ਸੁਖਜਿੰਦਰ ਮਾਨ
ਬਠਿੰਡਾ, 17 ਮਾਰਚ: ਲੰਘੀ 10 ਮਾਰਚ ਨੂੰ ਆਏ ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ’ਚ ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਹਾਰਨ ਦੇ ਕਾਰਨਾਂ ਦਾ ਮੰਥਨ ਕਰਨ ਲਈ ਕਾਂਗਰਸ ਵਲੋਂ ਸੱਦੀ ਮੀਟਿੰਗ ’ਚ ਕਥਿਤ ਵਧੀਕੀਆਂ ਤੋਂ ਦੁਖ਼ੀ ਟਕਸਾਲੀ ਕਾਂਗਰਸੀ ਵਰਕਰਾਂ ਨੇ ਲੀਡਰਸ਼ਿਪ ਨੂੰ ਸ਼ੀਸ਼ਾ ਦਿਖਾਉਂਦਿਆਂ ਉਨ੍ਹਾਂ ਦੇ ਕੰਧਾੜੇ ’ਤੇ ਚੜ੍ਹ ਕੇ ਚੰਮ ਦੀਆਂ ਚਲਾਉਣ ਵਾਲਿਆਂ ਨੂੰ ਲੰਮੇ ਹੱਥੀ ਲਿਆ। ਇਹੀਂ ਨਹੀਂ ਲੰਮੇ ਸਮੇਂ ਬਾਅਦ ਸਥਾਨਕ ਕਾਂਗਰਸ ਭਵਨ ’ਚ ਇਕੱਠੇ ਹੋਏ ਕਾਂਗਰਸੀਆਂ ਨੇ ਮੀਟਿੰਗ ਦੌਰਾਨ ਨਿਗਮ ਦੀ ਮੇਅਰ ਤੇ ਹੋਰਨਾਂ ਦੀ ਚੋਣ ’ਤੇ ਵੀ ਉਗਲ ਚੁੱਕਦਿਆਂ ਇੱਕ ਕੋਸਲਰ ਨੇ ਹਾਲੇ ਵੀ ਗਲਤੀ ਸੁਧਾਰਨ ਦੀ ਅਪੀਲ ਕੀਤੀ। ਇੰਨ੍ਹਾਂ ਟਕਸਾਲੀ ਵਰਕਰਾਂ ਨੇ ਜਿੱਥੇ ਅਸਿੱਧੇ ਢੰਗ ਨਾਲ ਪਿਛਲੇ ਪੰਜ ਸਾਲਾਂ ’ਚ ਸੱਤਾ ਦਾ ਕੇਂਦਰ ਬਣੇ ਰਹੇ ਕੁੱਝ ਆਗੂਆਂ ਦੇ ਨਜਦੀਕੀਆਂ ਨੂੰ ਪਾਣੀ ਪੀ-ਪੀ ਕੇ ਕੋਸਿਆ, ਉਥੇ ਕਾਂਗਰਸੀ ਵਰਕਰਾਂ ਦੀ ਪੁਛ ਪੜਤਾਲ ਨਾ ਹੋਣ ਦਾ ਵੀ ਰੋਣਾ ਰੋਇਆ। ਉਜ ਇਹ ਵੀ ਪਤਾ ਲੱਗਿਆ ਹੈ ਕਿ ਮੀਟਿੰਗ ਦੌਰਾਨ ਵਰਕਰਾਂ ’ਚ ਵਧਦੀ ਤਲਖ਼ੀ ਭਾਪਦਿਆਂ ਨਗਰ ਨਿਗਮ ’ਚ ਨੰਬਰ ਦੋ ‘ਰੈਂਕ’ ਦੇ ਇੱਕ ਸੀਨੀਅਰ ਆਗੂ ਨੇ ਠੰਢਾ ਛਿੜਕਣ ਦਾ ਸੁਝਾਅ ਦਿੱਤਾ, ਜਿਸਨੂੰ ਕੋਲ ਬੈਠੇ ਇੱਕ ਆਗੂ ਤੋਂ ਇਲਾਵਾ ਕੁੱਝ ਵਰਕਰਾਂ ਨੇ ਰੱਦ ਕਰ ਦਿੱਤਾ। ਉਨ੍ਹਾਂ ਲੀਡਰਸ਼ਿਪ ਨੂੰ ਵਰਕਰਾਂ ਦੇ ਮਨ ਦੀਆਂ ਭਾਵਨਾਵਾਂ ਨੂੰ ਸੁਣਨ ਲਈ ਕਿਹਾ। ਪਤਾ ਲੱਗਿਆ ਹੈ ਕਿ ਗੁੱਸੇ ’ਚ ਭਰੇ ਪੀਤੇ ਇੱਕ ਸੀਨੀਅਰ ਆਗੂ ਨੇ ਤਾਂ ਬੇਅੰਤ ਸਿੰਘ ਸਮੇਂ ਦੇ ਕਾਂਗਰਸੀ ਵਰਕਰਾਂ ਨਾਲ ਪਿਛਲੇ ਪੰਜ ਸਾਲਾਂ ਦੌਰਾਨ ਹੋਏ ਪੱਖਪਾਤ ਨੂੰ ਨੰਗਾ ਕਰਦਿਆਂ ਕਿਹਾ ਕਿ ‘ਦਸ ਸਾਲ ਪਹਿਲਾਂ ਉਹ ਜਿੰਨ੍ਹਾਂ ਨਾਲ ਨੰਗੇ ਪਿੰਡੇਂ ਲੜਦੇ ਰਹੇ ਤੇ ਮੁੜ ਕਾਂਗਰਸ ਦੇ ਰਾਜ ’ਚ ਵੀ ਉਨ੍ਹਾਂ ਨੂੰ ਸਿਰ ’ਤੇ ਬਿਠਾ ਦਿੱਤਾ ਗਿਆ। ’ ਸ਼ਹਿਰ ਦੇ ਇੱਕ ਮਹਰੂਮ ਸੀਨੀਅਰ ਆਗੂ ਦੇ ਪੁੱਤਰ ਨੇ ਵੀ ਖੁੱਲ ਕੇ ਦਿਲ ਦੀ ਭੜਾਸ ਕੱਢਦਿਆਂ ਸਥਾਨਕ ਨਗਰ ਨਿਗਮ ’ਚ ਫ਼ੈਲੇ ਭਿ੍ਰਸਟਾਚਾਰ ਦਾ ਮੁੱਦਾ ਚੁੱਕਦਿਆਂ ਕੁੱਝ ਚਰਚਿਤ ਅਧਿਕਾਰੀਆਂ ’ਤੇ ਵੀ ਉਗਲ ਚੁੱਕੀ। ਇਸੇ ਤਰ੍ਹਾਂ ਇੱਕ ਸੀਨੀਅਰ ਵਰਕਰ ਨੇ ‘ ਹਰ ਖ਼ੂਨ ’ਚ ਵਫ਼ਾ ਨਹੀਂ ਹੁੰਦੀ ਬੁੱਲਿਆ, ਨਸਲਾ ਵੇਖ ਕੇ ਘਰ ਬਣਾਇਆ ਕਰ’ ਸ਼ੇਅਰ ਸੁਣਾ ਕੇ ਸੱਤਾ ਸਮੇਂ ਅੱਗੇ ਪਿੱਛੇ ਫ਼ਿਰਨ ਵਾਲਿਆਂ ’ਤੇ ਖੂੁਬ ਤਵੇ ਲਗਾਏ। ਗੱਲ ਇੱਥੈ ਹੀ ਖ਼ਤਮ ਨਹੀਂ ਹੋਈ, ਇੱਕ ਕੋਂਸਲਰ ਨੇ ਤਾਂ ਇਹ ਕਹਾਵਤ ਸੁਣਾ ਕੇ ਕਈਆਂ ਨੂੰ ਜਮੀਨ ਵੱਲ ਝਾਕਣ ਲਈ ਮਜਬੂਰ ਕਰ ਦਿੱਤਾ ਕਿ ‘‘ ਘਰਾਂ ’ਚ ਦਰੱਖਤ ਛਾਂ ਜਾਂ ਫ਼ਲ ਲੈਣ ਲਈ ਲਗਾਏ ਜਾਂਦੇ ਹਨ ਪਰ ਨਿਗਮ ’ਚ ਤਾਂ ਕਾਂਗਰਸ ਨੇ ਸੁੱਖੇ ਬੂਟੇ ਹੀ ਲਗਾ ਦਿੱਤੇ, ਜਿੰਨ੍ਹਾਂ ਦੀ ਥਾਂ ਹੁਣ ਟਕਸਾਲੀ ਰੂਪੀ ਛਾਂਦਾਰ ਬੂਟਿਆਂ ਨੂੰ ਲਗਾਉਣ ਦੀ ਜਰੂਰਤ ਹੈ। ’’ ਇੱਕ ਸੂਤਰ ਨੇ ਖ਼ੁਲਾਸਾ ਕੀਤਾ ਕਿ ਇਸ ਮੀਟਿੰਗ ਤੋਂ ਬਾਅਦ ਕੋਂਸਲਰਾਂ ਦੀ ਹੋਈ ਇੱਕ ਮੀਟਿੰਗ ਵਿਚ ਜ਼ਿਲ੍ਹੇ ਦੇ ਇੱਕ ਸਾਬਕਾ ਕਾਂਗਰਸੀ ਮੰਤਰੀ ਦੇ ਰਿਸ਼ਤੇਦਾਰ ਦੇ ਖ਼ਾਸਮਖ਼ਾਸ ਮੰਨੇ ਜਾਂਦੇ ਇੱਕ ਆਗੂ ਨੇ ਤਾਂ ਪੰਜਾਬ ਦੀ ਤਰਜ਼ ’ਤੇ ਨਿਗਮ ਵਿਚ ਬਦਲਾਅ ਲਿਆਉਣ ਦੀ ਵੀ ਮੰਗ ਰੱਖੀ। ਇਸੇ ਤਰ੍ਹਾਂ ਇੱਕ ਕਾਂਗਰਸੀ ਆਗੂ ਨੇ ਵਾਰ-ਵਾਰ ਬਠਿੰਡਾ ਦੇ ਵਿਕਾਸ ਦੇ ਚੁੱਕੇ ਜਾਣ ਵਾਲੇ ਮੁੱਦੇ ’ਤੇ ਕਟਾਸ ਕਰਦਿਆਂ ਕਿਹਾ ਕਿ ‘‘ ਇੰਨੇਂ ਵਿਕਾਸ ਦੇ ਬਾਅਦ ਤਾਂ ਸਾਨੂੰ ਵੋਟਾਂ ਮੰਗਣ ਜਾਣ ਦੀ ਵੀ ਲੋੜ ਨਹੀਂ ਸੀ। ’’ ਸੂਤਰਾਂ ਮੁਤਾਬਕ ਵਿਤ ਮੰਤਰੀ ਦੇ ਰਿਸ਼ਤੇਦਾਰਾਂ ਨੇ ਵਰਕਰਾਂ ਨੂੰ ਠੰਢੇ ਕਰਦਿਆਂ ਹਾਰ ’ਚ ਅਪਣੀ ਜਿੰਮੇਵਾਰੀ ਵੀ ਕਬੂਲੀ। ਇਸਤੋਂ ਇਲਾਵਾ ਬਾਦਲਾਂ ਦੇ ਰਲੇ ਹੋਣ ’ਤੇ ਮੁੱਦੇ ’ਤੇ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਵਲੋਂ ਲਗਾਏ ਦੋਸ਼ਾਂ ’ਤੇ ਵੀ ਉਨ੍ਹਾਂ ਸਫ਼ਾਈ ਦਿੱਤੀ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼ਹਿਰ ਦਾ ਵਿਕਾਸ ਹੋਇਆ ਹੈ ,ਉਹ ਰਿਕਾਰਡ ਹੈ, ਇਸ ਤਰ੍ਹਾਂ ਵਿਕਾਸ ਕੰਮ ਕੋਈ ਰਾਜਨੀਤਕ ਪਾਰਟੀ ਨਹੀਂ ਕਰਵਾ ਸਕੀ। ਇਸ ਮੌਕੇ ਅਸੋਕ ਪ੍ਰਧਾਨ ਨੇ ਦਾਅਵਾ ਕੀਤਾ ਕਿ ‘‘ ਵਿਧਾਨ ਸਭਾ ਚੋਣਾਂ ਦੇ ਨਤੀਜੇ ਬਦਲਾਵ ਕਰਕੇ ਆਏ ਹਨ ਇਸ ਵਿੱਚ ਕਾਂਗਰਸ ਪਾਰਟੀ ਜਾਂ ਹਾਈ ਕਮਾਂਡ ਦਾ ਕੋਈ ਕਸੂਰ ਨਹੀਂ।’’ ਜਦੋਂਕਿ ਦੋ ਦਿਨ ਪਹਿਲਾਂ ਨਗਰ ਸੁਧਾਰ ਟਰੱਸਟ ਦੀ ਚੇਅਰਮੈਨੀ ਛੱਡਣ ਵਾਲੇ ਕੇ ਕੇ ਅਗਰਵਾਲ ਨੇ ਮੁੜ ਟਕਸਾਲੀ ਕਾਂਗਰਸੀ ਵਰਕਰ ਨੂੰ ਜਿਉਂਦੇ ਰੱਖਣ ਦੀ ਲੋੜ ’ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਲੜਾਈ ਵਰਕਰਾਂ ਦੇ ਮੋਢਿਆਂ ਨਾਲ ਹੀ ਲੜੀ ਜਾਂਦੀ ਹੈ। ਹਾਲਾਂਕਿ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਨੇ ਅਪਣੇ ਠੰਢੇ ਮਿੱਠੇ ਸੁਭਾਅ ਮੁਤਾਬਕ ਮਨਪ੍ਰੀਤ ਸਿੰਘ ਬਾਦਲ ਤੇ ਜੈਜੀਤ ਸਿੰਘ ਜੌਹਲ ਵਲੋਂ ਕਰਵਾਏ ਵਿਕਾਸ ਕੰਮਾਂ ਦੀਆਂ ਤਰੀਫ਼ਾਂ ਦੇ ਪੁਲ ਬੰਨਦਿਆਂ ਵਰਕਰਾਂ ਨੂੰ ਮੁੜ ਇਕਜੁਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ।