜੀਤ ਸਿੰਘ, ਸ੍ਰੀ ਹਰਮਨਪ੍ਰੀਤ ਸਿੰਘ, ਸ੍ਰੀਮਤੀ ਪ੍ਰਭਜੋਤ ਕੌਰ, ਬਾਗਬਾਨੀ ਵਿਕਾਸ ਅਫਸਰ ਮਿਸ ਰਮਨਦੀਪ ਕੌਰ, ਬਾਗਬਾਨੀ ਉਪ ਨਿਰੀਖਕ ਅਤੇ ਅਗਾਂਹਵਧੂ ਬਾਗਬਾਨ ਹਾਜ਼ਰ ਸਨ।
ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ ਬਾਰੇ ਸੈਮੀਨਾਰ ਆਯੋਜਿਤ
12 Views