ਮਨਪ੍ਰੀਤ ਸਿੱਧੂ ਉਪ ਪ੍ਰਧਾਨ, ਸੁਖਪਾਲ ਸਿੰਘ ਢਿੱਲੋਂ ਸੈਕਟਰੀ, ਬਲਜੀਤ ਕੌਰ ਖ਼ਜਾਨਚੀ ਤੇ ਯਸਪਿੰਦਰ ਸਿੰਘ ਬਣੇ ਜੁਆਇੰਟ ਸਕੱਤਰ
ਸੁਖਜਿੰਦਰ ਮਾਨ
ਬਠਿੰਡਾ, 16 ਦਸੰਬਰ: ਮਾਲਵਾ ਦੇ ਵਕੀਲਾਂ ਦੀ ਸਭ ਤੋਂ ਵੱਡੀ ਸੰਸਥਾ ਵਜੋਂ ਜਾਣੀ ਜਾਂਦੀ ਬਠਿੰਡਾ ਬਾਰ ਐਸੋਸੀਏਸ਼ਨ ਦੀਆਂ ਅੱਜ ਹੋਈਆਂ ਚੋਣਾਂ ਦੇ ਦੇਰ ਸ਼ਾਮ ਆਏ ਨਤੀਜਿਆਂ ਵਿਚ ਨੌਜਵਾਨ ਵਕੀਲ ਰੋਹਿਤ ਰੌਮਾਣਾ ਪ੍ਰਧਾਨ ਬਣਨ ਵਿਚ ਸਫ਼ਲ ਰਹੇ ਹਨ। ਪਿਛਲੀਆਂ ਚੋਣਾਂ ’ਚ ਪ੍ਰਧਾਨਗੀ ਦੇ ਅਹੁੱਦੇ ਤੋਂ ਥੋੜੀਆਂ ਵੋਟਾਂ ਦੇ ਅੰਤਰ ਨਾਲ ਹਾਰਨ ਵਾਲੇ ਰੌਮਾਣਾ ਨੇ ਇਸ ਵਾਰ ਬਾਰ ਦੇ ਸਾਬਕਾ ਪ੍ਰਧਾਨ ਲਕਵਿੰਦਰ ਸਿੰਘ ਭਾਈਕਾ ਤੇ ਸਾਬਕਾ ਸਕੱਤਰ ਗੁਰਵਿੰਦਰ ਸਿੰਘ ਮਾਨ ਨੂੰ ਮਾਤ ਦਿੱਤੀ। ਸਵੇਰੇ 9 ਵਜੇਂ ਸ਼ੁਰੂ ਹੋਈਆਂ ਵੋਟਾਂ ਸ਼ਾਮ ਚਾਰ ਵਜੇਂ ਤੱਕ ਪੋਲ ਹੋਈਆਂ ਤੇ ਕੁੱਲ 1597 ਵੋਟਰਾਂ ਵਿਚੋਂ 1432 ਵਕੀਲਾਂ ਨੇ ਅਪਣੀ ਵੋਟ ਦਾ ਇਸਤੇਮਾਲ ਕੀਤਾ। ਚੋਣ ਅਧਿਕਾਰੀ ਐਡਵੋਕੇਟ ਰਾਜਨ ਗਰਗ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਐਡਵੋਕੇਟ ਰੋਮਾਣਾ ਨੂੰ 666, ਗੁਰਵਿੰਦਰ ਸਿੰਘ ਮਾਨ ਨੂੰ 481 ਅਤੇ ਲਕਵਿੰਦਰ ਸਿੰਘ ਭਾਈਕਾ ਨੂੰ 284 ਵੋਟਾਂ ਮਿਲੀਆਂ ਜਦੋਂਕਿ ਇੱਕ ਵੋਟ ਕੈਂਸਲ ਹੋ ਗਈ। ਇਸੇ ਤਰ੍ਹਾਂ ਪ੍ਰਧਾਨ ਤੋਂ ਬਾਅਦ ਬਾਰ ਦੇ ਦੂਜੇ ਮਹੱਤਵਪੂਰਨ ਅਹੁੱਦੇ ਸਕੱਤਰ ਲਈ ਵੀ ਤਿੰਨ ਵਕੀਲ ਆਹਮੋ-ਸਾਹਮਣੇ ਸਨ। ਜਿੰਨ੍ਹਾਂ ਵਿਚੋਂ ਸੁਖਪਾਲ ਸਿੰਘ ਢਿੱਲੋਂ ਵੱਡੇ ਅੰਤਰ ਨਾਲ ਬਾਜ਼ੀ ਮਾਰਨ ਵਿਚ ਸਫ਼ਲ ਰਹੇ ਹਨ। ਸੁਖਪਾਲ ਢਿੱਲੋਂ ਨੂੰ 569, ਕੁਲਦੀਪ ਸਿੰਘ ਸਿੱਧੂ ਨੂੰ 479 ਅਤੇ ਥਾਮਸ ਨੂੰ 379 ਵੋਟਾਂ ਮਿਲੀਆਂ। ਉਪ ਪ੍ਰਧਾਨ ਦੇ ਅਹੁੱਦੇ ਲਈ ਦੋ ਉਮੀਦਵਾਰਾਂ ਵਿਚਕਾਰ ਟੱਕਰ ਸੀ। ਮਨਪ੍ਰੀਤ ਸਿੰਘ ਸਿੱਧੂ 741 ਵੋਟਾਂ ਲੈ ਕੇ ਅਪਣੇ ਵਿਰੋਧੀ ਉਮੀਦਵਾਰ ਗੁਰਵਿੰਦਰ ਸਿੰਘ ਬਰਾੜ ਨੂੰ 62 ਵੋਟਾਂ ਨਾਲ ਹਰਾਉਣ ਵਿਚ ਸਫ਼ਲ ਰਹੇ। ਐਡਵੋਕੇਟ ਬਰਾੜ ਨੂੰ 679 ਵੋਟਾਂ ਮਿਲੀਆਂ ਜਦੋਂਕਿ ਉਪ ਪ੍ਰਧਾਨ ਦੇ ਅਹੁੱਦੇ ਲਈ ਪਈਆਂ ਕੁੱਲ ਵੋਟਾਂ ਵਿਚੋਂ 12 ਵੋਟਾਂ ਕੈਂਸਲ ਹੋ ਗਈਆਂ। ਇਸੇ ਤਰ੍ਹਾਂ ਖ਼ਜਾਨਚੀ ਦੇ ਅਹੁੱਦੇ ਲਈ ਸਿਰਫ਼ ਚਾਰ ਮਹਿਲਾ ਵਕੀਲਾਂ ਵਿਚਕਾਰ ਟੱਕਰ ਸੀ। ਪ੍ਰੰਤੂ ਬਲਜੀਤ ਕੌਰ ਸਭ ਤੋਂ ਵੱਧ 628 ਵੋਟਾਂ ਲੈ ਕੇ ਜਿੱਤ ਗਈ। ਦੂਜੇ ਨੰਬਰ ’ਤੇ ਰਹੀ ਡਿੰਪਲ ਜਿੰਦਲ ਨੂੰ 415, ਨਵਪ੍ਰੀਤ ਕੌਰ ਨੂੰ 233 ਤੇ ਐਡਵੋਕੇਟ ਤਮੰਨਾ ਨੂੰ 148 ਵੋਟਾਂ ਮਿਲੀਆਂ। ਜੁਆਇੰਟ ਸਕੱਤਰ ਦੇ ਅਹੁੱਦੇ ਲਈ ਵੀ ਤਿੰਨ ਉਮੀਦਵਾਰ ਯਸਪਿੰਦਰਪਾਲ ਸਿੰਘ, ਕੁਲਦੀਪ ਮਿੱਤਲ ਅਤੇ ਵਿਕਾਸ ਫੁਟੈਲਾ ਮੈਦਾਨ ਵਿਚ ਸਨ। ਇੰਨ੍ਹਾਂ ਵਿਚੋਂ ਯਸਪਿੰਦਰ ਸਿੰਘ ਨੂੰ ਸਭ ਤੋਂ ਵੱਧ 701, ਕੁਲਦੀਪ ਮਿੱਤਲ ਨੂੰ 514 ਅਤੇ ਵਿਕਾਸ ਫੁਟੈਲਾ ਨੂੰ 205 ਵੋਟਾਂ ਹਾਸਲ ਹੋਈਆਂ। ਇਸ ਅਹੁੱਦੇ ਲਈ ਪਈਆਂ ਕੁੱਲ ਵੋਟਾਂ ਵਿਚੋਂ 12 ਵੋਟਾਂ ਕੈਂਸਲ ਹੋਈਆਂ। ਉਧਰ ਨਵੇਂ ਚੁਣੇ ਗਏ ਪ੍ਰਧਾਨ ਰੋਹਿਤ ਰੋਮਾਣਾ ਨੇ ਦਾਅਵਾ ਕੀਤਾ ਕਿ ਉਹ ਵਕੀਲਾਂ ਦੀ ਭਲਾਈ ਲਈ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਸਾਰੀ ਟੀਮ ਨੂੰ ਨਾਲ ਲੈ ਕੇ ਕੰਮ ਕਰਨਗੇ।
ਐਡਵੋਕੇਟ ਰੋਹਿਤ ਰੋਮਾਣਾ ਬਣੇ ਬਠਿੰਡਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ
12 Views