ਸੁਖਜਿੰਦਰ ਮਾਨ
ਬਠਿੰਡਾ, 20 ਨਵੰਬਰ :ਕਣਕ ਦੀ ਬਿਜਾਈ ਲਈ ਇਹ ਢੁਕਵਾਂ ਸਮਾਂ ਚੱਲ ਰਿਹਾ ਹੈ ਤੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਕਣਕ ਦੀ ਫਸਲ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਕਣਕ ਦੇ ਬੀਜਾਂ ਨੂੰ ਸੋਧ ਕੇ ਬੀਜਾਈ ਕਰਨ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਬੀਜ ਵਿਕਾਸ ਅਫ਼ਸਰ ਡਾ. ਜਸਕਰਨ ਸਿੰਘ ਕੁਲਾਰ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਕਣਕ ਦੀ ਫਸਲ ‘ਤੇ ਪੀਲੀ ਕੰਗਿਆਰੀ ਦਾ ਹਮਲਾ ਦੇਖਣ ਨੂੰ ਮਿਲਿਆ ਹੈ | ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਬੀਜਾਈ ਕਰਨ ਤੋਂ ਪਹਿਲਾਂ ਬੀਜ ਦੀ ਤਿਆਰੀ ਚੰਗੀ ਤਰ੍ਹਾਂ ਕਰ ਲੈਣ | ਜੇਕਰ ਕਿਸੇ ਕਿਸਾਨ ਨੇ ਆਪਣੇ ਘਰ ਬੀਜ ਰੱਖਿਆ ਹੈ ਤਾਂ ਉਸਨੂੰ ਚੰਗੀ ਤਰ੍ਹਾਂ ਛਾਣਨ ਤੋਂ ਬਾਅਦ ਉਸਦੇ ਕੁੱਝ ਦਾਣੇ ਉਗਾ ਕੇ ਵੇਖ ਲਏ ਜਾਣ, ਇਸ ਤੋਂ ਬੀਜ ਦੀ ਜੰਮਣ ਸ਼ਕਤੀ ਦਾ ਪਤਾ ਲੱਗ ਜਾਵੇਗਾ | ਉਨ੍ਹਾਂ ਦੱਸਿਆ ਕਿ ਬਿਜਾਈ ਤੋਂ ਪਹਿਲਾਂ ਬੀਜ ਨੂੰ ਸਿਉਂਕ ਦੇ ਹਮਲੇ ਤੋਂ ਬਚਾਉਣ ਲਈ ਬੀਜ ਨੂੰ 1 ਗ੍ਰਾਮ ਕਰੁਜ਼ਰ ਜਾਂ 4 ਮਿਲੀਲੀਟਰ ਕਲੋਰੋਪਾਈਰਿਫਾਸ ਪ੍ਰਤੀ ਕਿਲੋ ਬੀਜ ਨੂੰ ਅਤੇ ਰੈਕਸਿਲ ਇਜੀ 13 ਮਿਲੀਲੀਟਰ ਦਵਾਈ ਨੂੰ 400 ਮਿਲੀਲੀਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਨੂੰ ਜਾਂ 120 ਗ੍ਰਾਮ ਵਿਟਾਬੈਕਸ ਪਾਵਰ ਜਾਂ 40 ਗ੍ਰਾਮ ਸੀਡੈਕਸ ਦਵਾਈ ਪ੍ਰਤੀ40 ਕਿਲੋਗਰਾਮ ਦੇ ਹਿਸਾਬ ਨਾਲ ਵਿਚੋਂ ਕਿਸੇ ਇਕ ਦਵਾਈ ਨਾਲ ਚੰਗੀ ਤਰ੍ਹਾਂ ਸੋਧ ਕੇ ਬਿਜਾਈ ਕਰਨ ਨਾਲ ਕੰਗਿਆਰੀ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਇਸ ਦੇ ਬਾਅਦ ਅਖੀਰ ਵਿੱਚ 500 ਗ੍ਰਾਮ ਕੋਨਸੋਰਸਿਆਮ ਜੀਵਾਣੂ ਖਾਦ ਦਾ ਟੀਕਾ ਇੱਕ ਲਿਟਰ ਪਾਣੀ ਵਿੱਚ ਮਿਲਾਕੇ ਕਣਕ ਦੇ ਪ੍ਰਤੀ ਏਕੜ ਬੀਜ ਵਿੱਚ ਮਿਲਾਨ ਨਾਲ ਝਾੜ ਵਧਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ।
Share the post "ਕਣਕ ਦੀ ਫਸਲ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਬਿਜਾਈ ਸੋਧ ਕੇ ਕੀਤੀ ਜਾਵੇ-ਡਾ. ਕੁਲਾਰ"