ਮਲਿਕਾਰਜੁਨ ਖੜਗੇ ਤੇ ਸ਼ਸ਼ੀ ਥਰੂਰ ਦੀ ਕਿਸਮਤ ਹੋਈ ਪੇਟੀਆਂ ’ਚ ਬੰਦ, ਨਤੀਜ਼ੇ 19 ਨੂੰ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 17 ਅਕਤੂਬਰ: ਕਰੀਬ ਢਾਈ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਆਲ ਇੰਡੀਆ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਲਈ ਸ਼ੁਰੂ ਹੋਇਆ ਚੋਣ ਅਮਲ ਤਹਿਤ ਅੱਜ 95 ਫ਼ੀਸਦੀ ਡੈਲੀਗੇਟਾਂ ਨੇ ਅਪਣੀ ਵੋਟ ਦਾ ਇਸਤੇਮਾਲ ਕੀਤਾ। ਸਵੇਰੇ 10 ਵਜੇ ਸ਼ੁਰੂ ਹੋਇਆ ਚੋਣ ਅਮਲ ਪੂਰੀ ਤਰ੍ਹਾਂ ਸ਼ਾਂਤਪੂਰਵਕ ਰਿਹਾ। ਇੰਨ੍ਹਾਂ ਚੋਣਾਂ ਵਿਚ ਮੈਦਾਨ ਵਿਚ ਨਿੱਤਰੇ ਪਾਰਟੀ ਦੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਤੇ ਸ਼ਸ਼ੀ ਥਰੂਰ ਦੀ ਕਿਸਮਤ ਹੁਣ ਪੇਟੀਆਂ ’ਚ ਬੰਦ ਹੋ ਗਈ ਹੈ ਤੇ ਅੱਜ ਪਈਆਂ ਵੋਟਾਂ ਦੇ ਨਤੀਜ਼ੇ 19 ਅਕਤੂਬਰ ਨੂੰ ਐਲਾਨੇ ਜਾਣਗੇ। ਦਸਣਾ ਬਣਦਾ ਹੈ ਕਿ ਲੰਮੇ ਸਮੇਂ ਬਾਅਦ ਪਹਿਲੀ ਵਾਰ ਗਾਂਧੀ ਪ੍ਰਵਾਰ ਪਾਰਟੀ ਦੇ ਕੌਮੀ ਪ੍ਰਧਾਨ ਦੀ ਚੋਣ ਅਮਲ ਤੋਂ ਪਾਸੇ ਰਿਹਾ ਹੈ ਤੇ ਉਨ੍ਹਾਂ ਦੋਨਾਂ ਵਿਚੋਂ ਕਿਸੇ ਉਮੀਦਵਾਰ ਦੀ ਮੱਦਦ ਨਹੀਂ ਕੀਤੀ, ਉਜ ਚਰਚਾ ਮੁਤਾਬਕ ਸ਼੍ਰੀ ਖੜਗੇ ਨੂੰ ਅੰਦਰਖ਼ਾਤੇ ਗਾਂਧੀ ਪ੍ਰਵਾਰ ਦੇ ਨਜਦੀਕੀਆਂ ਦਾ ਸਮਰਥਨ ਰਿਹਾ ਹੈ। ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਵੋਟਾਂ ਪੈਣ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਸਮੂਹ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਦਸਿਆ ਕਿ ‘‘ਚੋਣ ਅਮਲ ਪੂਰੀ ਤਰ੍ਹਾਂ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਸਿਰੇ ਚੜ੍ਹਿਆ।’’ ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਦੇਸ ਦੇ ਵੱਖ ਵੱਖ ਹਿੱਸਿਆ ’ਚ ਲੱਗੇ ਪੋਲਿੰਗ ਬੂਥਾਂ ਵਿਚ ਕੁੱਲ 9900 ਡੈਲੀਗੇਟਾਂ ਵਿਚੋਂ 9500 ਨੇ ਵੋਟਾਂ ਪਾਈਆਂ।
ਕਾਂਗਰਸ ਦੇ ਕੌਮੀ ਪ੍ਰਧਾਨ ਦੀ ਲਈ 95 ਫ਼ੀਸਦੀ ਵੋਟਾਂ ਹੋਈ ਪੋਲਿੰਗ
15 Views